ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ’ਚ ਸਹੂਲਤਾਂ ਅਤੇ ਸੇਵਾਵਾਂ ਦਾ ਲਿਆ ਜਾਇਜ਼ਾ
ਮਰੀਜ਼ਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਦਿਵਾਉਣ ਲਈ ਕਾਉਂਸਲਿੰਗ ਸੇਵਾਵਾਂ ਬਿਹਤਰ ਕਰਨ ’ਤੇ ਦਿੱਤਾ ਜ਼ੋਰ
ਰਘਵੀਰ ਹੈਪੀ/ ਅਦੀਸ਼ ਗੋਇਲ , ਬਰਨਾਲਾ, 24 ਅਗਸਤ 2022
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਅੱਜ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਾਸ ਤੌਰ ’ਤੇ ਸਿਵਲ ਹਸਪਤਾਲ ’ਚ ਬਣੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਸਾਫ-ਸਫਾਈ ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਨਸ਼ਾ ਛੁਡਾਊ ਕੇਂਦਰ ਦੇ ਸਾਰੇ ਵਾਰਡਾਂ ਦਾ ਦੌਰਾ ਕਰ ਕੇ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਾ ਛੱਡਣ ਲਈ ਮਰੀਜ਼ਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ, ਇਸ ਲਈ ਮਰੀਜ਼ਾਂ ਦੀ ਕਾਉਂਸਲਿੰਗ ’ਤੇ ਹੋਰ ਜ਼ਿਆਦਾ ਜ਼ੋਰ ਦਿੱਤਾ ਜਾਵੇ। ਇਸ ਮੌਕੇ ਉਨਾਂ ਓਟ ਕਲੀਨਿਕ ’ਚ ਦਵਾਈ ਲੈਣ ਆਏ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨਾਂ ਨੂੰ ਹਸਪਤਾਲ ’ਚ ਮਿਲਦੀਆਂ ਸੇਵਾਵਾਂ ਬਾਰੇ ਗੱਲਬਾਤ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਔਲਖ ਨੇ ਦੱਸਿਆ ਕਿ ਮਰੀਜ਼ਾਂ ਲਈ ਕਾਊਂਸਲਿੰਗ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਤੋਂ ਇਲਾਵਾ 15 ਓਟ ਕਲੀਨਿਕ ਚੱਲ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ, ਐਸਐਮਓ ਤਪਿੰਦਰਜੋਤ ਕੌਸ਼ਲ, ਡਾ. ਲਿਪਸੀ ਮੋਦੀ, ਡਾ. ਗਗਨ ਤੇ ਹੋਰ ਅਧਿਕਾਰੀ ਅਤੇ ਸਟਾਫ ਹਾਜ਼ਰ ਸੀ।