ਹਰਿੰਦਰ ਨਿੱਕਾ , ਬਰਨਾਲਾ, 9 ਜੁਲਾਈ 2022
ਜਨਤਾ ਦਲ ਯੂਨਾਈਟਿਡ ਪੰਜਾਬ , ਹਲਕਾ ਮਹਿਲ ਕਲਾਂ ਦੇ ਇੰਚਾਰਜ ਅਵਤਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ, ਆਪ ਸਰਕਾਰ ਦੀ ਚਾਰ ਮਹੀਨਿਆਂ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਅਵਤਾਰ ਸਿੰਘ ਨੇ ਕਿਹਾ ਕਿ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੋਣ ਜਿੱਤਣ ਲਈ, ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਖੋਖਲੀਆਂ ਨਿੱਕਲ ਗਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਾਂਗੂੰ ਆਮ ਆਦਮੀ ਪਾਰਟੀ ਨੇ ਵੀ ਸੱਤਾ ਵਿੱਚ ਆਉਣ ਲਈ, ਲੋਕਾਂ ਨੂੰ ਤਰਾਂ ਤਰਾਂ ਦੇ ਸਬਜਬਾਗ ਦਿਖਾ ਕੇ, ਸੱਤਾ ਤਾਂ ਹਾਸਿਲ ਕਰ ਲਈ। ਪਰੰਤੂ ਭਗਵੰਤ ਮਾਨ ਦੀ ਸਰਕਾਰ ਦੇ ਨਿਕੰਮੇਪਣ ਦੇ ਕਾਰਣ ਹੀ, ਲੋਕਾਂ ਦਾ ਮੋਹ ਸਰਕਾਰ ਬਣਨ ਤੋਂ ਤਿੰਨ ਮਹੀਨਿਆਂ ਬਾਅਦ ਹੀ ਭੰਗ ਹੋ ਗਿਆ, ਜਿਸ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਭਗਵੰਤ ਮਾਨ ਜਿਹੜੀ ਲੋਕ ਸਭਾ ਸੰਗਰੂਰ ਸੀਟ ਤੋਂ ਦੋ ਵਾਰ ਵੱਡੀ ਲੀਡ ਨਾਲ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਿਆ, ਉਸੇ ਹੀ ਸੀਟ ਤੋਂ ਸਰਕਾਰ ਬਣਨ ਤੋਂ ਬਾਅਦ ਆਪ ਦਾ ਉਮੀਦਵਾਰ ਹਾਰ ਗਿਆ।
ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸਿੱਖਿਆ ਮੰਤਰੀ ਹੁੰਦਿਆਂ ਵੀ, ਜਿਲ੍ਹੇ ਦੇ ਨਿੱਜੀ ਸਕੂਲਾਂ ਦੀ ਲੁੱਟ ਦੂਣੀ ਚੌਗਣੀ ਹੁੰਦੀ ਰਹੀ, ਚੰਗੀ ਸਿੱਖਿਆ ਲੋਕਾਂ ਨੂੰ ਦੇਣ ਦਾ ਵਾਅਦਾ ਵੀ ਝੂਠਾ ਨਿੱਕਲ ਗਿਆ ਅਤੇ ਗਰੀਬ ਤੇ ਮਜਦੂਰਾਂ ਦੇ ਬੱਚੇ , ਚੰਗੀ ਸਿੱਖਿਆ ਤੋਂ ਹੁਣ ਵੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿੱਦਿਆਰਥੀਆਂ ਤੋਂ ਪੇਪਰ ਦੇ ਨਾਂ ਤੇ 800/ 800 ਰੁਪਏ ਲਏ ਜਾ ਰਹੇ ਹਨ। ਇਨ੍ਹਾਂ ਪੈਸਿਆਂ ਦੀ ਕੋਈ ਰਸੀਦ ਵੀ ਨਹੀਂ ਦਿੱਤੀ ਜਾਂਦੀ । ਉਨ੍ਹਾਂ ਕਿਹਾ ਕਿ ਗਰੀਬ ਬੱਚਿਆਂ ਦਾ ਚੰਗੀ ਸਿੱਖਿਆ ਹਾਸਿਲ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ । ਜਦੋਂ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ, ਲੋਕਾਂ ਨੂੰ ਮੁਫਤ ਅਤੇ ਉੱਚ ਕਵਾਲਿਟੀ ਦੀ ਸਿੱਖਿਆ ਪ੍ਰਦਾਨ ਕਰਨ ਦਾ ਲਾਰਾ ਲਾ ਕੇ, ਵੋਟਾਂ ਬਟੋਰੀਆਂ ਸਨ।
ਅਵਤਾਰ ਸਿੰਘ ਨੇ ਕਿਹਾ ਕਿ ਜੇਕਰ, ਸਕੂਲਾਂ ਅੰਦਰ, ਗਰੀਬ ਲੋਕਾਂ ਦੀ ਹੋ ਰਹੀ ਲੁੱਟ ਨੂੰ ਬੰਦ ਨਾ ਕੀਤਾ ਗਿਆ ਤਾਂ ਫਿਰ ਜਨਤਾ ਦਲ ਯੂਨਾਈਟਿਡ , ਲੋਕਾਂ ਦੇ ਹਿੱਤ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ ਤਾਂ ਕਿ ਲੁੱਟ ਤੰਤਰ ਬੰਦ ਹੋ ਸਕੇ ਅਤੇ ਗਰੀਬ ਵਿੱਦਿਆਰਥੀਆਂ ਦਾ ਚੰਗੀ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਪੂਰੀਆਂ ਕਰਵਾਉਣ ਲਈ, ਆਪ ਆਗੂਆਂ ਦਾ ਤਿੱਖਾ ਵਿਰੋਧ ਵੀ ਕੀਤਾ ਜਾਵੇਗਾ ।