ਰਘਬੀਰ ਹੈਪੀ , ਬਰਨਾਲਾ 27 ਜੂਨ 20
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸਾਲਾਨਾ ਬਜ਼ਟ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਮੁਕਰਨ ਵਾਲਾ ਬਜ਼ਟ ਹੈ। ਇਹ ਵਿਚਾਰ ਭਾਜਪਾ ਨੇਤਾ ਕੇਵਲ ਸਿੰਘ ਢਿੱਲੋਂ ਨੇ ਪ੍ਰੈਸ ਬਿਆਨ ਰਾਹੀਂ ਸਾਂਝੇ ਕੀਤੇ ਹਨ। ਉਹਨਾ ਕਿਹਾ ਕਿ ਆਪ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਗਾਰੰਟੀਆਂ ਤੋਂ ਮੁੱਕਰ ਗਈ ਹੈ। ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਗਾਰੰਟੀਆਂ ਦਿੱਤੀਆ ਸਨ, ਉਹਨਾਂ ਨੂੰ ਇਸ ਬਜ਼ਟ ਸ਼ੈਸ਼ਨ ਵਿੱਚ ਸ਼ਾਮਲ ਕਰਨ ਤੋਂ ਵੀ ਗੁਰੇਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਘਰ ਘਰ ਜਾ ਕੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਭਰੋਸਾ ਦਿੱਤਾ ਸੀ, ਪ੍ਰੰਤੂ ਇਸ ਗਾਰੰਟੀ ਨੂੰ ਪੂਰਾ ਕਰਨ ਲਈ ਆਪ ਸਰਕਾਰ ਨੇ ਕੋਈ ਤਜਵੀਜ਼ ਨਹੀਂ ਰੱਖੀ। ਉਥੇ ਹੀ ਆਪ ਸਰਕਾਰ ਨੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਲਈ ਵੀ ਬਜ਼ਟ ਵਿੱਚ ਕੋਈ ਪੈਸਾ ਨਹੀਂ ਰੱਖਿਆ ਗਿਆ। ਭਾਵੇਂ ਵਿੱਤ ਮੰਤਰੀ ਨੇ 1 ਜੁਲਾਈ ਤੋਂ ਬਿਜਲੀ ਮੁਫ਼ਤ ਦੇਣ ਦਾ ਜਿਕਰ ਜਰੂਰ ਕੀਤਾ ਹੈ, ਪ੍ਰੰਤੂ ਇਸ ਲਈ ਬਾਕਾਇਦਾ ਪੈਸਾ ਰੱਖਿਆ ਜਾਂਦਾ ਹੈ ਕਿ ਕਿੰਨੇ ਲੋਕਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਅਤੇ ਇਸਦਾ ਸਾਲਾਨਾ ਬਜ਼ਟ ਕਿੰਨਾ ਬਣੇਗਾ, ਇਸ ਬਾਰੇ ਕੋਈ ਜਿਕਰ ਨਹੀਂ ਹੈ। ਜਿਸਤੋਂ ਪਤਾ ਲੱਗਦਾ ਹੈ ਕਿ ਸਰਕਾਰ ਇਸ ਵਾਅਦੇ ਤੋਂ ਵੀ ਮੁਕਰ ਰਹੀ ਹੈ। ਉਥੇ ਹੀ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇੱਕ ਪਾਸੇ ਆਪ ਸਰਕਾਰ ਈ-ਬਜ਼ਟ ਪੇਸ਼ ਕਰਕੇ ਕਾਗਜ਼ ਅਤੇ ਪੈਸਾ ਬਚਾਉਣ ਦੀ ਡਰਾਮੇਬਾਜ਼ੀ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸੰਗਰੂਰ ਜਿਮਨੀ ਚੋਣ ਵਿੱਚ ਲੱਖਾਂ ਰੁਪਏ ਦੇ ਪੋਸਟਰਾਂ ਨਾਲ ਕੰਧਾਂ ਆਮ ਆਦਮੀ ਪਾਰਟੀ ਵਲੋਂ ਭਰੀਆਂ ਗਈਆਂ।
ਕੇਵਲ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਗਲੀ ਮੁਹੱਲੇ ਹੈਲਥ ਕਲੀਨਿਕ ਖੋਲਣ ਦਾ ਐਲਾਨ ਕੀਤਾ ਸੀ, ਜਦਕਿ ਇਸ ਬਜ਼ਟ ਵਿੱਚ ਸਿਰਫ਼ 117 ਕਲੀਨਿਕ ਖੋਲਣ ਦੀ ਗੱਲ ਕੀਤੀ ਹੈ, ਜਿਸਦਾ ਭਾਵ ਹੈ ਕਿ ਇੱਕ ਵਿਧਾਨ ਸਭਾ ਹਲਕੇ ਵਿੱਚ ਸਿਰਫ਼ ਇੱਕ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ। ਜਿਸਤੋਂ ਸਾਫ਼ ਜ਼ਾਹਰ ਹੈ ਕਿ ਸਰਕਾਰ ਆਪਣੇ ਇਸ ਵਾਅਦੇ ਤੋਂ ਵੀ ਮੁਕਰ ਗਈ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਦਾ ਇਹ ਬਜ਼ਟ ਪੰਜਾਬ ਦੇ ਲੋਕਾਂ ਨਾਲ ਧੋਖੇ ਭਰਿਆ ਬਜ਼ਟ ਸਿੱਧ ਹੋਇਆ ਹੈ। ਆਪ ਪਾਰਟੀ ਦੀ ਇਸੇ ਧੋਖੇਬਾਜ਼ੀ ਨੂੰ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਪਹਿਚਾਣਿਆ ਹੈ, ਜਿਸ ਕਰਕੇ ਸੱਤਾ ਧਿਰ ਹੋਣ ਦੇ ਬਾਵਜੂਦ ਸਿਰਫ਼ ਤਿੰਨ ਮਹੀਨਿਆਂ ਵਿੱਚ ਆਪ ਪਾਰਟੀ ਨੂੰ ਇਸ ਹਲਕੇ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ।