ਰਜਿੰਦਰ ਗੁਪਤਾ ਅਤੇ ਜੋਗਿੰਦਰ ਉਗਰਾਹਾਂ ਦੀ ਹੋਈ ਅਹਿਮ ਮੀਟਿੰਗ
ਹਰਿੰਦਰ ਨਿੱਕਾ , ਬਰਨਾਲਾ, 24 ਜੁਲਾਈ 2022
ਟ੍ਰਾਈਡੈਂਟ ਫੈਕਟਰੀ ਦੇ ਖਿਲਾਫ ਕਿਸਾਨ ਯੂਨੀਅਨ ਵੱਲੋਂ ਸ਼ੁਰੂ ਕੀਤੇ ਪੰਜ ਦਿਨਾਂ ਧਰਨੇ ਤੋਂ ਬਾਅਦ ਫੈਕਟਰੀ ਬੰਦ ਕੀਤੇ ਜਾਣ ਦੀਆਂ ਅਫਵਾਹਾਂ ਨੂੰ ਉਦੋਂ ਬਰੇਕਾਂ ਲੱਗ ਗਈਆਂ, ਜਦੋਂ ਲੰਘੀ ਕੱਲ੍ਹ, ਬਰਨਾਲਾ ਸ਼ਹਿਰ ਅੰਦਰ ਫੈਕਟਰੀ ਮਾਲਿਕ ਰਜਿੰਦਰ ਗੁਪਤਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਰਮਿਆਨ ਇੱਕ ਅਹਿਮ ਮੀਟਿੰਗ ਹੋਈ। ਦੋਵਾਂ ਧਿਰਾਂ ਦਰਮਿਆਨ ਚੱਲ ਰਹੇ ਟਕਰਾਅ ਤੋਂ ਬਾਅਦ ਸਮੱਸਿਆ ਦੇ ਪੱਕੇ ਹੱਲ ਲਈ, ਸਿਰ ਜੋੜ ਕੇ ਬੈਠੀਆਂ ਦੋਵਾਂ ਧਿਰਾਂ ਦੀ ਮੀਟਿੰਗ ਵਿੱਚ ਲੰਬਾ ਵਿਚਾਰ ਵਟਾਂਦਰਾ ਹੋਇਆ। ਭਰੋਸੇਯੋਗ ਸੂਤਰਾਂ ਤੋਂ ਮਿਲੇ ਮੀਟਿੰਗ ਦੇ ਵੇਰਵਿਆਂ ਅਨੁਸਾਰ ਯੂਨੀਅਨ ਦੇ ਆਗੂਆਂ ਨੇ ਸਾਫ ਕਰ ਦਿੱਤਾ ਕਿ ਉਨਾਂ ਦੀ ਯੂਨੀਅਨ ਨੇ ਕਦੇ ਵੀ, ਫੈਕਟਰੀ ਬੰਦ ਕਰਵਾਉਣ ਦੀ ਗੱਲ ਨਹੀਂ ਕੀਤੀ, ਯੂਨੀਅਨ ਅਤੇ ਇਲਾਕੇ ਦੇ ਲੋਕ ਫੈਕਟਰੀ ਦੇ ਕਥਿਤ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਲਈ ਲੜ ਰਹੇ ਹਨ। ਜੇਕਰ ਫੈਕਟਰੀ ਰਾਹੀਂ ਦੂਸ਼ਿਤ ਹੋ ਰਹੇ ਹਵਾ, ਪਾਣੀ ਦਾ ਢੁੱਕਵਾਂ ਹੱਲ ਹੋ ਜਾਂਦਾ ਹੈ ਤਾਂ ਫਿਰ ਯੂਨੀਅਨ ਸਣੇ, ਕਿਸੇ ਵੀ ਵਿਅਕਤੀ ਨੂੰ ਫੈਕਟਰੀ ਦੀ ਕੋਈ ਦਿੱਕਤ ਨਹੀਂ। ਉੱਧਰ ਫੈਕਟਰੀ ਮਾਲਿਕ ਗੁਪਤਾ ਨੇ ਕਿਹਾ ਕਿ ਉਸ ਦੇ ਕਿਸੇ ਵੀ ਯੂਨਿਟ ਦਾ ਪਾਣੀ, ਜਮੀਨ ਵਿੱਚ ਜਾਂ ਨੇੜਿਉਂ ਲੰਘਦੇ ਡਰੇਨ ਵਿੱਚ ਨਹੀਂ ਪਾਇਆ ਜਾ ਰਿਹਾ। ਫਿਰ ਵੀ, ਉਨ੍ਹਾਂ ਭਰੋਸਾ ਦਿੱਤਾ ਕਿ ਫੈਕਟਰੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ, ਮੰਗਵਾਈਆਂ ਮਸ਼ੀਨਾਂ ਦੀ ਇਨਸਟਾਲਮੈਂਟ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਵੀ ਹੋ ਗਿਆ ਹੈ। ਜਿੰਨ੍ਹਾਂ ਦੇ ਲੱਗਣ ਨਾਲ ਫੈਕਟਰੀ ਦੀਆਂ ਚਿਮਨੀਆਂ ‘ਚੋਂ ਨਿੱਕਲਦੀ ਸੁਆਹ ਅਤੇ ਫਸਲਾਂ ਲਈ ਨੁਕਸਾਨਦੇਹ ਗੈਸ ਦੇ ਰਿਸਣ ਦੀ ਸਮੱਸਿਆ ਦਾ ਹੱਲ ਵੀ, ਮਾਰਚ 2023 ਤੋਂ ਪਹਿਲਾਂ ਪਹਿਲਾਂ ਕਰ ਦਿੱਤਾ ਜਾਵੇਗਾ। ਗੁਪਤਾ ਨੇ ਕਿਹਾ ਕਿ ਕੁੱਝ ਸਮੇਂ ਤੋਂ ਉਨ੍ਹਾਂ ਦੀ ਫੈਕਟਰੀ ਦੇ ਕਿਸੇ ਵੀ ਯੂਨਿਟ ਦਾ ਪਾਣੀ ਡਰੇਨ ਵਿੱਚ ਨਹੀਂ ਛੱਡਿਆ ਜਾ ਰਿਹਾ, ਫੈਕਟਰੀ ਦੇ ਕੈਮੀਕਲ ਯੁਕਤ ਪਾਣੀ ਦੀ ਸਮੱਸਿਆ ਦੇ ਹੱਲ ਲਈ, ਪਹਿਲਾਂ ਹੀ ਕਈ ਏਕੜ ਜਮੀਨ ਡਰੇਨ ਨੇੜੇ ਖਰੀਦ ਕਿ, ਉੱਥੇ ਵੱਡੀ ਗਿਣਤੀ ਵਿੱਚ ਸਫੈਦੇ ਲਗਾਏ ਗਏ ਹਨ, ਜਿਹੜੇ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਫੀ ਲਾਭਕਾਰੀ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਅੰਦਰ, ਕੋਈ ਵੀ ਬੋਰ, ਦੂਸ਼ਿਤ ਪਾਉਣ ਲਈ ਨਹੀਂ ਵਰਤਿਆ ਜਾ ਰਿਹਾ, ਜਦੋਂ ਵੀ ਚਾਹੋ, ਇਸ ਦੀ ਜਾਂਚ ਵੀ ਕਰ ਲਉ । ਇਸ ਤੋਂ ਇਲਾਵਾ ਫੈਕਟਰੀ ਲਈ ਅਕਵਾਇਰ ਕੀਤੀ ਗਈ ਜਮੀਨ ਵਿੱਚ ਨੇੜੇ ਦੇ ਇੱਕ ਗੁਰੂਦੁਅਰਾ ਸਾਹਿਬ ਦੀ ਅਕਵਾਇਰ ਜਮੀਨ ਦਾ ਮੁਆਵਜਾ ਨਾ ਦਿੱਤੇ ਜਾਣ ਦੀ ਚਰਚਾ ਹੋਈ। ਫੈਕਟਰੀ ਮਾਲਿਕ ਨੇ ਭਰੋਸਾ ਦਿੱਤਾ ਕਿ ਬੜੀ ਜਲਦ ਹੀ, ਗੁਰੂ ਘਰ ਦੀ ਅਕਵਾਇਰ ਜਮੀਨ ਦੇ ਮੁਆਵਜੇ ਦਾ ਚੈਕ ਵੀ ਦੇ ਦਿੱਤਾ ਜਾਵੇਗਾ। ਦੋਵਾਂ ਧਿਰਾਂ ਦਰਮਿਆਨ ਹੋਈ ਮੀਟਿੰਗ ਦੀ ਪੁਸ਼ਟੀ, ਟ੍ਰਾਈਡੈਂਟ ਦੇ ਬੁਲਾਰੇ ਅਤੇ ਯੂਨੀਅਨ ਆਗੂ ਰੂਪ ਸਿੰਘ ਨੇ ਵੀ ਕੀਤੀ ਹੈ। ਉਨਾਂ ਕਿਹਾ ਕਿ ਅਸੀਂ, ਬੁੱਕਲ੍ਹ ਵਿੱਚ ਗੁੜ ਨਹੀਂ ਭੰਨਦੇ, ਜਿੰਨ੍ਹਾਂ ਮੁੱਦਿਆਂ ਤੇ ਸਹਿਮਤੀ ਹੋਈ, ਉਸ ਦਾ ਐਲਾਨ 25 ਜੁਲਾਈ ਨੂੰ ਧਰਨੇ ਦੀ ਸਮਾਪਤੀ ਮੌਕੇ ਜਨਤਕ ਵੀ ਕਰ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਲੰਘੇ 4 ਦਿਨਾਂ ਅੰਦਰ, ਮੀਡੀਆ ਦੇ ਇੱਕ ਹਿੱਸੇ ਅਤੇ ਸ਼ੋਸ਼ਲ ਮੀਡੀਆ ਵਿੱਚ ਬੜੇ ਜ਼ੋਰ ਸ਼ੋਰ ਅਤੇ ਯੋਜਨਾਬੱਧ ਢੰਗ ਨਾਲ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਫੈਕਟਰੀ ਬੰਦ ਕੀਤੀ ਜਾ ਰਹੀ ਹੈ, ਜਿਸ ਨਾਲ ਹਜਾਰਾਂ ਲੋਕ ਬੇਰੋਜਗਾਰ ਹੋ ਜਾਣਗੇ। ਇਸ ਤਰਾਂ ਪ੍ਰਚਾਰ ਨੂੰ ਦੋਵਾਂ ਧਿਰਾਂ ਦਰਮਿਆਨ ਹੋਈ ਬੈਠਕ ਤੋਂ ਬਾਅਦ ਬਰੇਕਾਂ ਲੱਗ ਗਈਆਂ ਹਨ।
One thought on “TRIDENT ਫੈਕਟਰੀ ਬੰਦ ਹੋਣ ਦੀਆਂ ਅਫਵਾਹਾਂ ਨੂੰ ਲੱਗੀਆਂ ਬਰੇਕਾਂ”
Comments are closed.