8 ਵੀਂ ਦੇ ਬੋਰਡ ਨਤੀਜਿਆਂ ‘ਚ ਬਰਨਾਲਾ ਜ਼ਿਲ੍ਹੇ ਦੇ ਮਨਪ੍ਰੀਤ ਨੇ ਲੋਕਾਂ ਦਾ ਮਨ ਮੋਹਿਆ

Advertisement
Spread information

100 ਫ਼ੀਸਦੀ ਨੰਬਰ ਲੈ ਕੇ ਸੂਬੇ ਭਰ ਵਿੱਚੋਂ ਹਾਸਲ ਕੀਤਾ ਪਹਿਲਾ ਸਥਾਨ

ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ, ਵਿਦਿਆਰਥੀ ਤੇ ਮਾਪਿਆਂ ਨੂੰ ਵਧਾਈ 


 ਹਰਿੰਦਰ ਨਿੱਕਾ , ਬਰਨਾਲਾ, 2 ਜੂਨ 2022
    ਕੌਣ ਕਹਿਤਾ ਹੈ ਕਿ ਆਸਮਾਂ ਮੇਂ ਛੇਦ ਨਹੀਂ ਹੋਤਾ, ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰ, ਇਸ ਸ਼ੇਅਰ ਨੂੰ ਹਕੀਕਤ ਦੀ ਕਸੌਟੀ ਤੇ ਸੱਚ ਸਾਬਿਤ ਕਰ ਦਿਖਾਇਆ ਹੈ , ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਆਪਣੇ ਜਿਲ੍ਹੇ ਦੇ ਪਿੰਡ ਗੁੰਮਟੀ ਦੇ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ, ਮਨਪ੍ਰੀਤ ਨੇ ਅੱਠਵੀਂ ਕਲਾਸ ਦੇ ਅੱਜ ਐਲਾਨੇ ਨਤੀਜੇ ‘ਚ ਫੁੱਲ ਵਟਾ ਫੁੱਲ ਅੰਕ ਪ੍ਰਾਪਤ ਕਰਕੇ, ਸੂਬੇ ਭਰ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ । ਛੋਟੀ ਕਿਸਾਨੀ ਨਾਲ ਸਬੰਧਿਤ ਪਰਿਵਾਰ ਦੇ ਪੁੱਤ ਮਨਪ੍ਰੀਤ ਸਿੰਘ ਨੇ ਆਪਣੀ ਸ਼ਾਨਾਮੱਤੀ ਪ੍ਰਾਪਤੀ ਨਾਲ, ਇਲਾਕੇ ਦੇ ਲੋਕਾਂ ਦਾ ਮਨ ਮੋਹ ਲਿਆ ਹੈ। ਹਰ ਕੋਈ, ਮਨਪ੍ਰੀਤ ਦੀ ਪ੍ਰਾਪਤੀ ਤੇ ਫਖਰ ਮਹਿਸੂਸ ਕਰ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਨੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥੀ ਮਨਪ੍ਰੀਤ ਸਿੰਘ ਪਿੰਡ ਗੁੰਮਟੀ ਦਾ ਰਹਿਣ ਵਾਲਾ ਹੈ ਅਤੇ ਆਪਣੇ ਹੀ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ। ਮਨਪ੍ਰੀਤ ਨੇ ਅੱਠਵੀਂ ਕਲਾਸ ਵਿੱਚੋਂ 600 ਵਿੱਚੋਂ 600 ਨੰਬਰ ਹਾਸਿਲ ਕੀਤੇ ਹਨ।
     ਮਨਪ੍ਰੀਤ ਦੀ ਮਾਤਾ ਕਿਰਨਜੀਤ ਨੇ ਦੱਸਿਆ ਕਿ ਉਸ ਨੂੰ ਆਪਣੇ ਪੁੱਤ  ਦੇ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਦੀ ਬੇਹੱਦ ਖੁਸ਼ੀ ਹੈ। ਉਹਨਾਂ ਦੱਸਿਆ ਕਿ ਮਨਪ੍ਰੀਤ ਦੇ ਪਿਤਾ ਦੀ 2014 ਵਿੱਚ ਮੌਤ ਹੋ ਗਈ ਸੀ। ਉਹ ਛੋਟੇ ਕਿਰਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਖ਼ੁਦ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ। ਪਰਿਵਾਰ ਵਿੱਚ ਮਨਪ੍ਰੀਤ ਦਾ ਇੱਕ ਹੋਰ ਵੱਡਾ ਭਰਾ ਅਰਸ਼ਦੀਪ ਸਿੰਘ ਹੈ। 
   ਮਨਪ੍ਰੀਤ ਨੇ ਦੱਸਿਆ ਕਿ ਉਹ ਆਈ.ਏ.ਐਸ. ਬਨਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਸਕੂਲ ਦੇ ਸਾਰੇ ਅਧਿਆਪਕਾਂ ਦਾ ਪੂਰਾ ਸਾਥ ਰਿਹਾ ਹੈ। ਸਕੂਲ ਇੰਚਾਰਜ ਦਰਸ਼ਨ ਸਿੰਘ ਤੋਂ ਲੈ ਕੇ ਹਰ ਵਿਸ਼ੇ ਦੇ ਅਧਿਆਪਕਾਂ ਨੇ ਪੜ੍ਹਾਈ ਵਿੱਚ ਹਰ ਮਦਦ ਕੀਤੀ ਹੈ । ਉਸਨੇ ਆਪਣੀ ਇਸ ਪ੍ਰਾਪਤੀ ਲਈ ਆਪਣੇ ਪਰਿਵਾਰ ਅਤੇ ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ।
   ਇਸ ਮੌਕੇ ਜ਼ਿਲ੍ਹਾ  ਸਿੱਖਿਆ ਅਧਿਕਾਰੀ ਸ.ਸਰਬਜੀਤ ਸਿੰਘ ਤੂਰ ਨੇ ਵਿਦਿਆਰਥੀ ਮਨਪ੍ਰੀਤ ਸਿੰਘ, ਉਸ ਦੇ ਪਰਿਵਾਰ ਅਤੇ ਉਸ ਦੇ ਸਕੂਲ ਦੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ । ਇਸ ਮੌਕੇ ਸਿੱਖਿਆ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਦਾ ਮੂੰਹ ਮਿੱਠਾ ਕਰਵਾਇਆ।
 ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀ, ਮਾਪਿਆਂ ਤੇ ਅਧਿਆਪਕਾਂ   ਨੂੰ ਮੁਬਾਰਕਬਾਦ  ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰੀਸ਼ ਨਈਅਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਨੇ ਅੱਠਵੀਂ ਦੇ ਨਤੀਜਿਆਂ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਪਿੰਡ, ਸਕੂਲ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਮਨਪ੍ਰੀਤ, ਉਸ ਦੇ ਮਾਪਿਆਂ, ਅਧਿਆਪਕਾਂ ਤੇ ਸਿੱਖਿਆ ਵਿਭਾਗ ਬਰਨਾਲਾ ਨੂੰ ਵਧਾਈ ਦਿੱਤੀ। 
Advertisement
Advertisement
Advertisement
Advertisement
Advertisement

One thought on “8 ਵੀਂ ਦੇ ਬੋਰਡ ਨਤੀਜਿਆਂ ‘ਚ ਬਰਨਾਲਾ ਜ਼ਿਲ੍ਹੇ ਦੇ ਮਨਪ੍ਰੀਤ ਨੇ ਲੋਕਾਂ ਦਾ ਮਨ ਮੋਹਿਆ

Comments are closed.

error: Content is protected !!