ਪੁਲਿਸ ਦੇ ਪਹਿਰੇ ਹੇਠ ਸਿੱਧੂ ਮੂਸੇਵਾਲੇ ਨੇ ਕੀਤੇ ਏ.ਕੇ. 47 ਦੇ ਫਾਇਰ
ਖੇਤ ਦੇ ਗੁਆਂਢੀ ਕਰਮਜੀਤ ਨੇ ਕਿਹਾ, ਸ਼ਿਕਾਇਤ ਕੀਹਨੂੰ ਕਰਦੇ ਜਦੋਂ ਪੁਲਿਸ ਕੋਲ ਹੀ ਖੜ੍ਹੇ ਸੀ,,
ਹਰਿੰਦਰ ਨਿੱਕਾ ਬਰਨਾਲਾ 4 ਮਈ 2020
ਹਮੇਸ਼ਾ ਹੀ ਵਿਵਾਦਾਂ ਚ, ਘਿਰੇ ਰਹਿਣ ਵਾਲੇ ਪੰਜਾਬੀ ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਵੱਲੋਂ ਜਿਲ੍ਹੇ ਦੇ ਪਿੰਡ ਬਡਬਰ ਚ, ਬੇਖੌਫ ਢੰਗ ਨਾਲ ਏ.ਕੇ. 47 ਦੀਆਂ ਗੋਲੀਆਂ ਚਲਾਉਣ ਦੀ ਵੀਡੀਉ ਵਾਇਰਲ ਹੋਣ ਦੇ ਬਾਵਜੂਦ ਵੀ ਅਸਲਾ ਐਕਟ ਦੀ ਧਾਰਾ ਨਾ ਲਾ ਕੇ ਬਰਨਾਲਾ ਪੁਲਿਸ ਖੁਦ ਹੀ ਵਿਵਾਦਾਂ ਚ, ਘਿਰ ਗਈ। ਹਾਲਤ ਇਹ ਰਹੇ ਕਿ ਸਿੱਧੂ ਮੂਸੇਵਾਲਾ ਨੂੰ ਬਰਨਾਲਾ ਪੁਲਿਸ ਦੀ ਕਥਿਤ ਰਿਆਇਤ ਮੰਜੂਰ ਹੋਣ ਕਰਕੇ ਪਹਿਲਾਂ ਤਾਂ ਘਟਨਾ ਤੋਂ ਕਈ ਦਿਨ ਬਾਅਦ ਕੇਸ ਦਰਜ਼ ਕੀਤਾ ਗਿਆ। ਉਹ ਵੀ ਜਮਾਨਤ ਯੋਗ ਜੁਰਮ ਦੇ ਅਧੀਨ, ਜਿਸ ਨਾਲ ਫਿਲਹਾਲ ਉਹ ਪੁਲਿਸ ਦੀ ਗਿਰਫਤਾਰੀ ਤੋਂ ਬਚ ਹੀ ਗਿਆ। ਪੁਲਿਸ ਸੂਤਰਾਂ ਅਨੁਸਾਰ ਲੋਕਾਂ ਚ, ਹੋ ਰਹੀ ਫਜੀਹਤ ਤੋਂ ਬਾਅਦ ਹੁਣ ਪੁਲਿਸ ਨੇ ਜੁਰਮ ਚ, ਵਾਧਾ ਕਰਨ ਦਾ ਮਨ ਵੀ ਬਣਾ ਲਿਆ ਹੈ।
– ਮੂਸੇਵਾਲਾ ਗੋਲੀਆਂ ਚਲਾਉਂਦਾ ਰਿਹਾ, ਪੁਲਿਸ ਤੱਕਦੀ ਰਹੀ
ਘਟਨਾ ਦੇ ਚਸ਼ਮਦੀਦ ਕਰਮਜੀਤ ਸਿੰਘ ਨਿਵਾਸੀ ਬਡਬਰ, ਜਿਲ੍ਹਾ ਬਰਨਾਲਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਆਪਣੇ 25 / 30 ਸਾਥੀਆਂ ਸਣੇ ਅਪ੍ਰੈਲ ਮਹੀਨੇ ਦੇ ਅੰਤਿਮ ਦਿਨਾਂ ਚ, ਇੱਥੇ ਆਇਆ ਸੀ। ਉਦੋਂ ਉਸ ਦੇ ਨਾਲ ਪੁਲਿਸ ਵਰਦੀ ਵਿੱਚ 10/15 ਪੁਲਿਸ ਕਰਮਚਾਰੀਆਂ ਵੀ ਸਨ। ਉਨ੍ਹਾਂ ਨੇੜਲੇ ਟਿੱਬੇ ਤੇ ਇੱਕ ਬੁੱਤ ਬਣਾਇਆ, ਤੇ 2 ਦਰਜ਼ਨ ਤੋਂ ਵਧੇਰੇ ਗੋਲੀਆਂ ਚਲਾਈਆਂ। ਪੁਲਿਸ ਵਾਲੇ ਉਹਦੀ ਪਹਿਰਦਾਰੀ ਕਰਦੇ ਰਹੇ ਅਤੇ ਆਸ ਪਾਸ ਦੇ ਲੋਕਾਂ ਦਾ ਨੇੜਿਉਂ ਲੰਘਣਾ ਵੀ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ, ਉੱਥੇ ਰਾਇਫਲ ਰੇਂਜ ਚਲਾ ਰਹੇ ਰੋਬਿਨ ਸਿੰਘ ਦੇ ਫਾਰਮ ਹਾਉਸ ਤੇ ਵਾਪਰਿਆ। ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਨਾ ਦੇਣ ਬਾਰੇ ਪੁੱਛੇ ਸਵਾਲ ਦੇ ਜੁਆਬ ਚ, ਕਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਪੁਲਿਸ ਵਾਲੇ 15 ਜਣੇ ਉਹਦੇ ਨਾਲ ਸੀ, ਫਿਰ ਉਹ ਇਤਲਾਹ ਕੀਹਨੂੰ ਦਿੰਦੇ ! ਉਨ੍ਹਾਂ ਕਿਹਾ ਕਿ ਸਿੱਧੂ ਨੇ ਬੀਅਰ ਦੀਆਂ ਬੋਤਲਾਂ ਹਵਾ ਚ, ਲਹਿਰਾ ਕੇ ਵੀ ਉਨ੍ਹਾਂ ਤੇ ਗੋਲੀਆਂ ਦੇ ਨਿਸ਼ਾਨੇ ਵਿੰਨੇ ।
-ਸਿੱਧੂ ਵੱਲੋਂ ਵਰਤੀ ਏ.ਕੇ. 47 ਕਿਸ ਦੀ ਹੈ ?
ਸਿੱਧੂ ਮੂਸੇਵਾਲਾ ਦੁਆਰਾ ਵਰਤੀ ਏ.ਕੇ. 47 ਕਿਸ ਦੀ ਹੈ। ਇਹ ਸਵਾਲ ਵੀ ਲੋਕਾਂ ਲਈ ਬੁਝਾਰਤ ਅਤੇ ਪੁਲਿਸ ਲਈ ਪੜਤਾਲ ਦਾ ਵਿਸ਼ਾ ਬਣ ਗਿਆ ਹੈ। ਐਸਪੀ ਐਚ ਸੰਗਰੂਰ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਗੋਲੀਆਂ ਚਲਾਉਣ ਦੀ ਵਾਇਰਲ ਵੀਡੀਉ ਚ, ਖੜ੍ਹੇ 5 ਪੁਲਿਸ ਕਰਮਚਾਰੀਆਂ ਦੀ ਪਹਿਚਾਣ ਸੰਗਰੂਰ ਦੇ ਡੀਐਸਪੀ ਐਚ ਦਲਜੀਤ ਸਿੰਘ ਵਿਰਕ ਦੇ ਗੰਨਮੈਨਾਂ ਦੇ ਤੌਰ ਤੇ ਹੋਈ ਹੈ। ਜਿੰਨਾਂ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਘਟਨਾ ਸਮੇਂ ਵਰਤੀ ਏ.ਕੇ. 47 ਕਿਸ ਦੀ ਸੀ। ਉਨਾਂ ਕਿਹਾ ਕਿ ਡੀਐਸਪੀ ਵਿਰਕ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਸੰਗਰੂਰ ਜਿਲ੍ਹੇ ਦੇ ਇਸ ਘਟਨਾ ਨਾਲ ਜੁੜੇ ਪੁਲਿਸ ਵਾਲਿਆਂ ਦੀ ਵਿਭਾਗੀ ਜਾਂਚ ਵੀ ਹੋਵੇਗੀ। ਉੱਧਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗੱਲ ਸਾਫ ਹੈ ਕਿ ਏ.ਕੇ. 47 ਦਾ ਲਾਇਸੰਸ ਕਿਸੇ ਵੀ ਹਾਲਤ ਚ, ਵੀ ਨਹੀਂ ਬਣਦਾ, ਇਸ ਲਈ Prima Facie , ਪਹਿਲੀ ਨਜ਼ਰ ਚ, ਦੋਸ਼ੀਆਂ ਖਿਲਾਫ ਅਸਲਾ ਐਕਟ ਦੀ ਧਾਰਾ 25 ਜਰੂਰ ਲਾਉਣੀ ਬਣਦੀ ਸੀ।
-ਤਫਤੀਸ਼ ਤੋਂ ਬਾਅਦ ਜੁਰਮ ਚ, ਵਾਧਾ ਵੀ ਸੰਭਵ-ਐਸਐਸਪੀ ਗੋਇਲ
ਐਸਐਸਪੀ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਲਿਸ ਦੀ ਤਫਤੀਸ਼ ਜਾਰੀ ਹੈ। ਤਫਤੀਸ਼ ਦੌਰਾਨ ਤੱਥ ਸਾਹਮਣੇ ਆਉਣ ਤੇ ਦੋਸ਼ੀਆਂ ਖਿਲਾਫ ਜੁਰਮ ਚ, ਵਾਧਾ ਵੀ ਸੰਭਵ ਹੈ।