ਬਰਨਾਲਾ ‘ਚ ਹਰਿਆਵਲ ਵਧਾਉਣ ਅਤੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਤਨ ਜਾਰੀ: ਡਿਪਟੀ ਕਮਿਸ਼ਨਰ
ਬਰਨਾਲਾ, 23 ਅਗਸਤ (ਰਵੀ ਸੈਣ)
ਜ਼ਿਲ੍ਹਾ ਬਰਨਾਲਾ ਵਿਚ ਹਰਿਆਵਲ ਵਧਾਉਣ ਲਈ ਅਤੇ ਧਰਤੀ ਹੇਠਲੇ ਡਿਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰੰਤਰ ਕਾਰਜ ਕੀਤੇ ਜਾ ਰਹੇ ਹਨ। ਇਹ ਸਾਰੇ ਕੰਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ।
ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਇਸ ਸਬੰਧੀ ਬੁਲਾਈ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਹਰਿਆਵਲ ਵਧਾਉਣ ਲਈ ਵਿਆਪਕ ਪੱਧਰ ਉੱਤੇ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸਰਕਾਰੀ ਸਕੂਲਾਂ, ਪੰਚਾਇਤੀ ਜ਼ਮੀਨਾਂ, ਖਾਲੀ ਪਈਆਂ ਸਰਕਾਰੀ ਥਾਵਾਂ ਆਦਿ ਉੱਤੇ ਪੌਦੇ ਲਗਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਹੁਣ ਤੱਕ 2.64 ਲੱਖ ਪੌਦੇ ਵੱਖ ਵੱਖ ਥਾਵਾਂ ਉੱਤੇ ਲਗਾਏ ਜਾ ਚੁੱਕੇ ਹਨ। ਪਿੰਡ ਤਾਜੋਕੇ ਅਤੇ ਜੰਗੀਆਣਾ ਵਿਖੇ ਫਲਦਾਰ ਪੌਦੇ ਲਗਾ ਕੇ ਜੰਗਲ ਬਣਾਏ ਜਾ ਰਹੇ ਹਨ। ਇਸ ਮੁਹਿੰਮ ਦਾ ਨੋਡਲ ਅਫਸਰ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਕੇਵਲ ਸਰਕਾਰੀ ਸਕੂਲਾਂ ‘ਚ ਹੀ ਹੁਣ ਤੱਕ 1.97 ਲੱਖ ਪੌਦੇ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਅਤੇ ਪੰਚਾਇਤੀ ਵਿਭਾਗ ਵਲੋਂ ਵੀ ਪੌਦੇ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਪਿੰਡ ਕੁਰੜ ਵਿਖੇ 4.5 ਏਕੜ ਜ਼ਮੀਨ ਉੱਤੇ ਫਲਾਦਾਰ ਪੌਦੇ ਲਗਾਏ ਜਾ ਰਹੇ ਹਨ। ਨਾਲ ਹੀ ਨਗਰ ਕਾਉਂਸਿਲ ਬਰਨਾਲਾ ਦੀ ਰਾਏਕੋਟ ਰੋਡ ਵਿਖੇ ਪਈ 6 ਏਕੜ ਜ਼ਮੀਨ ਉੱਤੇ ਵੀ ਪੌਦੇ ਲਗਾਏ ਜਾ ਰਹੇ ਹਨ। ਸਿਖਿਆ ਵਿਭਾਗ ਵਲੋਂ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣ ਲਈ ਰੀਚਾਰਜਿੰਗ ਪਿਟਸ ਬਣਾਏ ਜਾ ਰਹੇ ਹਨ। ਕੁੱਲ 249 ਸਕੂਲਾਂ ‘ਚ ਇਹ ਪਿਟਸ ਬਣਾਉਣੇ ਹਨ, ਜਿਨ੍ਹਾਂ ਵਿਚੋਂ 182 ਸਰਕਾਰੀ ਸਕੂਲ ਅਤੇ 87 ਗੈਰ ਸਰਕਾਰੀ ਸਕੂਲ ‘ਚ ਬਣ ਰਹੇ ਹਨ। ਇਨ੍ਹਾਂ ਵਿਚੋਂ 56 ਸਰਕਾਰੀ ਸਕੂਲਾਂ ਅਤੇ 31 ਗੈਰ ਸਰਕਾਰੀ ਸਕੂਲਾਂ ਚ ਇਹ ਪਿਟਸ ਬਣਾਏ ਜਾ ਚੁੱਕੇ ਹਨ ਅਤੇ ਬਾਕੀਆਂ ‘ਚ ਕੰਮ ਜਾਰੀ ਹੈ। ਬੈਠਕ ‘ਚ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ, ਜ਼ਿਲ੍ਹਾ ਸਿਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
One thought on “ਬਰਨਾਲਾ ‘ਚ ਹਰਿਆਵਲ ਵਧਾਉਣ ਅਤੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਤਨ ਜਾਰੀ: ਡਿਪਟੀ ਕਮਿਸ਼ਨਰ”
Comments are closed.