ਪੱਤਰ ਪ੍ਰੇਰਕ, ਸੰਗਤ ( ਬਠਿੰਡਾ )
ਸਿਵਲ ਸਰਜਨ ਬਠਿੰਡਾ ਡਾ ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਮਿਲ ਬਾਂਸਲ ਦੀ ਪ੍ਰਧਾਨਗੀ ਹੇਠ ਵਿਸ਼ਵ ਅਬਾਦੀ ਦਿਵਸ ਦੇ ਤਹਿਤ ਮਨਾਏ ਜਾ ਰਹੇ 27 ਜੂਨ ਤੋਂ 10 ਜੂਲਾਈ ਤੱਕ ਪਰਿਵਾਰ ਨਿਯੋਜਨ ਪੰਦਰਵਾੜੇ ਬਾਰੇ ਜਾਗਰੂਕਤਾ ਬਾਰੇ ਦਿੱਤੀ ਜਾ ਰਹੀ ਹੈ। ਇਸ ਪ੍ਰੋਗਰਾਮ ਨੇ ਸਫਲ ਬਣਾਉਣ ਲਈ ਸੀ ਐਚ ਸੀ ਸੰਗਤ ਵਿਖੇ ਆਸ਼ਾ ਵਰਕਰਾਂ ਨੂੰ ਪਰਿਵਾਰ ਨਿਯੋਜਨ ਬਾਰੇ ਦੱਸਿਆ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਪਮਿਲ ਬਾਂਸਲ ਨੇ ਦੱਸਿਆ ਕਿ ਅੱਜ ਸੀਮਤ ਹੋ ਰਹੇ ਸਾਧਨਾਂ ਦੇ ਅਜੋਕੇ ਯੁੱਗ ਵਿਚ ਦਿਨ-ਬ-ਦਿਨ ਵੱਧ ਰਹੀ ਆਬਾਦੀ ਨੂੰ ਠੱਲ੍ਹ ਪਾਉਣਾ ਸਮੇਂ ਦੀ ਅਹਿਮ ਲੋੜ ਬਣ ਗਿਆ ਹੈ। ਇਸ ਵੇਲੇ ਦੁਨੀਆਂ ਦੀ ਆਬਾਦੀ ਸਾਢੇ ਸੱਤ ਅਰਬ ਹੈ ਤੇ ਭਾਰਤ ਸਵਾ ਅਰਬ ਦੀ ਆਬਾਦੀ ਨਾਲ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ। ਵਧ ਰਹੀ ਆਬਾਦੀ ਕਈ ਸਮੱਸਿਆਂ ਨੂੰ ਜਨਮ ਦਿੰਦੀ ਹੈ ਅਤੇ ਆਬਾਦੀ ਨੂੰ ਕੰਟਰੋਲ ਕਰਨ ਲਈ ਜਾਗਰੂਕਤਾ ਫੈਲਾਉਣਾ ਹੀ ਵਿਸ਼ਵ ਆਬਾਦੀ ਦਿਵਸ ਦਾ ਮਕਸਦ ਹੈ।
ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਅਬਾਦੀ ਦਿਵਸ ਪਰਿਵਾਰ ਨਿਯੋਜਨ ਦਾ ਅਪਨਾਉ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਇ ਦੇ ਸਲੋਗਨ ਤਹਿਤ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਦੱਸਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ 27 ਜੂਨ ਤੋਂ 10 ਜੂਲਾਈ ਤੱਕ ਜਾਗਰੂਕ ਕੀਤਾ ਜਾਵੇਗਾ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਨਸਬੰਦੀ ਤੇ ਨਸਬੰਦੀ ਦੇ ਆਪਰੇਸ਼ਨ ਕੀਤੇ ਜਾਣਗੇ।
ਸਾਹਿਲ ਪੁਰੀ ਬਲਾਕ ਹੈਲਥ ਐਜੁਕੇਟਰ ਨੇ ਕਿਹਾ ਕਿ ਜੇਕਰ ਪਰਿਵਾਰ ਵੱਡਾ ਹੋਵੇਗਾ ਤਾਂ ਪਰਿਵਾਰ ਉਤੇ ਆਰਥਕ ਬੋਝ ਜ਼ਿਆਦਾ ਪਵੇਗਾ ਅਤੇ ਜ਼ਿੰਦਗੀ ਦੀਆਂ ਸੁੱਖ-ਸਹੂਲਤਾਂ ਮਾਣਨ ਦੇ ਮੌਕੇ ਵੀ ਸੀਮਤ ਹੋ ਜਾਣਗੇ। ਅਜੋਕੇ ਮਹਿੰਗਾਈ ਦੇ ਯੁੱਗ ਵਿਚ ਛੋਟਾ ਪਰਿਵਾਰ ਹੀ ਸੁਖੀ ਪਰਵਾਰ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਆਬਾਦੀ ਦਾ ਏਨਾ ਭਾਰ ‘ਵਾਰਾ ਨਹੀਂ ਖਾ ਸਕਦਾ। ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕੇ ਅਪਣਾਉਂਦਿਆਂ ਵੱਧ ਰਹੀ ਆਬਾਦੀ ਨੂੰ ਠੱਲ੍ਹ ਪਾਉਣ ਵਿਚ ਅਪਣਾ ਯੋਗਦਾਨ ਪਾਈਏ।
ਹਰਵਿੰਦਰ ਸਿੰਘ ਹੈਲਥ ਐਜੂਕੇਟਰ ਅਤੇ ਕਵੰਲਜੀਤ ਕੌਰ ਹੈਲਥ ਸੁਪਰਵਾਈਜ਼ਰ ਨੇ ਕਿਹਾ ਕਿ ਪਰਿਵਾਰ ਨਿਯੋਜਨ ਕਰਨ ਵਾਲਿਆਂ ਨੂੰ ਸਰਕਾਰ ਵਲੋਂ ਹੱਲਾਸ਼ੇਰੀ ਦਿੰਦਿਆਂ ਵਿੱਤੀ ਮਦਦ ਵੀ ਦਿਤੀ ਜਾਂਦੀ ਹੈ।ਉਹਨਾਂ ਨੇ ਕਿਹਾ ਪਰਿਵਾਰ ਨਿਯੋਜਨ ਦੇ ਨਲਬੰਦੀ ਅਤੇ ਨਸਬੰਦੀ ਬਾਰੇ ਆਮ ਤੌਰ ‘ਤੇ ਗ਼ਲਤਫ਼ਹਿਮੀਆਂ ਪਾਈਆਂ ਜਾਂਦੀਆਂ ਹਨ ਪਰ ਡਾਕਟਰੀ ਵਿਗਿਆਨ ਨੇ ਇਨ੍ਹਾਂ ਨੂੰ ਬੇਹੱਦ ਸੁਰੱਖਿਅਤ ਸਾਬਤ ਕੀਤਾ ਹੋਇਆ ਹੈ। ਇਸ ਮੌਕੇ ਆਸ਼ਾ ਵਰਕਰ ਤੋਂ ਇਲਾਵਾ ਸੀ ਐਚ ਸੀ ਸਟਾਫ ਹਾਜ਼ਰ ਸਨ ।