ਦਵਿੰਦਰ ਡੀ.ਕੇ. ਲੁਧਿਆਣਾ 24 ਅਗਸਤ 2022
ਅਨਾਜ਼ ਮੰਡੀ ਦੇ ਟ੍ਰਾਂਸਪੋਰਟੇਸ਼ਨ ਟੈਂਡਰ ‘ਚ ਕਰੋੜਾਂ ਰੁਪਏ ਦੇ ਘੁਟਾਲੇ ਦੇ ਦੋਸ਼ ‘ਚ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵੱਲੋਂ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਇੱਕ ਸੈਲੂਨ ਵਿੱਚੋਂ ਗਿਰਫਤਾਰ ਕੀਤੇ ਜਾਣ ਸਮੇਂ ਤਿੱਖਾ ਵਿਰੋਧ ਕਰਨ ਵਾਲੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਸਿਰ ਤੇ ਐਫ.ਆਈ.ਆਰ. ਦਰਜ਼ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਿਸ ਨਾਲ ਐਮ.ਪੀ. ਬਿੱਟੂ ਤੇ ਉਸਦੇ ਹੋਰ ਸਾਥੀਆਂ ਦੀਆਂ ਮੁਸ਼ਕਿਲਾਂ ਵਿੱਚ ਚੋਖਾ ਵਾਧਾ ਵੀ ਹੋ ਸਕਦਾ ਹੈ। ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਐਸਐਸਪੀ ਰਵਿੰਦਰਪਾਲ ਸਿੰਘ ਸਿੱਧੂ ਨੇ ਰਵਨੀਤ ਬਿੱਟੂ ਤੇ ਉਨਾਂ ਦੇ ਹੋਰ ਸਾਥੀਆਂ ਖਿਲਾਫ ਕੇਸ ਦਰਜ਼ ਕਰਨ ਲਈ ਲਿਖਤੀ ਸ਼ਕਾਇਤ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਭੇਜ ਦਿੱਤੀ ਹੈ। ਸ਼ਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਸੀ.ਪੀ. ਲੁਧਿਆਣਾ ਨੇ ਵੀ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਲੰਘੀ ਪਰਸੋਂ ਸ਼ਾਮ ਸਮੇਂ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਡੀਐਸਪੀ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲਿਸ ਪਾਰਟੀ, ਟੈਗੋਰ ਨਗਰ ਖੇਤਰ ‘ਚ ਸਥਿਤ ਸੈਲੂਨ ਤੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗਿਰਫਤਾਰ ਕਰਨ ਲਈ ਪਹੁੰਚੀ ਸੀ, ਉਦੋਂ ਉੱਥੇ ਮੌਜੂਦ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਵਿਜੀਲੈਂਸ ਟੀਮ ਦੇ ਅਧਿਕਾਰੀਆਂ ਨਾਲ ਕਾਫੀ ਦੁਰਵਿਵਹਾਰ ਕਰਕੇ, ਪੁਲਿਸ ਪਾਰਟੀ ਤੇ ਆਸ਼ੂ ਦੀ ਗਿਰਫਤਾਰੀ ਨੂੰ ਲੈ ਕੇ ਕਾਫੀ ਬਹਿਸਬਾਜੀ ਕਰਕੇ,ਪੁਲਿਸ ਦੇ ਕੰਮ ਵਿੱਚ ਕਥਿਤ ਤੌਰ ਤੇ ਅੜਿੱਕਾ ਖੜ੍ਹਾ ਕੀਤਾ ਸੀ ਅਤੇ ਤੈਸ਼ ਵਿੱਚ ਆਏ ਬਿੱਟੂ ਨੇ ਵਿਜੀਲੈਂਸ ਟੀਮ ਦੇ ਅਧਿਕਾਰੀਆਂ ਨੂੰ ਚੋਰ ਤੱਕ ਵੀ ਆਖ ਕੇ ਜਲੀਲ ਕੀਤਾ ਸੀ।
ਇਹ ਸਾਰਾ ਘਟਨਾਕ੍ਰਮ ਲਾਈਵ ਵੀ ਚੱਲ ਰਿਹਾ ਸੀ। ਆਖਿਰ ਵਿਜੀਲੈਂਸ ਟੀਮ ਆਸ਼ੂ ਨੂੰ ਗਿਰਫਤਾਰ ਕਰਕੇ ਲੈ ਜਾਣ ਵਿੱਚ ਤਾਂ ਸਫਲ ਹੋ ਹੀ ਗਈ ਸੀ। ਬਾਅਦ ਵਿੱਚ ਵਿਜੀਲੈਂਸ ਟੀਮ ਨੇ, ਆਸ਼ੂ ਦੀ ਗਿਰਫਤਾਰੀ ਸਮੇਂ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਅਤੇ ਦੁਰਵਿਵਹਾਰ ਕਰਨ ਜਿਹੇ ਦੋਸ਼ ਲਗਾ ਕੇ , ਐਸਐਸਪੀ ਵਿਜੀਲੈਂਸ ਨੂੰ ਸ਼ਕਾਇਤ ਦਿੱਤੀ ਸੀ, ਜਿੰਨ੍ਹਾਂ ਇਹੋ ਸ਼ਕਾਇਤ ਆਪਣੀ ਸਿਫਾਰਿਸ਼ ਸਹਿਤ ਕਮਿਸ਼ਨਰ ਪੁਲਿਸ ਨੂੰ ਭੇਜ ਦਿੱਤੀ ਹੈ। ਉੱਧਰ ਕਮਿਸ਼ਨਰ ਪੁਲਿਸ ਕੌਸਤੁਭ ਸ਼ਰਮਾ ਨੇ ਪੁੱਛਣ ਤੇ ਸ਼ਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸ਼ਕਾਇਤ ਨੂੰ ਕਾਨੂੰਨੀ ਸਲਾਹ ਲੈਣ ਲਈ ਭੇਜਿਆ ਗਿਆ ਹੈ, ਕਾਨੂੰਨੀ ਰਾਇ ਪ੍ਰਾਪਤ ਹੋਣ ਉਪਰੰਤ, ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।