ਜ਼ਮੀਨ ਅੰਦਰਲੇ ਨਰੋਏ ਤੱਤਾਂ ਦੀ ਤਬਾਹੀ ਰੋਕਣ ਦੀ ਕਿਸਾਨ ਭਾਈਚਾਰੇ ਨੂੰ ਕੀਤੀ ਅਪੀਲ
ਚੌਗਿਰਦੇ ਦੀ ਰਾਖੀ ਲਈ ਹਰ ਸੰਭਵ ਉਪਰਾਲੇ ਕਰਨ ਦਾ ਐਲਾਨ
ਪਰਦੀਪ ਕਸਬਾ , ਜਲੰਧਰ ; 16 ਮਈ 2022
ਜਮਹੂਰੀ ਕਿਸਾਨ ਸਭਾ ਨੇ ਡੇਰਾ ਬੱਸੀ ਨੇੜਲੇ ਪਿੰਡ ਸੁੰਡਰਾ ਵਿਖੇ ਕਣਕ ਦੇ ਨਾੜ ਨੂੰ ਲਾਈ ਗਈ ਅੱਗ ‘ਚ ਝੁਲਸ ਜਾਣ ਕਰਕੇ ਇੱਕ ਮਾਸੂਮ ਬੱਚੀ ਦੀ ਹੋਈ ਦਰਦਨਾਕ ਮੌਤ ਅਤੇ ਦਰਜਨਾਂ ਝੁਗੀਆਂ ਦੇ ਸੜ ਕੇ ਸੁਆਹ ਹੋ ਜਾਣ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕੇ ਜਾਣ ਦੀ ਮੰਗ ਕੀਤੀ ਹੈ।
ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਥੋੜ੍ਹੇ ਦਿਨ ਪਹਿਲਾਂ ਬਟਾਲੇ ਲਾਗੇ ਨਾੜ ਨੂੰ ਅੱਗ ਲਾਉਣ ਦੀ ਅਜਿਹੀ ਹੀ ਇੱਕ ਘਟਨਾ ਵਿੱਚ ਦਰਜਨਾਂ ਮਾਸੂਮ ਬੱਚੇ ਅੱਗ ਦੀਆਂ ਲਪਟਾਂ ‘ਚ ਘਿਰ ਗਏ ਸਨ ਅਤੇ ਜੇ ਸਮਾਂ ਰਹਿੰਦਿਆਂ ਚੌਕਸੀ ਨਾ ਵਰਤੀ ਗਈ ਹੁੰਦੀ ਤਾਂ ਬਹੁਤ ਵੱਡਾ ਦੁਖਾਂਤ ਵਾਪਰ ਜਾਣਾ ਸੀ।
ਆਗੂਆਂ ਨੇ ਕਿਹਾ ਕਿ ਚੰਦ ਕੁ ਪੈਸੇ ਬਚਾਉਣ ਲਈ ਨਾੜ ਨੂੰ ਅੱਗ ਲਾਉਣੀ ਨਾ ਕੇਵਲ ਚੌਗਿਰਦੇ ਲਈ ਘਾਤਕ ਹੈ ਬਲਕਿ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਵੀ ਬੇਹੱਦ ਨੁਕਸਾਨਦੇਹ ਹੈ।
ਆਗੂਆਂ ਨੇ ਕਿਸਾਨ ਭਾਈਚਾਰੇ ਨੂੰ ਕਿਸਾਨੀ ਹਿੱਤਾਂ ਦੀ ਰਾਖੀ ਦੇ ਸੰਘਰਸ਼ ਲੜਦਿਆਂ ਹੋਇਆਂ ਸਮੁੱਚੀ ਮਾਨਵਤਾ ਪ੍ਰਤੀ ਜਵਾਬਦੇਹੀ ਵਾਲੀ ਪਹੁੰਚ ਅਪਣਾਉਣ ਅਤੇ ਕੁਦਰਤ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਨਾ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਅੱਜ ਦੇ ਨਿੱਕੇ-ਮੋਟੇ ਜਾਂ ਸਵਾਰਥ ਜਾਂ ਵਾਤਾਵਰਣ ਪ੍ਰਤੀ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਦੇ ਭੈੜੇ ਨਤੀਜੇ ਭਵਿੱਖ ਦੀਆਂ ਸਾਡੀਆਂ ਹੀ ਪੀੜ੍ਹੀਆਂ ਨੂੰ ਭੁਗਤਨੇ ਪੈਣੇ ਹਨ।
ਕਿਸਾਨ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇੱਕਾ-ਦੁੱਕਾ ਘਟਨਾਵਾਂ ਨੂੰ ਆਧਾਰ ਬਣਾ ਕੇ ਸਾਰੇ ਕਿਸਾਨਾਂ ਦੀ ਛਵੀ ਖਲਨਾਇਕਾਂ ਵਾਲੀ ਨਾ ਬਣਾਈ ਜਾਵੇ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੀੜਤਾਂ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕਦਮ ਚੁੱਕਣ ਦੀ ਮੰਗ ਕੀਤੀ ਹੈ।