ਡਾ.ਸੁਭਾਸ਼ ਥੋਬਾ ਨੇ ਮੌਕੇ ਦਾ ਜਾਇਜ਼ਾ ਲਿਆ , ਡੀਐਸਪੀ ਅਤੇ ਸਟੇਸ਼ਨ ਇੰਚਾਰਜ ਤੋਂ ਪੰਜ ਦਿਨਾਂ ਵਿੱਚ ਮੰਗੀ ਕਾਰਵਾਈ ਦੀ ਰਿਪੋਰਟ
ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 02 ਜੁਲਾਈ 2022
ਅਬੋਹਰ ਦੇ ਪਿੰਡ ਢੀਂਗਾਵਾਲੀ ਵਿੱਚ ਪਾਦਰੀ ਅਤੇ ਉਸ ਦੀ ਪਤਨੀ ਨੂੰ ਬੰਧਕ ਬਣਾ ਕੇ ਜ਼ਲੀਲ ਕਰਨ ਦੇ ਮਾਮਲੇ ਦਾ ਪੰਜਾਬ ਘੱਟ ਗਿਣਤੀ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਪਾਸਟਰ ਸੁਖਦੇਵ ਦੀ ਪਤਨੀ ਦੀ ਤਰਫੋਂ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਵੀਡੀਓ ਨੂੰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਸਖ਼ਤ ਨੋਟਿਸ ਲੈਂਦਿਆਂ ਸ਼ੁੱਕਰਵਾਰ ਨੂੰ ਅਬੋਹਰ ਮਾਮਲੇ ਦੀ ਜਾਂਚ ਲਈ ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥੋਬਾ ਨੂੰ ਅੰਮ੍ਰਿਤਸਰ ਤੋਂ ਭੇਜਿਆ ਹੈ। ਇਸ ਕਮੇਟੀ ਵਿੱਚ ਈਸਾ ਦਾਸ ਟੋਨੀ, ਰਾਬਰਟ ਖੇਮਕਰਨ, ਪਾਸਟਰ ਸੈਮੂਅਲ ਸੋਨੀ, ਸੁਧੀਰ ਨਾਹਰ, ਵਿਜੇ ਗੋਰੀਆ ਫਿਰੋਜ਼ਪੁਰ ਸ਼ਾਮਲ ਸਨ। ਇਸੇ ਤਹਿਤ ਸ਼ੁੱਕਰਵਾਰ ਨੂੰ ਕਮੇਟੀ ਦੇ ਮੈਂਬਰ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਪਾਦਰੀ ਅਤੇ ਉਸ ਦੀ ਪਤਨੀ ਨੂੰ ਮਿਲ ਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
ਡਾ.ਸੁਭਾਸ਼ ਥੋਬਾ, ਡੀ.ਐਸ.ਪੀ ਸੰਦੀਪ ਸਿੰਘ, ਇੰਸਪੈਕਟਰ ਮਨੋਜ ਕੁਮਾਰ, ਸਟੇਸ਼ਨ ਹਾਊਸ ਅਫ਼ਸਰ ਇੰਦਰਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਸੀ। ਡਾ: ਥੋਬਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ । ਇਸ ਮੌਕੇ ਕਮਿਸ਼ਨ ਵੱਲੋਂ ਸਬੰਧਤ ਡੀਐਸਪੀ ਅਤੇ ਥਾਣਾ ਇੰਚਾਰਜ ਨੂੰ ਹਦਾਇਤ ਕੀਤੀ ਗਈ ਕਿ ਪੰਜ ਦਿਨਾਂ ਦੇ ਅੰਦਰ-ਅੰਦਰ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਾਦਰੀ ਅਤੇ ਉਸ ਦੀ ਪਤਨੀ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ’ਤੇ ਸਬੰਧਤ ਡੀਐਸਪੀ ਨੇ ਕਮਿਸ਼ਨ ਦੇ ਹੁਕਮਾਂ ਤਹਿਤ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਪੰਜ ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੀ ਗੱਲ ਕਹੀ। ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥੋਬਾ ਨੇ ਦੱਸਿਆ ਕਿ ਘਟਨਾ ਸਥਾਨ ਦਾ ਦੌਰਾ ਕਰਕੇ ਸਾਰੀ ਜਾਣਕਾਰੀ ਲੈ ਲਈ ਗਈ ਹੈ।
ਇਸ ਦੌਰਾਨ ਪਾਦਰੀ ਅਤੇ ਉਨ੍ਹਾਂ ਦੀ ਪਤਨੀ ਜਿਸ ਘਰ ਪ੍ਰਾਰਥਨਾ ਕਰਨ ਗਏ ਸਨ ਉਨ੍ਹਾਂ ਦੇ ਵੀ ਬਿਆਨ ਲੈ ਲਏ ਹਨ। ਉਸ ਪਰਿਵਾਰ ਨੇ ਵੀ ਪਾਦਰੀ ਅਤੇ ਉਸ ਦੀ ਪਤਨੀ ਦੇ ਹੱਕ ਵਿੱਚ ਬੋਲਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਪਰਿਵਾਰਾਂ ਦੇ ਵੀ ਬਿਆਨ ਦਰਜ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਦਿੱਤਾ ਗਿਆ ਹੈ। ਪਾਸਟਰ ਜੀ ਅਤੇ ਉਨ੍ਹਾਂ ਦੀ ਪਤਨੀ `ਤੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਕਰਨ ਵਾਲੇ ਸਾਰੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਾਸਟਰ ਕੁਲਵੰਤ, ਪਾਸਟਰ ਗੁਰਬਾਜ਼, ਜੌਹਨ ਪੀਟਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਸਟਰ ਹਾਜ਼ਰ ਸਨ।