ਦਲਿਤ ਵਿਦਿਆਰਥੀ ਇੰਦਰ ਮੇਘਵਾਲ ਨੂੰ ਇਨਸਾਫ਼ ਦੇਣ ਦੀ ਮੰਗ
ਰਘਵੀਰ ਹੈਪੀ , ਬਰਨਾਲਾ 20 ਅਗਸਤ 2022
ਬਰਨਾਲਾ ਜਿਲ੍ਹੇ ਨਾਲ ਸਬੰਧਿਤ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਬਰਨਾਲਾ ਰੇਲਵੇ ਸਟੇਸ਼ਨ ਵਿਖੇ ਇਕੱਠੇ ਹੋਕੇ ਸਦਰ ਬਜ਼ਾਰ ਰਾਹੀਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਬਿਲਕੀਸ ਬਾਨੋ ਸਮੂਹਿਕ ਜਬਰ ਜਿਨਾਹ ਅਤੇ ਕਤਲ ਦੇ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਰਿਹਾਅ ਕਰਨ ਖਿਲਾਫ਼ “ਇਨਸਾਫ਼ ਮਾਰਚ” ਕੀਤਾ ਗਿਆ। ਇਸ ਇਨਸਾਫ਼ ਮਾਰਚ ਵਿੱਚ ਬੁਲਾਰੇ ਆਗੂਆਂ ਨਰਾਇਣ ਦੱਤ, ਪੑਿਤਪਾਲ ਸਿੰਘ ਬਠਿੰਡਾ, ਚਰਨਜੀਤ ਕੌਰ ਨੇ ਕਿਹਾ ਕਿ ਬਿਲਕੀਸ ਬਾਨੋ ਦੇ ਸਮੂਹਿਕ ਜਬਰ ਜਿਨਾਹ ਤੇ ਕਾਤਲਾਂ ਦੇ 11 ਮੈਂਬਰੀ ਗੁਜਰਾਤੀ ਗੁੰਡਾ-ਗਰੋਹ ਦੀ ਸਜ਼ਾ ਮੁਆਫ਼ੀ ਦਾ ਫੈਸਲਾ ਰੱਦ ਕੀਤਾ ਜਾਵੇ। ਆਗੂਆਂ ਮੋਦੀ ਹਕੂਮਤ ਵੱਲੋਂ ਦੋਹਰੇ ਪੈਮਾਨੇ ਅਪਨਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਬਲਾਤਕਾਰੀਆਂ/ਕਾਤਲਾਂ ਦੀਆਂ ਸਜਾਵਾਂ ਰੱਦ ਕਰਕੇ ਰਿਹਾਅ ਕੀਤਾ ਜਾ ਰਿਹਾ, ਦੂਜੇ ਪਾਸੇ ਬੁੱਧੀਜੀਵੀਆਂ,ਸਮਾਜਿਕ ਕਾਰਕੁਨਾਂ,ਦਲਿਤ ਚਿੰਤਕਾਂ, ਵਕੀਲਾਂ ਨੂੰ ਦੇਸ਼ ਧੑੋਹ ਵਰਗੇ ਮੁਕੱਦਮੇ ਦਰਜ ਕਰਕੇ ਸਾਲਾਂ ਬੱਧੀ ਸਮੇਂ ਤੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੈਦ ਕੀਤਾ ਹੋਇਆ ਹੈ। ਆਗੂਆਂ ਨੇ ਬਿਲਕਿਸ ਬਾਨੋ ਵੱਲੋਂ ਇਨਸਾਫ਼ ਲਈ ਲੜੀ ਗਈ 20 ਸਾਲਾ ਲੜਾਈ ਨਾਲ ਇੱਕਮੁੱਠਤਾ ਪਰਗਟ ਕੀਤੀ।
ਪੑੇਮਪਾਲ ਕੌਰ, ਜਗਰਾਜ ਟੱਲੇਵਾਲ ਆਗੂਆਂ ਕਿਹਾ ਕਿ ਇਹ ਫੈਸਲਾ ਬਲਾਤਕਾਰ ਦੇ ਸਾਰੇ ਹੀ ਪੀੜਤਾਂ ਦੁਆਰਾ ਨਿਆਂ ਹਾਸਲ ਕਰਨ ਲਈ ਲੜੀ ਜਾ ਰਹੀ ਲੜਾਈ ‘ਤੇ ਘਾਤਕ ਅਸਰ ਪਾਵੇਗਾ। ਬੁਲਾਰਿਆਂ ਨੇ ਭਾਰਤ ਦੀ ਸੁਪਰੀਮ ਕੋਰਟ ਨੂੰ ਇਸ ਗੰਭੀਰ ਅਨਿਆਂਕਾਰੀ ਫੈਸਲੇ ਨੂੰ ਤੁਰੰਤ ਰੱਦ ਕਰਨ ਲਈ ਕਿਹਾ। ਬੁਲਾਰੇ ਆਗੂਆਂ ਖੁਸ਼ੀਆ ਸਿੰਘ,ਡਾ ਰਜਿੰਦਰ ਪਾਲ,ਮਾ ਮਨੋਹਰ ਲਾਲ, ਸੋਹਣ ਸਿੰਘ ਮਾਝੀ, ਗੁਰਪ੍ਰੀਤ ਸਿੰਘ ਰੂੜੇਕੇ ਨੇ ਸਾਰੇ ਨਾਗਰਿਕਾਂ ਨੂੰ ਜਬਰ ਜਿਨਾਹ ਦੇ ਸਾਰੇ ਪੀੜਤਾਂ ਦੇ ਸਮਰਥਨ ਵਿੱਚ ਅੱਗੇ ਆਉਣ ਦਾ ਹੋਕਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਦਾ ਫਿਰਕੂ ਫਾਸ਼ੀਵਾਦੀ ਹੱਲਾ ਕਿਸੇ ਇੱਕ ਵਿਸ਼ੇਸ਼ ਘੱਟ ਗਿਣਤੀ ਦੇ ਖਿਲਾਫ਼ ਨਹੀਂ ਹੈ, ਸਗੋਂ ਇਹ ਹੱਲਾ ਦਲਿਤਾਂ ਖਿਲਾਫ਼ ਵੀ ਉਸੇ ਰਫਤਾਰ ਨਾਲ ਸੇਧਤ ਹੈ। ਇੰਦਰ ਮੇਘਵਾਲ ਦਲਿਤ ਵਿਦਿਆਰਥੀ ਨੂੰ ਸਿਰਫ਼ ਉੱਚ ਜਾਤੀ ਅਧਿਆਪਕ ਦੇ ਪਾਣੀ ਵਾਲਾ ਘੜਾ ਛੂਹਣ ਦੀ ਸਜ਼ਾ ਉੱਚ ਬ੍ਰਾਹਮਣਵਾਦੀ ਮਨੂੰਵਾਦੀ ਸੋਚ ਦੀ ਪੈਦਾਵਾਰ ਹੈ। ਅਖੌਤੀ ਆਜ਼ਾਦੀ ਦੇ 75 ਸਾਲ ਬੀਤ ਜਾਣ ਬਾਅਦ ਵੀ ਦਲਿਤਾਂ ਨੂੰ ਪੈਰ ਪੈਰ ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮੋਦੀ ਹਕੂਮਤ ਨੂੰ ਬਿਲਕੀਸ ਬਾਨੋ ਸਮੂਹਿਕ ਜਬਰ ਜਿਨਾਹ ਤੇ ਕਤਲ ਦੇ ਰਿਹਾਅ ਕੀਤੇ ਦੋਸ਼ੀਆਂ ਦੀ ਰਿਹਾਈ ਦੇ ਹੁਕਮ ਰੱਦ ਕਰਕੇ ਤਾ-ਉੁਮਰ ਜੇਲ੍ਹ ਵਿੱਚ ਬੰਦ ਕਰਨ, ਦਲਿਤਾਂ ਉੱਪਰ ਜਬਰ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ।ਸਟੇਜ ਸਕੱਤਰ ਦੇ ਫਰਜ ਮਨਪ੍ਰੀਤ ਕੌਰ ਦੀਵਾਨਾ ਨੇ ਬਾਖੂਬੀ ਨਿਭਾਏ। ਇਸ ਸਮੇਂ ਗੁਰਮੀਤ ਸੁਖਪੁਰਾ, ਰਾਜੀਵ ਕੁਮਾਰ, ਅਨਿਲ ਕੁਮਾਰ, ਮੋਹਣ ਸਿੰਘ, ਕੁਲਵੀਰ ਸਿੰਘ ਔਲਖ, ਨਿਰਮਲ ਸਿੰਘ ਚੁਹਾਣਕੇ , ਕਿਰਨਜੀਤ ਕੌਰ,ਹਾਕਮ ਸਿੰਘ ਨੂਰ ਆਦਿ ਆਗੂ ਵੀ ਹਾਜਰ ਸਨ।