ਦੋਸ਼ੀਆਂ ਨੂੰ ਜਲਦ ਗਿਰਫਤਾਰ ਨਾ ਕੀਤਾ ਤਾਂ 14 ਜੁਲਾਈ ਨੂੰ ਬਰਨਾਲਾ-ਲੁਧਿਆਣਾ ਜੀਟੀ ਰੋਡ ਜਾਮ ਕੀਤੀ ਜਾਵੇਗੀ-ਹਰਦਾਸਪੁਰਾ
ਜੀ.ਐਸ. ਸਹੋਤਾ , ਮਹਿਲ ਕਲਾਂ 6 ਜੁਲਾਈ 2022
ਦਰਸ਼ਨ ਸਿੰਘ ਪਿੰਡ ਗੰਗੋਹਰ ਦੀ ਬੇਟੀ ਅਮਨਦੀਪ ਕੌਰ ਕੁਰੜ ਵਿਆਹੀ ਹੋਈ ਸੀ। ਸਹੁਰਾ ਪਰੀਵਾਰ ਵੱਲੋਂ ਤੰਗ ਪਰੇਸ਼ਾਨ ਕਰਕੇ ਅਮਨਦੀਪ ਕੌਰ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਖੁਦਕਸ਼ੀ ਲਈ ਮਜਬੂਰ ਕਰਨ ਵਾਲੇ ਸਹੁਰਾ ਪਰਿਵਾਰ ਦੇ ਜਿੰਮੇਵਾਰ ਮੈਂਬਰਾਂ ਖਿਲਾਫ਼ ਸਾਂਝੇ ਸੰਘਰਸ਼ ਤੋਂ ਬਾਅਦ ਪਰਚਾ ਦਰਜ ਕਰ ਲਿਆ ਸੀ । 15 ਦਿਨ ਤੋਂ ਵੱਧ ਦਾ ਅਰਸਾ ਬੀਤ ਜਾਣ ਬਾਅਦ ਵੀ ਪੁਲਿਸ ਨੇ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ। ਇਸ ਬਾਰੇ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ । ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਹਫਤਾ ਭਰ ਪਹਿਲਾਂ ਨੋਟਿਸ ਦਿੱਤਾ ਸੀ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਅੱਜ ਪੁਲਿਸ ਥਾਣਾ ਠੁੱਲੀਵਾਲ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਪਿੰਡ ਗੰਗੋਹਰ ਨਿਵਾਸੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ,ਮਲਕੀਤ ਸਿੰਘ ਮਹਿਲ ਕਲਾਂ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਸਿੰਘ ਮਹਿਲ ਖੁਰਦ, ਅਮਰਜੀਤ ਸਿੰਘ ਠੁੱਲੀਵਾਲ ਨੇ ਦੋਸ਼ ਲਗਾਇਆ ਕਿ ਪੁਲਿਸ ਅਮਨਦੀਪ ਕੌਰ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਸਹੁਰਾ ਪਰੀਵਾਰ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਪੁਲਿਸ ਦੇ ਅਜਿਹਾ ਰਵੱਈਏ ਖਿਲਾਫ਼ ਅੱਜ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਥਾਣਾ ਠੁੱਲੀਵਾਲ ਅੱਗੇ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਲਈ ਧਰਨਾ ਦਿੱਤਾ ਗਿਆ ਹੈ। ਪੁਲਿਸ ਥਾਣੇ ਅੱਗੇ ਦਿੱਤੇ ਜਾ ਰਹੇ ਧਰਨੇ ਸਮੇਂ ਬੋਲਦਿਆਂ ਬੁਲਾਰਿਆਂ ਕਿਹਾ ਕਿ ਹਕੂਮਤ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਦਮਗਜੇ ਮਾਰ ਰਹੀ ਹੈ।
ਦੂਜੇ ਪਾਸੇ 20 ਦਿਨ ਬੀਤ ਦਾਣ ਬਾਅਦ ਵੀ ਅਮਨਦੀਪ ਕੌਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰ ਰਹੀ। ਹੋਰਨਾਂ ਬੁਲਾਰਿਆਂ ਰਾਣੀ ਕੌਰ, ਅਜਮੇਰ ਸਿੰਘ ਕਾਲਸਾਂ, ਜਗਰੂਪ ਸਿੰਘ ਗਹਿਲ,ਭਾਗ ਸਿੰਘ ਕੁਰੜ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਲਦੇਵ ਸਿੰਘ ਧਨੇਰ,ਅਮਰਜੀਤ ਸਿੰਘ ਕੁੱਕੂ ਆਦਿ ਬੁਲਾਰਿਆਂ ਨੇ ਕਿਹਾ ਕਿ ਜਦੋਂ ਅਮਨਦੀਪ ਕੌਰ ਦੇ ਪਰਿਵਾਰ ਨੂੰ ਪੁਲਿਸ ਵੱਲੋਂ ਕੋਈ ਇਨਸਾਫ਼ ਨਹੀਂ ਮਿਲਿਆ ਤਾਂ ਆਮ ਲੋਕਾਂ ਕੋਲ ਸੰਘਰਸ਼ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਪੂਰਾ ਦਿਨ ਅਮਨਦੀਪ ਕੌਰ ਨੂੰ ਖੁਦਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਤੱਕ ਧਰਨਾ ਦਿੱਤਾ ਗਿਆ।
ਯਾਦ ਰਹੇ ਪੁਲਿਸ ਨੇ ਧਾਰਾ 304- B ਤਹਿਤ ਮੁਕੱਦਮਾ ਨੰ. 24 ਮਿਤੀ 23-06-2022 ਛੇ ਦੋਸ਼ੀਆਂ ਖਿਲਾਫ਼ ਦਰਜ ਕੀਤਾ ਸੀ। 14 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਨੇ 3 ਦੋਸ਼ੀ ਹੀ ਗਿਰਫਤਾਰ ਕੀਤੇ ਹਨ। ਅੱਜ ਦੇ ਇਸ ਧਰਨੇ ਵਿੱਚ ਸਮੂਹ ਇਨਸਾਫ਼ਪਸੰਦ ਜਥੇਬੰਦੀਆਂ ਅਤੇ ਲੋਕਾਂ ਨੇ ਵੱਲੋਂ ਵੱਡੀ ਸ਼ਮੂਲੀਅਤ ਲਈ ਧੰਨਵਾਦ ਕੀਤਾ। ਨਵੇਂ ਆਏ ਮੁੱਖ ਥਾਣਾ ਅਫ਼ਸਰ ਨੇ ਧਰਨੇ ਵਿੱਚ ਆ ਕੇ ਵਿਸ਼ਵਾਸ ਦਿਵਾਇਆ ਕਿ ਉਹ ਰਹਿੰਦੇ ਦੋਸ਼ੀਆਂ ਨੂੰ ਜਲਦ ਗਿਰਫਤਾਰ ਕਰਨਗੇ, ਉਪਰੰਤ ਥਾਣੇ ਅੱਗਿਓਂ ਧਰਨਾ ਚੁੱਕਦਿਆਂ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਮਿਥੇ ਸਮੇਂ ਵਿੱਚ ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨ ਦੀ ਸੂਰਤ ਵਿੱਚ 14 ਜੁਲਾਈ ਨੂੰ ਬਰਨਾਲਾ-ਲੁਧਿਆਣਾ ਜੀਟੀ ਰੋਡ ਤੇ ਚੱਕਾ ਜਾਮ ਕੀਤਾ ਜਾਵੇਗਾ।