ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਜਾਨਵਰਾਂ ਦਾ ਨਸਲ ਸੁਧਾਰ ਪ੍ਰੋਗਰਾਮ ਸਰਕਾਰ ਦੀ ਤਰਜੀਹ-ਲਾਲਜੀਤ ਸਿੰਘ ਭੁੱਲਰ
ਫਾਜਿਲ਼ਕਾ, 28 ਅਗਸਤ (ਪੀ.ਟੀ.ਨੈਟਵਰਕ)
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਹਰ ਸੰਭਵ ਕੋਸਿ਼ਸ ਕਰ ਰਹੀ ਹੈ।
ਉਹ ਬੀਤੀ ਰਾਤ ਜਿ਼ਲ੍ਹੇ ਦੇ ਪਿੰਡ ਵੈਰੋਕੇ ਵਿਖੇ ਸ਼ੇਰਬਾਜ ਸਿੰਘ ਅਤੇ ਵਰਿੰਦਰ ਸਿੰਘ ਦੇ ਲਕਸ਼ਮੀ ਡੇਅਰੀ ਫਾਰਮ ਵੇਖਣ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਸ਼ੂ ਪਾਲਣ ਨਾ ਕੇਵਲ ਸਾਡੇ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਸਹਾਈ ਹੋ ਸਕਦਾ ਹੈ ਬਲਕਿ ਇਹ ਕਿੱਤਾ ਮਨੁੱਖੀ ਵਸੋਂ ਲਈ ਇਕ ਪੌਸ਼ਟਿਕ ਖੁਰਾਕ ਦੁੱਧ ਦੀ ਪੈਦਾਵਾਰ ਕਰਕੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਵੀ ਅਹਿਮ ਭੁਮਿਕਾ ਨਿਭਾਅ ਸਕਦਾ ਹੈ।
ਕੈਬਨਿਟ ਮੰਤਰੀ ਨੇ ਦੁਧਾਰੂ ਜਾਨਵਰਾਂ ਵਿਚ ਨਸਲ ਸੁਧਾਰ ਤੇ ਜ਼ੋਰ ਦਿੰਦਿਆਂ ਕਿਹਾ ਕਿ ਚੰਗੀ ਨਸ਼ਲ ਦੇ ਜਾਨਵਰਾਂ ਨਾਲ ਘੱਟ ਲਾਗਤ ਨਾਲ ਦੁੱਧ ਦੀ ਜਿਆਦਾ ਪੈਦਾਵਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਨਵਰਾਂ ਦੀ ਨਸਲ ਸੁਧਾਰ ਪ੍ਰੋਗਰਾਮ ਨੂੰ ਹੋਰ ਤਰਜੀਹੀ ਅਧਾਰ ਤੇ ਲਾਗੂ ਕਰੇਗੀ ਤਾਂ ਜ਼ੋ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਹੋਰ ਪ੍ਰਫੁਲਿਤ ਕੀਤਾ ਜਾ ਸਕੇ। ਇੱਥੇ ਜਿਕਰਯੋਗ ਹੈ ਕਿ ਲਕਸ਼ਮੀ ਡੇਅਰੀ ਫਾਰਮ ਤੋਂ ਉੱਚ ਕੁਆਲਟੀ ਦੇ ਜਾਨਵਰਾਂ ਦਾ ਸੀਮਨ ਦੇਸ਼ ਭਰ ਵਿਚ ਸਪਲਾਈ ਕੀਤਾ ਜਾਂਦਾ ਹੈ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ: ਲਾਲਜ਼ੀਤ ਸਿੰਘ ਭੁੱਲਰ ਨੇ ਆਖਿਆ ਕਿ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਬਣੇ ਉਤਪਾਦਾਂ ਦੀ ਵਿਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ ਕਿਉਂਕਿ ਇਹ ਮਨੁੱਖੀ ਸਿਹਤ ਲਈ ਤਾਂ ਨੁਕਸਾਨਦਾਇਕ ਹਨ ਹੀ, ਇਸ ਦੇ ਨਾਲ ਕਿਸਾਨਾਂ ਨੂੰ ਵੀ ਇਸੇ ਕਾਰਨ ਸੁੱਧ ਦੁੱਧ ਦੀ ਪੂਰੀ ਕੀਮਤ ਨਹੀਂ ਮਿਲਦੀ ਹੈ।ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੀ ਵਿਰਾਸਤ ਅਨੁਸਾਰ ਆਪਣੀ ਜਰੂਰਤ ਲਈ ਆਪਣੇ ਘਰ ਇਕ ਦੋ ਦੁਧਾਰੂ ਜਾਨਵਰ ਜਰੂਰ ਰੱਖਣ ਤਾਂ ਜ਼ੋ ਪਰਿਵਾਰ ਨੂੰ ਸਾਫ ਸੁਥਰਾ ਤੇ ਸੁੱਧ ਦੁੱਧ ਮਿਲ ਸਕੇ।