ਰਘਵੀਰ ਹੈਪੀ , ਬਰਨਾਲਾ 24 ਜੁਲਾਈ 2022
ਬਰਨਾਲਾ ਨੇੜੇ ਟਰਾਈਡੈਂਟ ਫੈਕਟਰੀ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸੰਸਾਰ ਬੈਂਕ ਤੋਂ ਪਾਣੀ ਅਤੇ ਜਮੀਨਾਂ ਬਚਾਓ ਮੁਹਿੰਮ ਦੇ ਤਹਿਤ ਲਾਏ ਪੰਜ ਰੋਜ਼ਾ ਮੋਰਚੇ ਦੇ ਦੁਸਰੇ ਪੜਾਅ ਵਜੋਂ 21, ਜੁਲਾਈ ਤੋਂ 25 ਤੱਕ ਲਾਏ ਜਾ ਰਹੇ ਮੋਰਚੇ ਦੇ ਚੌਥੇ ਦਿਨ ਟਰਾਈਡੈਂਟ ਫੈਕਟਰੀ ਦੇ ਸਾਹਮਣੇ ਸਟੇਜ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਕਿਸਾਨ ਔਰਤਾਂ ਤੇ ਮਜ਼ਦੂਰ ਤੇ ਹੋਰ ਕਿਰਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਅੱਜ ਦੇ ਇਸ ਭਾਰੀ ਇਕੱਠ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ , ਬਲੌਰ ਸਿੰਘ ਛੰਨਾ , ਜੋਗਿੰਦਰ ਸਿੰਘ ਦਿਆਲਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਰਾਈਡੈਂਟ ਕੰਪਨੀ ਦਾ ਮਾਲਕ ਰੋਜ਼ਾਨਾ ਕਰੋੜਾਂ ਲੀਟਰ ਸ਼ੁੱਧ ਪਾਣੀ ਦੀ ਵਰਤੋਂ ਕਰਕੇ ਆਪਣੇ ਭਾਰੀ ਮੁਨਾਫਿਆਂ ਖਾਤਰ ਵਰਤਕੇ ਕੈਮੀਕਲਾਂ ਨਾਲ ਜ਼ਹਿਰੀਲਾ ਕਰਕੇ ਧਰਤੀ ਹੇਠ ਸੁੱਟ ਕੇ ਪੀਣ ਯੋਗ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਜਿਸ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਦੇ ਕਾਰਣ, ਲੋਕਾਂ ਦੀ ਭਾਰੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਫੈਕਟਰੀ ਦੇ ਜ਼ਹਿਰੀਲੇ ਪਾਣੀ ਨਾਲ ਫਸਲਾਂ ਦੇ ਝਾੜ ਤੇ ਵੀ ਅਸਰ ਪਾ ਰਿਹਾ ਹੈ। ਇਹ ਸਾਰਾ ਵਰਤਾਰਾ ਹਾਕਮ ਜਮਾਤੀ ਵੋਟ ਸਿਆਸੀ ਪਾਰਟੀਆਂ ਦੇ ਦੇਖ ਰੇਖ ਹੇਠ ਹੋ ਰਿਹਾ ਹੈ। ਪੰਜਾਬ ਤੋਂ ਇਲਾਵਾ ਸਾਰੇ ਭਾਰਤ ਵਿੱਚ ਟਰਾਈਡੈਂਟ ਵਰਗੀਆਂ ਅਨੇਕਾਂ ਫੈਕਟਰੀਆਂ ਪਾਣੀ ਨੂੰ ਜ਼ਹਿਰੀਲਾ ਕਰ ਰਹੀਆ ਹਨ। ਪਾਣੀ ਦੇ ਕੁਦਰਤੀ ਅਨਮੋਲ ਸੋਮੇਂ ਤੇ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੇ ਨਾਂ ਹੇਠ ਪਾਣੀ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਸੰਸਾਰ ਬੈਂਕ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਦੇ ਜਲ ਘਰਾਂ ਦਾ ਭੋਗ ਪਾਕੇ ਜਲ ਘਰਾਂ ਨੂੰ ਲੁਟੇਰੇ ਕਾਰਪੋਰੇਟਰ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਦਾਹਰਣ ਦੇ ਵਜੋ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਪਾਣੀ ਨੂੰ ਸਾਫ ਕਰਕੇ ਤਕਰੀਬਨ ਦੋ ਸੌ ਦੇ ਕਰੀਬ ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਵੇਚਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਅੱਗੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਕੁਦਰਤੀ ਸੋਮਿਆਂ ਨਾਲ ਪੈਦਾ ਕੀਤੀ ਜਾ ਰਹੀ ਪਾਵਰ(ਬਿਜਲੀ) ਜਿਵੇਂ ਸੂਰਜੀ ਸੋਲਰ ਪਲਾਂਟ ਪਾਣੀ ਨਾਲ ਤਿਆਰ ਕੀਤੀ ਜਾ ਰਹੀ ਬਿਜਲੀ ਅਤੇ ਬਾਜ਼ੂ ਚੱਕੀਆਂ ਰਾਹੀਂ ਤਿਆਰ ਕੀਤੀ ਬਿਜਲੀ ਦੇ ਪ੍ਰੋਜੈਕਟ 2019,ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਹੇ ਹਨ। ਪਹਿਲਾਂ ਵਾਲੇ ਸਾਰੇ ਪ੍ਰੋਜੈਕਟਾਂ ਦਾ ਭੋਗ ਪਾਕੇ ਲੱਖਾ ਦੀ ਗਿਣਤੀ ਵਿੱਚ ਮੁਲਾਜ਼ਮਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਸੰਸਾਰ ਬੈਂਕ,ਸੰਸਾਰ ਵਪਾਰ ਜਥੇਬੰਦੀ, ਅਤੇ ਆਈ ਐਮ ਐਫ ਵੱਲੋਂ ਕੇਂਦਰ ਸਰਕਾਰ ਵੱਲੋਂ ਨਿੱਜੀਕਰਨ ਕਰਕੇ ਲੋਕਾਂ ਦੀਆਂ ਨਿੱਤ ਵਰਤੋਂ ਦੀਆਂ ਲੋੜਾਂ ਤੇ ਡਾਕਾਂ ਮਾਰਿਆ ਜਾ ਰਿਹਾਂ ਹੈ। ਕੇਂਦਰ ਸਰਕਾਰ ਵੱਲੋਂ ਬਿਜਲੀ ਐਕਟ 2020, ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਵਰਤਾਰੇ ਨੂੰ ਰੋਕਣ ਲਈ ਵੋਟ ਸਿਆਸੀ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਵੱਡੀ ਲਾਮ ਬੰਦੀ ਕਰਕੇ ਸੰਘਰਸ਼ਾਂ ਨੂੰ ਤਕੜਾਈ ਦੇਣ ਦੀ ਲੋੜ ਹੈ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕੱਲ ਨੂੰ ਵੱਡੀ ਲਾਮਬੰਦੀ ਦੇ ਨਾਲ ਸਾਰੇ ਭੈਣ ਭਰਾ ਬਸੰਤੀ ਚੁੰਨੀਆਂ, ਪੱਗਾਂ, ਪਰਨੇ ਸਿਰਾਂ ਤੇ ਬੰਨ ਕੁਰਬਾਨੀ ਦੀ ਭਾਵਨਾ ਦੀ ਮਿਸਾਲ ਪੇਸ਼ ਕਰਨੀ ਹੈ ।