ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 4 ਮਈ 2020
ਵਿਵਾਦਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਉਸਦੇ ਕਰੀਬੀ ਸੰਗਰੂਰ ਦੇ ਥਾਣੇਦਾਰ ਬਲਕਾਰ ਸਿੰਘ ਸਮੇਤ ਪੁਲਿਸ ਨੇ 9 ਜ਼ਣਿਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਸਿੱਧੂ ਮੂਸੇਵਾਲਾ , ਕਰਮ ਸਿੰਘ ਲਹਿਲ ਸੰਗਰੂਰ, ਜੰਗਸ਼ੇਰ ਸਿੰਘ ਪਟਿਆਲਾ, ਇੰਦਰ ਗਰੇਵਾਲ ਅਤੇ ਸੰਗਰੂਰ ਦੇ ਏਐਸਆਈ ਬਲਕਾਰ ਸਿੰਘ, ਹੌਲਦਾਰ ਗਗਨਦੀਪ ਸਿੰਘ , ਹੌਲਦਾਰ ਗੁਰਜਿੰਦਰ ਸਿੰਘ ,ਸਿਪਾਹੀ ਜਸਵੀਰ ਅਤੇ ਹਰਵਿੰਦਰ ਸਿੰਘ ਸੰਗਰੂਰ ਨੇ ਪਿਛਲੇ ਦਿਨੀਂ ਬਡਬਰ ਪਿੰਡ ਦੇ ਖੇਤਾਂ ਚ, ਆਪਣੇ ਹੋਰ ਸਾਥੀਆਂ ਸਮੇਤ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਕੋਰੋਨਾ ਵਾਇਰਸ ਕਾਰਣ ਲਾਗੂ ਕਰਫਿਊ ਦੌਰਾਨ ਇਕੱਠੇ ਹੋ ਕੇ ਹੋਰ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ। ਇਸ ਲਈ ਉਕਤ ਸਾਰੇ ਦੋਸ਼ੀਆਂ ਦੇ ਖਿਲਾਫ ਥਾਣਾ ਧਨੌਲਾ ਵਿਖੇ ਅਧੀਨ ਜੁਰਮ 188 ਆਈਪੀਸੀ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਚ, ਕਿਹਾ ਕਿ ਫਿਲਹਾਲ ਦੋਸ਼ੀਆਂ ਦੇ ਖਿਲਾਫ ਇਹ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਦੌਰਾਨ ਏ ਤਫਤੀਸ਼ ਜੋ ਕੁਝ ਵੀ ਸਫਾ ਮਿਸਲ ਤੇ ਆਵੇਗਾ, ਉਸ ਅਨੁਸਾਰ ਦੋਸ਼ੀਆਂ ਦੇ ਵਿਰੁੱਧ ਜੁਰਮ ਚ, ਵਾਧਾ ਵੀ ਕੀਤਾ ਜਾਵੇਗਾ। ਉੱਧਰ ਕੇਸ ਦਰਜ਼ ਹੁੰਦਿਆਂ ਹੀ ਪੁਲਿਸ ਨੂੰ ਸ਼ੁਰੂਆਤੀ ਪੜਤਾਲ ਦੈਰਾਨ ਇਹ ਵੀ ਪਤਾ ਲੱਗਿਆ ਕਿ ਦੋਸ਼ੀ ਪੁਲਿਸ ਕਰਮਚਾਰੀ ਸੰਗਰੂਰ ਦੇ ਡੀਐਸਪੀ ਹੈਡਕੁਆਟਰ ਦਲਜੀਤ ਸਿੰਘ ਵਿਰਕ ਦੇ ਸੁਰੱਖਿਆ ਅਮਲੇ ਨਾਲ ਸਬੰਧਿਤ ਹਨ। ਇਹ ਪਤਾ ਲੱਗਦਿਆਂ ਹੀ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਡੀਐਸਪੀ ਦਲਜੀਤ ਸਿੰਘ ਵਿਰਕ ਤੇ ਉਸ ਦੀ ਸੁਰੱਖਿਆ ਅਮਲੇ ਚ, ਤਾਇਨਾਤ ਉਕਤ 5 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ।