ਬਿੰਦਰ ਸਿੰਘ ਖੁੱਡੀ ਕਲਾਂ , ਮੋਬ:98786-05965
**ਕਈ ਥਾਈਂ ਪਟਾਕੇ ਚੱਲਣ ਦੀਆਂ ਖਬਰਾਂ।
ਬਰਨਾਲਾ: ਸਰਕਾਰ ਵੱਲੋਂ ਲਕਡਾਊਨ ਦੇ ਤੀਜੇ ਪੜ੍ਹਾਅ ਦੌਰਾਨ ਕੁੱਝ ਜਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸ਼ਰਤਾਂ ਨਾਲ ਉਦਯੋਗਿਕ ਇਕਾਈਆਂ ਖੋਲਣ ਦੀ ਪ੍ਰਵਾਨਗੀ ਦੇਣ ਦੇ ਨਾਲ ਨਾਲ ਕੁੱਝ ਨਸ਼ਿਆਂ ਦੀ ਵਿੱਕਰੀ ਦੀ ਵੀ ਪ੍ਰਵਾਨਗੀ ਦਿੱਤੀ ਗਈ।ਸ਼ਰਾਬ ਦੇ ਠੇਕੇ ਖੋਲਣ ਦੀ ਪ੍ਰਵਾਨਗੀ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਕਈ ਦਿਨ ਪਹਿਲਾਂ ਵੀ ਮੰਗੀ ਸੀ।ਬੇਸ਼ੱਕ ਉਸ ਸਮੇਂ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਸੀ।ਪਰ ਲਾਕਡਾਊਨ ਦੇ ਤੀਜੇ ਪੜ੍ਹਾਅ ਦੀਆਂ ਰਾਹਤਾਂ ਦੌਰਾਨ ਇਸ ਮੰਗ ਨੂੰੰ ਅਜਿਹਾ ਵਿਚਾਰਿਆ ਕਿ ਸ਼ਰਾਬੀਆਂ ਨੂੰ ਤਾਂ ਚਾਅ ਈ ਚੜ੍ਹ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਅੱਜ ਤਾਲਾਮੁਕਤੀ ਦੇ ਪਹਿਲੇ ਦਿਨ ਸ਼ਰਾਬ ਦੇ ਠੇਕਿਆਂ ਸਾਹਮਣੇ ਪਿਆਕੜਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ।ਬੇਸ਼ੱਕ ਅੱਜ ਮਿਲੀਆਂ ਰਾਹਤਾਂ ਦੀ ਥੋੜ੍ਹੀ ਜਿਹੀ ਰਾਹਤ ਤਾਂ ਸਮਾਜ ਦੇ ਹਰ ਵਰਗ ਨੇ ਹੀ ਮਹਿਸੂਸ ਕੀਤੀ ਕਿਉਂਕਿ ਜਿੱਥੇ ਖਰੀਦਦਾਰੀ ਦੇ ਬਹਾਨੇ ਬਿਨਾਂ ਕਿਸੇ ਕਰਫਿਊ ਪਾਸ ਦੇ ਬਾਹਰ ਨਿੱਕਲਣ ਦੀ ਆਜ਼ਾਦੀ ਮਿਲੀ ਉੱਥੇ ਕਈ ਲੋਕਾਂ ਨੇ ਘਰਾਂ ਲਈ ਜਰੂਰੀ ਵਸਤਾਂ ਦੀ ਖਰੀਦਦਾਰੀ ਵੀ ਕਰਨੀ ਸੀ।ਇਸ ਬਹਾਨੇ ਦੁਕਾਨਦਾਰਾਂ ਨੂੰ ਵੀ ਲੰਬੇ ਅਰਸੇ ਬਾਅਦ ਚਾਰ ਛਿੱਲੜ ਕਮਾਉਣ ਦਾ ਅਵਸਰ ਨਸੀਬ ਹੋਇਆ।
ਤਾਲਾਮੁਕਤੀ ਦੇ ਪਹਿਲੇ ਦਿਨ ਬੇਸ਼ੱਕ ਬਾਜਾਰਾਂ ‘ਚ ਕਾਫੀ ਚਹਿਲ ਪਹਿਲ ਵੇਖਣ ਨੂੰ ਮਿਲੀ ਪਰ ਜੋ ਨਜ਼ਾਰਾ ਸ਼ਰਾਬ ਦੇ ਠੇਕਿਆਂ ਸਾਹਮਣੇ ਸੀ ਉਹ ਤਾਂ ਸ਼ਾਇਦ ਕਿਸੇ ਜਰੂਰੀ ਤੋਂ ਜਰੂਰੀ ਵਸਤ ਦੀ ਵਿੱਕਰੀ ਕਰਨ ਵਾਲੀ ਦੁਕਾਨ ਸਾਹਮਣੇ ਵੀ ਨਹੀਂ ਸੀ।ਜਿਉਂ ਹੀ ਅੱਜ ਸਵੇਰੇ ਠੇਕਿਆਂ ਦੇ ਸ਼ਟਰ ਚੁੱਕੇ ਗਏ ਤਾਂ ਪੀਣ ਵਾਲਿਆਂ ਦੀ ਤਾਂ ਜਿਵੇਂ ਰੱਬ ਨੇ ਲੰਬੇ ਸਮਿਆਂ ਦੀ ਅਰਜ਼ੋਈ ਸੁਣ ਲਈ।ਪੀਣ ਦੇ ਸ਼ੌਕੀਨ ਚਾਈਂ ਚਾਈਂ ਠੇਕਿਆਂ ਸਾਹਮਣੇ ਜਮਾਂ ਹੋਣੇ ਸ਼ੁਰੂ ਹੋ ਗਏ।ਪਰ ਇਸ ਦੌਰਾਨ ਸ਼ਰਾਬੀਆਂ ਦੀ ਸਮਝਦਾਰੀ ਬੜੀ ਕਮਾਲ ਦੀ ਸੀ ਕਿ ਉਹਨਾਂ ਕੋਰੋਨਾ ਖਤਰੇ ਨੂੰ ਮਨੋਂ ਨਹੀਂ ਵਿਸਾਰਿਆ।ਸ਼ਰਾਬੀਆਂ ਨੇ ਇਕੱਠ ਕਰਨ ਦੀ ਬਜਾਏ ਬਕਾਇਦਾ ਕਤਾਰਾਂ ਬਣਾਈਆਂ ਹੋਈਆਂ ਸਨ।ਬੇਸੱਕ ਕਤਾਰ ਵਿੱਚ ਇੱਕ ਦੂਜੇ ਤੋਂ ਨਿਰਧਾਰਤ ਦੂਰੀ ਤਾਂ ਉਹ ਨਹੀਂ ਰੱਖ ਸਕੇ ਕਿਉਂਕਿ ਕੋਈ ਵੀ ਸ਼ਰਾਬੀ ਆਪਣੇ ਆਪ ਨੂੰ ਠੇਕੇ ਤੋਂ ਦੂਰ ਨਹੀਂ ਸੀ ਵੇਖਣਾ ਚਾਹੁੰਦਾ।ਹਰ ਸ਼ਰਾਬੀ ਇਹੋ ਵੇਖਣਾ ਚਾਹੁੰਦਾ ਸੀ ਕਿ ਉਸਦੀ ਵਾਰੀ ਆਈ ਕਿ ਆਈ।
ਤਕਰੀਬਨ ਮਹੀਨੇ ਭਰ ਤੋਂ ਲਾਲ ਪਰੀ ਨਾਲੋਂ ਪਏ ਵਿਛੋੜੇ ਉਪਰੰਤ ਅੱਜ ਹੋਏ ਮਿਲਾਪ ਦਾ ਸ਼ਰਾਬੀਆਂ ਨੂੰ ਕਈ ਥਾਈਂ ਇੰਨ੍ਹਾ ਜਿਆਦਾ ਚਾਅ ਚੜ੍ਹਿਆ ਕਿ ਉਹਨਾਂ ਖੁਸ਼ੀ ‘ਚ ਪਟਾਕੇਬਾਜ਼ੀ ਵੀ ਕੀਤੀ।ਕਈ ਥਾਈਂ ਪੁਲਿਸ ਵੱਲੋਂ ਸਖਤੀ ਕੀਤੇ ਜਾਣ ਦੀਆਂ ਵੀ ਖਬਰਾਂ ਹਨ।ਉਂਝ ਬੇਸ਼ੱਕ ਸਰਕਾਰਾਂ ਨੇ ਠੇਕਿਆਂ ਦੀ ਤਾਲਾਬੰਦੀ ਟੁੱਟਣ ‘ਤੇ ਭੰਗੜੇ ਨਹੀਂ ਪਾਏ।ਪਰ ਚਾਅ ਸਰਕਾਰਾਂ ਦਾ ਵੀ ਵੇਖਣ ਵਾਲਾ ਸੀ।ਠੇਕਿਆਂ ਸਾਹਮਣੇ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ ਸਰਕਾਰਾਂ ਨੂੰ ਟੈਕਸ ਆਮਦ ਦਾ ਵੱਡਾ ਧਰਵਾਸਾ ਦੇ ਰਹੀਆਂ ਸਨ।ਇਸ ਨੂੰ ਸਾਡੇ ਸਮਾਜ ਦਾ ਦੁਖਾਂਤ ਕਿਹਾ ਜਾਵੇ ਜਾਂ ਕੁੱਝ ਹੋਰ ਕਿ ਮਨੁੱਖੀ ਸਰੀਰ ਲਈ ਅੰਮ੍ਰਿਤ ਸਮਾਨ ਦੁੱਧ ਵਿਕਰੇਤਾ ਨੂੰ ਘਰ ਘਰ ਜਾ ਕੇ ਦੁੱਧ ਵੇਚਣਾ ਪੈਂਦਾ ਹੈ ਅਤੇ ਮਨੁੱਖੀ ਸਰੀਰ ਲਈ ਜ਼ਹਿਰ ਸਮਾਨ ਸ਼ਰਾਬ ਵੇਚਣ ਵਾਲੇ ਠੇਕੇਦਾਰ ਕੋਲ ਲੋਕ ਖੁਦ ਚੱਲ ਕੇ ਜਾਂਦੇ ਹਨ।ਸਾਡੀ ਪਿਆਕੜਾਂ ਨੂੰ ਇਹੋ ਅਪੀਲ ਹੈ ਕਿ ਲਾਲ ਪਰੀ ਦੀ ਖਰੀਦ ‘ਚ ਖੀਵੇ ਹੋ ਕੇ ਕਿਤੇ ਬੱਚਿਆਂ ਲਈ ਸਬਜੀ ਖਰੀਦਣੀ ਨਾਂ ਭੁੱਲ ਜਾਇਓ।ਆਰਥਿਕ ਮਾਹਿਰਾਂ ਵੱਲੋਂ ਕੋਰੋਨਾ ਕਹਿਰ ਕਾਰਨ ਆਮ ਲੋਕਾਂ ਦੀ ਖਰੀਦ ਸ਼ਕਤੀ ‘ਤੇ ਮਾੜਾ ਅਸਰ ਪੈਣ ਦੀਆਂ ਕਿਆਸ ਅਰਾਈਆਂ ਨੂੰ ਵੀ ਅੱਜ ਸ਼ਰਾਬ ਦੇ ਠੇਕਿਆਂ ਸਾਹਮਣੇ ਲੱਗੀਆਂ ਲੰਬੀਆਂ ਕਤਾਰਾਂ ਨੇ ਝੁਠਲਾ ਕੇ ਰੱਖ ਦਿੱਤਾ।