ਜਸਵਿੰਦਰ ਕੌਰ ਦੀ ਪ੍ਰਾਪਤੀ ਨੇ ਸੂਬੇ ਦਾ ਮਾਣ ਵਧਾਇਆ: ਮੀਤ ਹੇਅਰ
ਖੇਡ ਮੰਤਰੀ ਨੇ ਨੈੱਟਬਾਲ ‘ਚ ਬਾਉਲ ਵਿੰਨਰ ਤਗਮਾ ਲਿਆਉਣ ਵਾਲੀ ਧਨੌਲਾ ਖੁਰਦ ਦੀ ਜਸਵਿੰਦਰ ਨੂੰ ਦਿੱਤੀ ਮੁਬਾਰਕਬਾਦ
ਖੇਡ ਮੰਤਰੀ ਵੱਲੋਂ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਪਰਿਵਾਰ ਨੂੰ ਮਿਲ ਕੇ ਦਿੱਤੀ ਵਧਾਈ
ਹਰਿੰਦਰ ਨਿੱਕਾ , ਬਰਨਾਲਾ, 16 ਸਤੰਬਰ 2022
ਸਿੰਘਾਪੁਰ ‘ਚ 12ਵੀਂ ਨੈੱਟਬਾਲ ਏਸ਼ੀਅਨ ਚੈਂਪੀਅਨਸ਼ਿਪ ‘ਚ ਬਾਉਲ ਵਿੰਨਰ ਤਗਮਾ ਹਾਸਿਲ ਕਰਨ ਵਾਲੀ ਭਾਰਤੀ ਟੀਮ ਵਿਚ ਸ਼ਾਮਲ ਪੰਜਾਬ ਦੀ ਇਕਲੌਤੀ ਨੈੱਟਬਾਲ ਖਿਡਾਰਨ ਜਸਵਿੰਦਰ ਕੌਰ ਆਸ਼ੂ ਧਨੌਲਾ ਖੁਰਦ ਨੇ ਜਿੱਥੇ ਪੂਰੇ ਸੂਬੇ ਦਾ ਮਾਣ ਵਧਾਇਆ ਹੈ, ਉੱਥੇ ਜ਼ਿਲ੍ਹਾ ਬਰਨਾਲਾ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਚਮਕਾਇਆ ਹੈ।
ਇਹ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। ਉਨ੍ਹਾਂ ਜਿਥੇ ਬਰਨਾਲਾ ਪੁਲੀਸ ‘ਚ ਸੇਵਾਵਾਂ ਨਿਭਾਅ ਰਹੀ ਧਨੌਲਾ ਖੁਰਦ ਦੀ ਜੰਮਪਲ ਹੈੱਡ ਕਾਂਸਟੇਬਲ ਜਸਵਿੰਦਰ ਕੌਰ ਆਸ਼ੂ ਨੂੰ ਮੁਬਾਰਕਬਾਦ ਦਿੱਤੀ, ਉਥੇ ਕਿਹਾ ਕਿ ਅਨੇਕਾਂ ਔਕੜਾਂ ਦੇ ਬਾਵਜੂਦ ਨੈੱਟਬਾਲ ‘ਚ ਕੌਮਾਂਤਰੀ ਪੱਧਰ ‘ਤੇ ਮਾਣ ਹਾਸਿਲ ਕਰਨ ਵਾਲੀ ਜਸਵਿੰਦਰ ਪੰਜਾਬ ਦੀਆਂ ਹੋਰਨਾਂ ਲੜਕੀਆਂ ਤੇ ਖਿਡਾਰਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੁਨਰ ਤਰਾਸ਼ਣ ਲਈ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਲਈ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਆਉਂਦੇ ਸਮੇਂ ਨਵੀਂ ਖੇਡ ਨੀਤੀ ਵੀ ਲਿਆਂਦੀ ਜਾਵੇਗੀ।
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਖੇਡ ਮੰਤਰੀ ਦੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਵੱਲੋਂ ਜਸਵਿੰਦਰ ਕੌਰ ਨੂੰ ਉਨ੍ਹਾਂ ਦੇ ਪਿੰਡ ਧਨੌਲਾ ਖੁਰਦ ਜਾ ਕੇ ਮੁਬਾਰਕਬਾਦ ਦਿੱਤੀ ਗਈ ਅਤੇ ਆਉਂਦੇ ਸਮੇਂ ਵਿੱਚ ਵੀ ਕੌਮਾਂਤਰੀ ਮਾਣ ਹਾਸਲ ਕਰਨ ਵਾਸਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਵਰਨਣਯੋਗ ਹੈ ਕਿ ਪਿੰਡ ਧਨੌਲਾ ਖੁਰਦ ਦੀ ਜੰਮਪਲ ਜਸਵਿੰਦਰ ਕੌਰ ਪੁੱਤਰੀ ਜੋਗਿੰਦਰ ਸਿੰਘ ਬਰਨਾਲਾ ਪੁਲੀਸ ਲਾਈਨ ਵਿਖੇ ਹੈੱਡ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਹੀ ਹੈ। ਜਸਵਿੰਦਰ ਕੌਰ ਨੇ ਦੱਸਿਆ ਉਸ ਨੇ ਘਰ ਦੀਆਂ ਤੰਗੀਆਂ ਤਰੁੱਸ਼ੀਆਂ ਦੇ ਬਾਵਜੂਦ ਖੇਡ ਪ੍ਰਤੀ ਜਨੂੰਨ ਘਟਣ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਉਹ ਅੱਠਵੀਂ ਕਲਾਸ ਤੱਕ ਬੈਸਟ ਅਥਲੀਟ ਰਹੀ, ਜਿਸ ਨੇ ਕਿ ਨੌਵੀਂ ਕਲਾਸ ਤੋਂ ਨੈੱਟਬਾਲ ਖੇਡਣੀ ਸ਼ੁਰੂ ਕੀਤੀ। ਉਸ ਦੀ ਟੀਮ ਨੇ 2011-12 ‘ਚ ਨੈਸ਼ਨਲ ਖੇਡਾਂ ਵਿਚ ਬਰੌਨਜ਼ ਮੈਡਲ, 2013-14 ‘ਚ ਪਟਨਾ ਵਿਖੇ ਹੋਈਆਂ ਨੈਸ਼ਨਲ ਖੇਡਾਂ ‘ਚ ਸਿਲਵਰ ਮੈਡਲ, ਕੇਰਲਾ ਵਿਖੇ ਹੋਈਆਂ ਨੈਸ਼ਨਲ ਖੇਡਾਂ ‘ਚ ਤੀਜਾ ਸਥਾਨ ਹਾਸਿਲ ਕੀਤਾ। ਮਲੇਸ਼ੀਆ ਵਿਖੇ ਹੋਈਆਂ ਏਸ਼ੀਅਨ ਯੂਥ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ, 2014 ‘ਚ ਸਿੰਗਾਪੁਰ ‘ਚ ਨੌਵੀਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 2016 ਇਸ ਵਿੱਚ ਜਸਵਿੰਦਰ ਪੰਜਾਬ ਪੁਲੀਸ ਵਿੱਚ ਭਰਤੀ ਹੋਈ ਤੇ ਇਸ ਤੋਂ ਮਗਰੋਂ ਵੀ ਕੌਮੀ ਪੱਧਰ ‘ਤੇ ਲਗਾਤਾਰ ਜਿੱਤਾਂ ਹਾਸਲ ਕੀਤੀਆਂ। ਜਸਵਿੰਦਰ ਕੌਰ 15 ਦੇ ਕਰੀਬ ਸਟੇਟ ਅਤੇ 12 ਦੇ ਕਰੀਬ ਨੈਸ਼ਨਲ ਖੇਡ ਚੁੱਕੀ ਹੈ।
ਜਸਵਿੰਦਰ ਕੌਰ ਨੇ ਦੱਸਿਆ ਕਿ ਹੁਣ 3 ਤੋਂ 11 ਸਤੰਬਰ ਤਕ ਸਿੰਗਾਪੁਰ ਵਿਖੇ ਕੋਈ ਬਾਰ੍ਹਵੀਂ ਏਸ਼ੀਅਨ ਨੈੱਟਬਾਲ ਚੈਂਪੀਅਨਸ਼ਿਪ ਵਿਚ ਟੀਮ ਨੇ ਬਾਉਲ ਵਿੰਨਰ ਦਾ ਖਿਤਾਬ ਹਾਸਲ ਕੀਤਾ ਹੈ। ਓਹ ਭਾਰਤੀ ਟੀਮ ਵਿਚ ਚੁਣੀ ਜਾਣ ਵਾਲੀ ਪੰਜਾਬ ਦੀ ਇਕਲੌਤੀ ਖਿਡਾਰਨ ਹੈ। ਇਸ ਮੌਕੇ ਉਸ ਨੇ ਕਿਹਾ ਕਿ ਉਸ ਦੀ ਪ੍ਰਾਪਤੀ ਲਈ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਕਰਨ ਅਵਤਾਰ ਕਪਿਲ ਅਤੇ ਨੈੱਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਸ੍ਰੀ ਹਰੀ ਓਮ ਕੌਸ਼ਿਕ ਨੇ ਅਹਿਮ ਭੂਮਿਕਾ ਨਿਭਾਈ ਹੈ।