ਹਰਿੰਦਰ ਨਿੱਕਾ , ਬਰਨਾਲਾ 25 ਜੁਲਾਈ 2022
ਸੰਸਾਰ ਬੈਂਕ ਤੋਂ ਪਾਣੀ ਬਚਾਓ ਖੇਤੀ ਬਚਾਓ ਮੁਹਿੰਮ ਦੇ ਤਹਿਤ ਅੱਜ ਬਰਨਾਲਾ ਨੇੜੇ ਟਰਾਈਡੈਂਟ ਕੰਪਨੀ ਦੀ ਫੈਕਟਰੀ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 21 ਜੁਲਾਈ ਤੋਂ ਲੱਗੇ ਮੋਰਚੇ ਦੇ ਆਖ਼ਰੀ ਦਿਨ ਹਜ਼ਾਰਾਂ ਕਿਸਾਨ ਮਜ਼ਦੂਰ ਔਰਤਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ । ਸੂਬਾ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਕਿਸਾਨਾਂ ਵਲੋਂ ਸਿਰਾਂ ਤੇ ਬਸੰਤੀ ਪੱਗਾਂ ਅਤੇ ਔਰਤਾਂ ਵੱਲੋਂ ਬਸੰਤੀ ਚੁੰਨੀਆਂ ਲੈ ਕੇ ਆਉਣ ਕਾਰਨ ਸਾਰਾ ਪੰਡਾਲ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਸੀ ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਵਿੱਚ ਬਣੀਆਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਮਾਨ ਸਰਕਾਰ ਵੀ ਸੰਸਾਰ ਬੈਂਕ ਦੇ ਹੁਕਮਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਪਾਣੀਆਂ ਤੇ ਕਬਜ਼ਾ ਕਰਵਾਉਣ ਲਈ ਦੋ ਕਦਮ ਅੱਗੇ ਹੋ ਕੇ ਚੱਲ ਰਹੀ ਹੈ ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਮੰਨਿਆ ਹੈ ਕਿ ਸੂਬਾ ਭਾਰੀ ਧਾਤਾਂ, ਆਰਸੈਨਿਕ, ਫਲੋਰਾਈਡ, ਆਇਰਨ, ਯੂਰੇਨੀਅਮ, ਟੀ.ਡੀ.ਐਸ. ਵਰਗੇ ਪਾਣੀ ਦੀ ਗੁਣਵੱਤਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਕਾਰਪੋਰੇਟ ਘਰਾਣਿਆਂ ਦੀਆ ਜ਼ਹਿਰੀਲਾ ਪਾਣੀ ਧਰਤੀ ਤੇ ਦਰਿਆਵਾਂ ਵਿੱਚ ਸੁੱਟ ਕੇ ਪਾਣੀ ਨੂੰ ਜ਼ਹਿਰੀਲਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਬਾਰੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੇ ਬਹਾਨੇ ਪਾਣੀ ਨੂੰ ਵਪਾਰਕ ਵਸਤੂ ਬਣਾ ਕੇ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਵੱਲੋਂ ਪਾਣੀ ਵੇਚ ਕੇ ਪਾਣੀਆਂ ਤੋਂ ਵੱਡੇ ਮੁਨਾਫ਼ੇ ਖੱਟਣ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ । ਜਿਸ ਦੌਰਾਨ ਲੁਧਿਆਣਾ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਤੋਂ ਇਲਾਵਾ ਤਰਨਤਾਰਨ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਸ਼ਹਿਰ ਆਨੰਦਪੁਰ ਸਾਹਿਬ ਵਰਗੇ ਸ਼ਹਿਰਾਂ ਵਿੱਚ ਕੰਪਨੀਆਂ ਵਲੋਂ ਪਾਣੀ ਸਪਲਾਈ ਕਰਨ ਲਈਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ।
ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਅਤੇ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਪਿਛਲੀਆਂ ਸਰਕਾਰਾਂ ਵੱਲੋਂ ਪਾਣੀਆਂ ਸਬੰਧੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰੇ।ਸਰਕਾਰ ਨਾਲ ਕੰਪਨੀਆਂ ਨਾਲ ਕੀਤੇ ਸਮਝੌਤੇ ਤਹਿਤ ਕੰਪਨੀਆਂ ਵੱਲੋਂ ਚੱਲ ਰਹੇ ਪ੍ਰੋਜੈਕਟ ਦੇ ਸਮਝੌਤੇ ਰੱਦ ਕੀਤੇ ਜਾਣ ਅਤੇ ਲੋਕਾਂ ਨੂੰ ਸ਼ੁੱਧ ਤੇ ਸਾਫ ਪਾਣੀ ਮੁਫ਼ਤ ਦੇਣ ਲਈ ਜਲ ਘਰਾਂ ਦੇ ਪੁਰਾਣੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਸਰਕਾਰੀ ਭਰਤੀ ਸ਼ੁਰੂ ਕੀਤੀ ਜਾਵੇ । ਫੈਕਟਰੀਆਂ ਵਲੋਂ ਜ਼ਹਿਰੀਲਾ ਪਾਣੀ ਧਰਤੀ ਅਤੇ ਦਰਿਆਵਾਂ ਵਿੱਚ ਸੁੱਟਣਾ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਪਾਣੀ ਨੂੰ ਜ਼ਹਿਰੀਲਾ ਕਰਨ ਵਾਲੀਆਂ ਫੈਕਟਰੀਆਂ ਦੇ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਔਰਤ ਜਥੇਬੰਦੀ ਦੇ ਆਗੂ ਸਰੋਜ ਦਿਆਲਪੁਰਾ,ਮਨਜੀਤ ਕੌਰ ਕਾਹਨੇ ਕੇ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਲੋਕਾਂ ਲਈ ਆਪ ਤਬਾਹ ਹੋ ਰਹੇ ਹੜ੍ਹਾਂ ਦੇ ਪਾਣੀ ਅਤੇ ਅਜਾਈਂ ਜਾ ਰਹੇ ਦਰਿਆਵਾਂ ਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾਵੇ ਤੇ ਫਾਲਤੂ ਪਾਣੀ ਧਰਤੀ ਵਿੱਚ ਰੀਚਾਰਜ ਕੀਤਾ ਜਾਵੇ । ਨਹਿਰਾਂ ਰਜਵਾਹਿਆਂ ਦੀ ਮੁਰੰਮਤ ਕੀਤੀ ਜਾਵੇ ਅਤੇ ਲੋੜ ਅਨੁਸਾਰ ਹੋਰ ਨਹਿਰਾਂ ਕੱਢ ਕੇ ਸਾਰੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ ।
ਮੋਰਚੇ ਦੇ ਦਬਾਅ ਤਹਿਤ ਫੈਕਟਰੀ ਦੇ ਮਾਲਕ ਰਾਜਿੰਦਰ ਗੁਪਤਾ ਵੱਲੋਂ 2007 ਅਕਵਾਇਰ ਕੀਤੀ ਪਿੰਡ ਫਤਹਿਗੜ੍ਹ ਛੰਨਾਂ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਮੁਆਵਜ਼ੇ ਦਾ ਨੌੰ ਲੱਖ ਰੁਪਏ ਦਾ ਚੈੱਕ ਗੁਰਦੁਆਰਾ ਕਮੇਟੀ ਨੂੰ ਦਿੱਤਾ । ਇਸ ਸਬੰਧੀ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕੰਪਨੀ ਮਾਲਕ ਤੋਂ ਪੰਦਰਾਂ ਸਾਲ ਦਾ ਜੋ ਵਿਆਜ ਰਹਿੰਦਾ ਹੈ ਹਰ ਹਾਲਤ ਲਿਆ ਜਾਵੇਗਾ ।
ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਦੌਰਾਨ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਬਠਿੰਡਾ ਦੇ ਰੇਲ ਜੰਕਸ਼ਨ ਤੇ ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਵਿਖੇ 31 ਜੁਲਾਈ ਨੂੰ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਰੇਲਾਂ ਜਾਮ ਕੀਤੀਆਂ ਜਾਣਗੀਆਂ।