F M ਹਰਪਾਲ ਚੀਮਾ ਤੇ EM ਮੀਤ ਹੇਅਰ ਤੋਂ ਹਲਕੇ ਦੇ ਲੋਕਾਂ ਨੇ ਮੂੰਹ ਮੋੜਿਆ !
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਸਿਰਫ 4 ਹਲਕਿਆਂ ਤੋਂ ਜਿੱਤ
ਮਲੇਰਕੋਟਲਾ, ਦਿੜਬਾ ਤੇ ਭਦੌੜ ਨੇ ਮਾਨ ਦੀ ਜਿੱਤ ‘ਚ ਨਿਭਾਈ ਅਹਿਮ ਭੂਮਿਕਾ
ਹਰਿੰਦਰ ਨਿੱਕਾ , ਬਰਨਾਲਾ 26 ਜੂਨ 2022
ਲੋਕ ਸਭਾ ਦੀ ਜਿਮਨੀ ਚੋਣ ਦੇ ਨਤੀਜ਼ੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਿਰ ਚੜ੍ਹੇ ਗਰੂਰ ਨੂੰ ਕਾਫੀ ਹੱਦ ਤੱਕ ਠੱਲ੍ਹਿਆ ਹੈ। ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ,ਲੋਕ ਸਭਾ ਖੇਤਰ ‘ਚ ਪੈਂਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚੋਂ 5 ਤੋਂ ਜਿੱਤ ਕੇ ਵੀ ਆਖਿਰ ਹਾਰ ਗਿਆ । ਜਦੋਂਕਿ ਸਿਮਰਨਜੀਤ ਸਿੰਘ ਮਾਨ, 4 ਹਲਕਿਆਂ ਤੋਂ ਜਿੱਤ ਕੇ ਵੀ ਲੋਕ ਸਭਾ ਦੀਆਂ ਪੋੜੀਆਂ ਚੜ੍ਹਨ ਵਿੱਚ ਕਾਮਯਾਬ ਹੋ ਗਿਆ। ਲੋਕ ਸਭਾ ਹਲਕੇ ਅੰਦਰ ਪੈਂਦੇ ਦੋ ਮੰਤਰੀਆਂ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ,ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਨੂੰ ਜਿੱਤ ਦਿਵਾਉਣ ਵਿੱਚ ਸਫਲ ਨਹੀਂ ਹੋ ਸਕੇ। ਵਿੱਤ ਮੰਤਰੀ ਚੀਮਾ ਦੇ ਹਲਕੇ ਤੋਂ ਮਾਨ ਨੂੰ 7553 ਵੋਟਾਂ ਅਤੇ ਮੀਤ ਹੇਅਰ ਦੇ ਹਲਕੇ ਤੋਂ ਮਾਨ ਨੂੰ 2295 ਵੋਟਾਂ ਦੀ ਲੀਡ ਮਿਲੀ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ
ਪਟਕਨੀ ਦੇਣ ਵਾਲੇ ਆਪ ਦੇ ਬਹੁਚਰਚਿਤ ਐਮ.ਐਲ.ਏ. ਲਾਭ ਸਿੰਘ ਉੱਗੋਕੇ ਦੇ ਹਲਕਾ ਭਦੌੜ ਤੋਂ ਵੀ ਮਾਨ ਨੂੰ 7125 ਵੋਟਾਂ ਵੱਧ ਮਿਲੀਆ। ਜਦੋਂਕਿ ਆਪ ਦੇ ਵਿਧਾਇਕ ਡਾਕਟਰ ਜਮੀਲ ਉਲ ਰਹਿਮਾਨ ਦੇ ਮਲੇਰਕੋਟਲਾ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਨੂੰ 8101 ਵੋਟਾਂ ਦੀ ਨਿਰਨਾਇਕ ਤੇ ਸੱਭ ਤੋਂ ਵੱਡੀ ਲੀਡ ਪ੍ਰਾਪਤ ਹੋਈ। ਦੂਜੇ ਪਾਸੇ ਆਪ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 5 ਹਲਕਿਆਂ ਤੋਂ ਲੀਡ ਮਿਲੀ,ਪਰੰਤੂ ਉਹ ਚਾਰ ਹਲਕਿਆਂ ਤੋਂ ਮਾਨ ਨੂੰ ਮਿਲੀ 25779 ਵੋਟਾਂ ਦੀ ਲੀਡ ਅੱਗੇ ਟਿਕ ਨਾ ਸਕੀ। ਘਰਾਚੋਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ 12036 , ਅਮਨ ਅਰੋੜਾ ਦੇ ਸੁਨਾਮ ਹਲਕੇ ਤੋਂ 1483 , ਬਰਿੰਦਰ ਗੋਇਲ ਦੇ ਹਲਕੇ ਲਹਿਰਾਗਾਗਾ ਤੋਂ 2790 , ਨਰਿੰਦਰ ਕੌਰ ਭਰਾਜ ਦੇ ਹਲਕਾ ਸੰਗਰੂਰ ਤੋਂ 2492 ਅਤੇ ਕੁਲਵੰਤ ਸਿੰਘ ਪੰਡੋਰੀ ਦੇ ਹਲਕਾ ਮਹਿਲ ਕਲਾਂ ਤੋਂ 203 ਵੋਟਾਂ ਦੀ ਲੀਡ ਪ੍ਰਾਪਤ ਹੋਈ। ਵੱਧ ਹਲਕੇ ਜਿੱਤ ਕੇ ਵੀ ਘਰਾਚੋਂ ਦੇ ਹਾਰ ਜਾਣ ਦਾ ਕਾਰਣ, ਇਹ ਰਿਹਾ ਕਿ ਆਪ ਨੂੰ ਮਿਲੀ ਲੀਡ ਦਾ ਅੰਤਰ ਘੱਟ, ਜਦੋਂਕਿ ਮਾਨ ਨੂੰ ਚਾਰ ਹਲਕਿਆਂ ਤੋਂ ਪ੍ਰਾਪਤ ਲੀਡ ਵੱਡੀ ਰਹੀ।
ਸਿਮਰਨਜੀਤ ਸਿੰਘ ਮਾਨ ਨੂੰ ਮੁੜ ਐਮ.ਪੀ. ਬਣਾਉਣ ਵਿੱਚ ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ ਅਹਿਮ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਉਂਕਿ ਰਾਜਦੇਵ ਸਿੰਘ ਖਾਲਸਾ ਦੇ ਜਿਲ੍ਹੇ ਬਰਨਾਲਾ ਦੇ ਦੋ ਹਲਕਿਆਂ ਬਰਨਾਲਾ ਅਤੇ ਭਦੌੜ ਤੋਂ ਮਾਨ ਨੂੰ 9420 ਵੋਟਾਂ ਦੀ ਲੀਡ ਮਿਲੀ ਹੈ। ਇਸ ਤੋਂ ਬਿਨਾਂ ਸੰਗਰੂਰ ਹਲਕੇ ਤੋਂ ਸਾਲ 1989 ਵਿੱਚ ਵੱਡੀ ਜਿੱਤ ਦਰਜ਼ ਕਰਨ ਵਾਲੇ ਰਾਜਦੇਵ ਸਿੰਘ ਖਾਲਸਾ
ਦਾ ਲੋਕ ਸਭਾ ਦੇ ਬਾਕੀ 6 ਹਲਕਿਆਂ ਵਿੱਚ ਵੀ ਚੋਖਾ ਅਸਰ ਹੈ। ਕਿਉਂਕਿ ਰਾਜਦੇਵ ਸਿੰਘ ਖਾਲਸਾ ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋਣ ਵਾਲੇ, ਸਿੱਖ ਨੌਜਵਾਨਾਂ ਦੇ ਕੇਸਾਂ ਦੀ ਮੁਫਤ ਪੈਰਵਾਈ ਕਰਦੇ ਰਹੇ ਹਨ। ਉਨਾਂ ਨੌਜਵਾਨਾਂ ਦੇ ਪਰਿਵਾਰਾਂ ਅਤੇ ਸਿੱਖ ਪੰਥ ਵਿੱਚ ਰਾਜਦੇਵ ਸਿੰਘ ਖਾਲਸਾ, ਕਾਫੀ ਮਕਬੂਲ ਹਨ, ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਆਪਣੀ ਚੋਣ ਤੋਂ ਬਾਅਦ ਪਹਿਲੀ ਵਾਰ , ਹੁਣ ਖੁੱਲ੍ਹ ਕੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਨਿੱਤਰੇ ਸਨ। ਜਿਸ ਦਾ ਅਸਰ, ਮਾਨ ਦੀ ਜਿੱਤ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ। ਸਿਮਰਨਜੀਤ ਸਿੰਘ ਮਾਨ, ਜਦੋਂ ਰਾਜਦੇਵ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪਹੁੰਚੇ ਸਨ, ਤਾਂ ਉਨ੍ਹਾਂ ਖਾਲਸਾ ਨੂੰ 2027 ਦੀਆਂ ਚੋਣਾਂ ਸਮੇਂ ਵਿਧਾਨ ਸਭਾ ਹਲਕਾ, ਬਰਨਾਲਾ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਸਾਬਕਾ ਐਮ.ਪੀ. ਖਾਲਸਾ ਨੇ ਕਿਹਾ ਕਿ ਮਾਨ ਦੀ ਜਿੱਤ, ਪੰਜਾਬ ਦੀ ਸਿਆਸਤ ‘ਚੋਂ ਪੰਥ ਨੂੰ ਮਨਫੀ ਕਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਉਨਾਂ ਕਿਹਾ ਕਿ ਪੰਜਾਬ ,ਗੁਰਾਂ ਦੇ ਨਾਂ ਤੇ ਹੀ ਵੱਸਦਾ ਹੈ। ਖਾਲਸਾ ਨੇ ਕਿਹਾ ਕਿ ਮਾਨ ਦੀ ਜਿੱਤ ਨੇ ਪੰਥ ਦੀ ਰਾਜਨੀਤੀ ਨੂੰ ਮੁੜ ਲੀਹ ਤੇ ਲੈ ਕੇ ਆਉਣ ਦਾ ਮੁੱਢ ਬੰਨ੍ਹਿਆ ਹੈ। ਜਿਸ ਦਾ ਅਸਰ, ਸੰਗਰੂਰ ਤੋਂ ਇਲਾਵਾ ਪੰਜਾਬ ਹੀ ਨਹੀਂ, ਬਲਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿਦੇਸ਼ ਦੀ ਸਿੱਖ ਰਾਜਨੀਤੀ ਵਿੱਚ ਵੀ ਵੇਖਣ ਨੂੰ ਮਿਲੇਗਾ।