ਲੰਘੀ ਲੋਕ ਸਭਾ ਚੋਣ ਦੇ ਨਤੀਜੇ ਤੇ ਵੀ ਪਿਆ ਪ੍ਰਸ਼ਾਸ਼ਨ ‘ਚ ਫੈਲੇ ਭ੍ਰਿਸ਼ਟਾਚਾਰ ਦਾ ਪਰਛਾਂਵਾ !
ਹਰਿੰਦਰ ਨਿੱਕਾ , ਬਰਨਾਲਾ 7 ਜੁਲਾਈ 2022
ਸੰਸਾਰ ‘ਚ ਵੱਜਦਾ ਢੋਲ ਕਿ ਦੁਨੀਆਂ ਮੇਰੀ ਤਰਾਂ ਹੈ ਗੋਲ , ਪੈਸਾ ਬੋਲਦਾ ਹੈ, ਪੈਸਾ ਬੋਲਦਾ ਹੈ , ਮਰਹੂਮ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦਾ ਇਹ ਗੀਤ, ਬੇਸ਼ੱਕ ਹੁਣ ਬਨ੍ਹੇਰਿਆਂ ਤੇ ਤਾਂ ਨਹੀਂ ਵੱਜਦਾ, ਪਰ ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਦੇ ਬਹੁਤੇ ਦਫਤਰਾਂ ਦੀ ਕਾਰਜ਼ਸ਼ੈਲੀ ਨੂੰ ਗਹੁ ਨਾਲ ਦੇਖਿਆਂ, ਪੈਸਾ ਹੀ ਪੈਸਾ ਬੋਲਦਾ ਦਿਖ ਰਿਹਾ ਹੈ। ਬਹੁਤੇ ਦਫਤਰਾਂ ਅੰਦਰ, ਬਿਨਾਂ ਜੇਬ ਢਿੱਲੀ ਹੋਇਆਂ, ਕੋਈ ਵੀ ਕੰਮ ਅਗਾਂਹ ਨਹੀਂ ਤੁਰਦਾ । ਸੂਬੇ ਦੀ ਸੱਤਾ ਤੇ ਬਦਲਾਅ ਆਇਆਂ ਵੀ ਹੁਣ ਚਾਰ ਮਹੀਨਿਆਂ ਦੇ ਕਰੀਬ ਸਮਾਂ ਬੀਤ ਚੁੱਕਿਆ ਹੈ। ਪਰੰਤੂ ਹਾਲੇ ਤੱਕ ਜਿਲ੍ਹੇ ਦੇ ਲੋਕਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਕੰਮ ਢੰਗ ਵਿੱਚ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦੀ ਮਾੜੀ ਮੋਟੀ ਝਲਕ ਵੀ ਕਿੱਧਰੇ ਦੂਰ ਦੂਰ ਤੱਕ ਨਜ਼ਰ ਪੈਂਦੀ ਦਿਖਾਈ ਨਹੀਂ ਦੇ ਰਹੀ । ਇੱਕ ਨਹੀਂ, ਬਲਕਿ ਲੱਗਭੱਗ ਹਰਿੱਕ ਦਫਤਰ ਵਿੱਚ ਹੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਇਰਦ ਗਿਰਦ ਮੰਡਰਾਉਂਦੇ ਵਿਚੋਲਿਆਂ ਦੇ ਝੁੰੜ, ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਭ੍ਰਿਸ਼ਟਾਚਾਰ ਲਈ, ਜਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਇੱਕ ਇੱਕ ਵੱਡੇ ਅਧਿਕਾਰੀ ਦੇ ਨਾਂ ਦੀ ਇਲਾਕੇ ਵਿੱਚ ਤੂਤੀ ਬੋਲਦੀ ਹੈ। ਪੁਲਿਸ ਵਿਭਾਗ ‘ਚ ਇੱਕ ਐਸ.ਪੀ. ਅਤੇ ਸਿਵਲ ਪ੍ਰਸ਼ਾਸ਼ਨ ਦੇ ਇੱਕ ਵੱਡੇ ਅਧਿਕਾਰੀ ਦੇ ਦਫਤਰਾਂ ਵਿੱਚ ਤਾਂ ਵੱਖ ਵੱਖ ਕੰਮ ਕਰਵਾਉਣ ਨੂੰ ਲੈ ਕੇ ਸੌਦੇ ਹੁੰਦੇ ਹਨ, ਵੱਧ ਬੋਲੀ ਦੇਣ ਵਾਲਿਆਂ ਦੇ ਕੰਮ ਤਾਂ ਹੱਥੋ-ਹੱਥੀ ਹੋ ਜਾਂਦੇ ਨੇ ਤੇ ਬਾਕੀ ਸਿਰਫ ਸੱਚ ਦਾ ਪੱਲਾ ਫੜ੍ਹ ਕੇ ਇਨਸਾਫ ਲੈਣ ਦੀ ਉਡੀਕ ਵਿੱਚ ਆਉਂਦੇ ਲੋਕ ਹੱਥ ਮਲਦੇ ਰਹਿ ਜਾਂਦੇ ਹਨ। ਸਿਵਲ ਪ੍ਰਸ਼ਾਸ਼ਨ ਦੇ ਇੱਕ ਕਥਿਤ ਵੱਡੇ ਭ੍ਰਿਸ਼ਟ ਅਧਿਕਾਰੀ ਦਾ ਮਾਲ ਵਿਭਾਗ ਅੰਦਰ ਵੀ ਪੂਰਾ ਸਿੱਕਾ ਚਲਦਾ ਹੈ। ਜਿਸ ਦੀ ਇਲਾਕੇ ਦੇ ਵੱਡੇ ਵੱਡੇ ਕਲੋਨਾਈਜਰਾਂ ਨਾਲ ਵੀ ਗੰਢ ਤੁੱਪ ਹੈ। ਉਹ ਅਧਿਕਾਰੀ, ਖੁਦ ਨੂੰ ਹਰ ਅੜਿਆ ਗੱਡਾ ਕੱਢਣ ਦਾ ਮਾਹਿਰ ਦੱਸਦਾ ਹੈ । ਇਸੇ ਲਈ ਤਾਂ ਮਾਲ ਵਿਭਾਗ ਅੰਦਰ, ਨਿਯਮਾਂ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਉਹ ਕਈ ਕਲੋਨਾਈਜਰਾਂ ਦੀਆਂ ਰਜਿਸਟਰੀਆਂ ਵੀ ਧੜਾ-ਧੜ ਕਰਵਾ ਰਿਹਾ ਹੈ । ਇਹੋ ਹਾਲ, ਇੱਕ ਐਸ.ਪੀ ਦਾ ਵੀ ਹੈ। ਜਿਸ ਤੋਂ ਕੰਮ ਕਰਵਾਉਣ ਲਈ, ਸੌਦਾ, ਉਸ ਦੇ ਹਰ ਸਮੇਂ ਨੇੜੇ ਮੰਡਰਾਉਂਦੇ ਪੁਲਿਸ ਅਧਿਕਾਰੀ ਤੇ ਉਸ ਦਾ ਸਟਾਫ ਹੀ ਕਰਵਾਉਂਦਾ ਹੈ। ਅੱਖੜ ਬੋਲਬਾਣੀ ਕਰਕੇ ਮਸ਼ਹੂਰ ਐਸ.ਪੀ. ਦੇ ਚਿਹਰੇ ਤੋਂ ਉਸ ਦੀ ਉੱਚੀ ਪਹੁੰਚ ਦਾ ਗਰੂਰ ਵੀ ਸਾਫ ਝਲਕਦਾ ਹੈ। ਸੂਤਰ ਇਹ ਵੀ ਦੱਸ ਦੇ ਹਨ ਕਿ ਦੋਵਾਂ ਚਰਚਿਤ ਅਧਿਕਾਰੀਆਂ ਦੀਆਂ ਸ਼ਕਾਇਤਾਂ ਕਾਫੀ ਸਮੇਂ ਤੋਂ ਮੰਤਰੀ ਸਾਬ੍ਹ ਤੱਕ ਵੀ ਅੱਪੜੀਆਂ ਹੋਈਆਂ ਹਨ, ਜਿਸ ਤੋਂ ਬਾਅਦ ਦੋਵਾਂ ਅਧਿਕਾਰੀਆਂ ਦੇ ਕੰਮ ਨੂੰ ਕਾਫੀ ਨੇੜਿਉਂ ਤੱਕਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬਦਲੀ ਹੋਈ ਸਰਕਾਰ ਤੋਂ ਬਾਅਦ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦਾ ਦੀਦਾਰ ਹੋ ਸਕੇ। ਆਮ ਆਦਮੀ ਪਾਰਟੀ ਦੇ ਕਾਫੀ ਆਗੂਆਂ ਦਾ ਵੀ ਮੰਨਣਾ ਹੈ ਕਿ ਜਿਲ੍ਹੇ ਅੰਦਰ ਆਉਂਦੀ ਭ੍ਰਿਸ਼ਟਾਚਾਰ ਦੀ ਬੋਅ ਨੇ ਹੀ ਲੰਘੀ ਲੋਕ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਬੇੜੀ ਨੂੰ ਡੋਬਿਆ ਹੈ। ਲੋਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ ਕਿ ਕਦੋਂ ਤੱਕ ਉਨਾਂ ਨੂੰ ਵੀ ਭ੍ਰਿਸ਼ਟ ਤੰਤਰ ਤੋਂ ਨਿਜਾਤ ਮਿਲੇਗੀ।