ਵਿਦੇਸ਼ ਲੈ ਜਾਣ ਦਾ ਸਬਜ਼ਬਾਗ ਦਿਖਾ ਕੇ ਮਾਰੀ 57 ਲੱਖ ਦੀ ਠੱਗੀ
ਹਰਿੰਦਰ ਨਿੱਕਾ , ਬਰਨਾਲਾ 02 ਜੁਲਾਈ 2022
ਵਿਦੇਸ਼ ਜਾਣ ਦੇ ਲਗਾਤਾਰ ਵੱਧ ਰਹੇ ਵਰਤਾਰੇ ਦਰਮਿਆਨ ਹੀ ਲੋਕਾਂ ਨਾਲ ਵੱਖ ਵੱਖ ਢੰਗ ਤਰੀਕਿਆਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਦੀ ਫਹਿਰਿਸ਼ਤ ਵੀ ਸਾਰਸ ਦੀ ਪੂੰਛ ਵਾਂਗ ਲੰਬੀ ਹੀ ਹੁੰਦੀ ਜਾ ਰਹੀ ਹੈ। ਅਜਿਹੀ ਹੀ ਇੱਕ ਠੱਗੀ ਜਿਲ੍ਹੇ ਦੇ ਪਿੰਡ ਜੰਗੀਆਣਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨਾਲ ਹੋਈ ਹੈ। ਪੁਲਿਸ ਨੇ ਸ਼ਕਾਇਤ ਦੀ ਜਾਂਚ ਉਪਰੰਤ ਗੁਰਦੀਪ ਸਿੰਘ ਦੀ ਪਤਨੀ ਅਤੇ ਸੌਹਰੇ ਖਿਲਾਫ ਸਾਜਿਸ਼ ਤਹਿਤ ਠੱਗੀ ਦਾ ਕੇਸ ਦਰਜ਼ ਕਰਕੇ,ਨਾਮਜ਼ਦ ਦੋਸ਼ੀਆਂ ਦੀ ਫੜੋ-ਫੜੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 17 ਫਰਵਰੀ ਨੂੰ ਗੁਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਜੰਗੀਆਣਾ ਨੇ ਪੁਲਿਸ ਨੂੰ ਲਿਖਤੀ ਸ਼ਕਾਇਤ ਦਿੱਤੀ ਕਿ ਬਲਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਸੰਗਤਪੁਰਾ, ਜਿਲ੍ਹਾ ਮੋਗਾ ਨੇ ਮੁਦਈ ਗੁਰਦੀਪ ਸਿੰਘ ਨੂੰ ਕੈਨੇਡਾ ਲੈ ਕੇ ਜਾਣ ਦਾ ਭਰੋਸਾ ਦੇ ਕੇ ਆਪਣੀ ਬੇਟੀ ਮਨਪ੍ਰੀਤ ਕੌਰ ਨਾਲ, ਉਸ ਦਾ ਵਿਆਹ ਕਰ ਦਿੱਤਾ। ਕੈਨੇਡਾ ਲੈ ਜਾਣ ਲਈ, ਦੋਵਾਂ ਨੇ ਗਹਿਰੀ ਸਾਜਿਸ਼ ਰਚ ਕੇ ਉਸ ਤੋਂ 57 ਲੱਖ ਰੁਪਏ ਲੈ ਲਏ। ਵਿਆਹ ਤੋਂ ਬਾਅਦ , ਨਾ ਤਾਂ ਮਨਪ੍ਰੀਤ ਕੌਰ ਉਸ ਦੇ ਨਾਲ ਰਹਿਣ ਲਈ ਤਿਆਰ ਹੈ ਅਤੇ ਨਾ ਹੀ ਉਹ ਉਸ ਨੂੰ ਕੈਨੇਡਾ ਲੈ ਕੇ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਕੌਰ ਹੁਣ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਮੁਦਈ ਦਾ ਕਹਿਣਾ ਹੈ ਕਿ ਉਸ ਨੂੰ ਹੁਣ ਯਕੀਨ ਹੋ ਗਿਆ ਕਿ ਮਨਪ੍ਰੀਤ ਕੌਰ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਨੇ, ਉਸ ਨਾਲ ਡੂੰਘੀ ਸਾਜਿਸ਼ ਤਹਿਤ 57 ਲੱਖ ਦੀ ਠੱਗੀ ਮਾਰ ਲਈ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਆਲ੍ਹਾ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਮੁਦਈ ਦੀ ਪਤਨੀ ਅਤੇ ਸਹੁਰੇ ਖਿਲਾਫ ਅਧੀਨ ਜੁਰਮ 420/120 ਬੀ ਆਈਪੀਸੀ ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ ਕਰਕੇ,ਤਫਤੀਸ਼ ਅਤੇ ਨਾਮਜਦ ਦੋਸ਼ੀਆਂ ਦੀ ਗਿਰਫਤਾਰੀ ਦੇ ਯਤਨ ਜ਼ਾਰੀ ਹਨ।