” ਖਤਰੇ ਦਾ ਘੁੱਗੂ ਬੋਲ ਪਿਆ ” ਬਰਨਾਲਾ ਕਲੱਬ ਨੂੰ ਕੌਂਸਲ ‘ਚ ਭਰਨਾ ਪੈ ਸਕਦੈ ਲੱਖਾਂ ਰੁਪੱਈਆ
ਹਰਿੰਦਰ ਨਿੱਕਾ , ਬਰਨਾਲਾ 16 ਮਈ 2022
ਨਗਰ ਕੌਂਸਲ ਦੇ ਪ੍ਰਧਾਨ ਅਤੇ ਮੈਂਬਰਾਂ ਤੋਂ ਬਰਨਾਲਾ ਕਲੱਬ ‘ਚ ਐਂਟਰੀ ਸਮੇਂ ਗੈਸਟ ਫੀਸ ਮੰਗਣ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਪੈਦਾ ਹੋਇਆ ਝਗੜਾ, ਬੇਸ਼ੱਕ ਇੱਕ ਵਾਰ ਬਰਨਾਲਾ ਕਲੱਬ ਦੇ ਸੈਕਟਰੀ ਡਾਕਟਰ ਰਮਨਦੀਪ ਸਿੰਘ ਦੀ ਪਹਿਲਕਦਮੀ ਤੋਂ ਬਾਅਦ ਸੁਲਝ ਗਿਆ ਹੈ। ਪਰੰਤੂ ਫਿਰ ਵੀ ਦੋਵਾਂ ਸੰਸਥਾਵਾਂ ਦੀ ਆਪੋ-ਆਪਣੇ ਹਿੱਤ ਲਈ ਸ਼ੁਰੂ ਹੋਈ ਲੜਾਈ ਹਾਲੇ ਤੱਕ ਅੰਦਰੋ-ਅੰਦਰ ਸੁਲਘ ਜਰੂਰ ਰਹੀ ਹੈ । ਕੁਝ ਦਿਨ ਪਹਿਲਾਂ ਦੋਹਾਂ ਧਿਰਾਂ ‘ਚ ਸ਼ੁਰੂ ਹੋਈ ਤਕਰਾਰ ਸਮੇਂ ਕੌਂਸਲਰਾਂ ਵੱਲੋਂ ਛੇਡਿਆ , ਬਰਨਾਲਾ ਕਲੱਬ ਦੇ ਕੂੜੇ ਦਾ ਰਾਗ, ਲੋਕਾਂ ਵਿੱਚ ਪਹਿਲਾਂ ਵਾਂਗ ਹੀ ਅਲਾਪਿਆ ਜਾ ਰਿਹਾ ਹੈ । ਭਾਂਵੇ ਯੂਥ ਵਿੰਗ ਭਾਜਪਾ ਦੇ ਸੂਬਾਈ ਆਗੂ ਨੀਰਜ਼ ਜਿੰਦਲ ਅਤੇ ਬਰਨਾਲਾ ਕਲੱਬ ਦੇ ਸੈਕਟਰੀ ਡਾਕਟਰ ਰਮਨਦੀਪ ਸਿੰਘ ਨੇ ਚਾਹ ਦਾ ਕੱਪ ਸਾਂਝਾ ਕਰਕੇ, ਕਥਿਤ ਤੌਰ ਤੇ ਗਿਲੇ ਸ਼ਿਕਵੇ ਭੁੱਲ ਕੇ , ਸੁਲ੍ਹਾ ਕਰ ਲਈ ਦੱਸੀ ਜਾ ਰਹੀ ਹੈ। ਪਰੰਤੂ ਨਗਰ ਕੌਂਸਲ ਦੇ ਹੋਰ ਮੈਂਬਰਾਂ ਦਾ ਗੁੱਸਾ ਪਹਿਲਾਂ ਦੀ ਤਰਾਂ ਹਾਲੇ ਵੀ ਬਰਕਰਾਰ ਹੈ।
ਫਰੋਲਿਆ ਜਾ ਰਿਹੈ, ਕੌਂਸਲ ਦਾ ਰਿਕਾਰਡ !
ਨਗਰ ਕੌਂਸਲ ‘ਚੋਂ ਨਿਕਲਦੀਆਂ ਕਨਸੋਆਂ ਦਾ ਯਕੀਨ ਮੰਨੀਏ ਤਾਂ ਬਰਨਾਲਾ ਕਲੱਬ ਦਾ ਕੂੜਾ ਚੁੱਕਣ ਸਬੰਧੀ, ਨਗਰ ਕੌਂਸਲ ਦੇ ਰਿਕਾਰਡ ਦੀਆਂ ਪੁਰਾਣੀਆਂ ਫਾਈਲਾਂ ਦੀ ਫਰੋਲਾ-ਫਰਾਲੀ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਫਾਈਲਾਂ ਨੂੰ ਖੰਗਾਲ ਕੇ, ਇਹ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿਆਪੀ ਸ਼ੁਰੂ ਹੋਈ, “ ਸਵੱਛ ਭਾਰਤ ” ਸਕੀਮ ਲਾਗੂ ਹੋਣ ਤੋਂ ਬਾਅਦ, ਕੀ ਨਗਰ ਕੌਂਸਲ ਵੱਲੋਂ ਬਰਨਾਲਾ ਕਲੱਬ ਦਾ ਕੂੜਾ ਚੁੱਕਣ ਲਈ, ਕੋਈ ਯੂਜ਼ਰ ਚਾਰਜ ਤੈਅ ਕੀਤੇ ਵੀ ਗਏ ਸਨ ਜਾਂ ਨਹੀਂ ? ਇਸ ਮੁੱਦੇ ਤੇ ਨਗਰ ਕੌਂਸਲ ਦੇ ਦੋਵੇਂ ਹੱਥੀਂ ਲੱਡੂਆਂ ਵਾਲੀ ਕਹਾਵਤ ਫਿੱਟ ਬੈਠਦੀ ਹੈ। ਜੇਕਰ ਯੂਜਰ ਚਾਰਜ ਤੈਅ ਕੀਤੇ ਗਏ ਸਨ ਤਾਂ ਫਿਰ ਬਰਨਾਲਾ ਕਲੱਬ ਵੱਲੋਂ ਕਦੋਂ ਤੋਂ ਯੂਜਰ ਚਾਰਜ ਨਹੀਂ ਭਰੇ ਗਏ, ਉਦੋਂ ਤੋਂ ਯੂਜਰ ਚਾਰਜਾਂ ਦੀ ਵਸੂਲੀ ਦਾ ਨੋਟਿਸ ਕੱਢਿਆ ਜਾ ਸਕਦਾ ਹੈ।
ਜੇਕਰ ਨਗਰ ਕੌਂਸਲ ਵੱਲੋਂ ਮਤਾ ਪਾ ਕੇ ਯੂਜਰ ਚਾਰਜ ਤੈਅ ਨਾ ਕੀਤੇ ਹੋਏ ਤਾਂ ਫਿਰ , ਨਗਰ ਕੋਂਸਲ ਦੀ ਆਗਾਮੀ ਮੀਟਿੰਗ ਵਿੱਚ ਯੂਜਰ ਚਾਰਜ ਤੈਅ ਕਰ ਦਿੱਤੇ ਜਾਣਗੇ, ਜਿਸ ਨਾਲ, ਕੌਂਸਲ ਦੀ ਆਮਦਨੀ ਵਿੱਚ ਚੋਖੇ ਵਾਧੇ ਦਾ ਰਾਹ ਮੋਕਲਾ ਜਰੂਰ ਹੋ ਜਾਵੇਗਾ । ਵਰਨਣਯੋਗ ਹੈ ਕਿ ਬਰਨਾਲਾ ਕਲੱਬ ਕਮਰਸ਼ੀਅਲ ਸਾਈਟ ਹੈ, ਅਤੇ ਇਹ , ਬਲਕ ਬੇਸਟ ਜੈਨਰੇਟਰ ਦੀ ਸ੍ਰੇਣੀ ਵਿੱਚ ਆਉਂਦਾ ਹੈ। ਇਸ ਦੇ ਯੂਜਰ ਚਾਰਜ ਤਕਰੀਬਨ 5 ਤੋਂ ਲੈ ਕੇ 10 ਹਜ਼ਾਰ ਰੁਪਏ ਮਹੀਨਾ ਤੈਅ ਹੋ ਜਾਣ, ਨਾਲ ਨਗਰ ਕੌਂਸਲ ਦੀਆਂ ਪੰਜੇ ਉਂਗਲਾਂ ਘਿਉ ਵਿੱਚ ਰਹਿਣਗੀਆਂ ਅਤੇ ਬਰਨਾਲਾ ਕਲੱਬ ਤੇ ਕਰੀਬ 1 ਲੱਖ ਰੁਪਏ ਤੋਂ ਵੱਧ ਦਾ ਵਿਤੀ ਬੋਝ ਵੱਧਣਾ ਨਿਸਚਿਤ ਹੀ ਹੈ। ਇਸ ਤਰਾਂ ਦੇ ਹਾਲਤ ਵਿੱਚ ਹੀ ਕਿਹਾ ਜਾਂਦੈ । ਸਮਾਂ ਠੀਕ ਨਾ ਹੋਵੇ ਤਾਂ ਫਿਰ ਐਂਵੇ ਹੀ ਟੀਡਿਆਂ ਨਾਲ ਢੋਲਕੀ ਵੱਜਣ ਲੱਗ ਜਾਂਦੀ ਹੈ। ਕੁੱਝ ਵੀ ਹੋਵੇ, ਬਰਨਾਲਾ ਕਲੱਬ ਦੇ ਸੈਕਟਰੀ ਵੱਲੋਂ ਨਗਰ ਕੌਂਸਲਰਾਂ ਤੋਂ 50 ਰੁਪਏ ਗੈਸਟ ਫੀਸ ਮੰਗਣੀ, ਮਹਿੰਗੀ ਸਾਬਿਤ ਹੋ ਸਕਦੀ ਹੈ ।
E O ਦਾ ਮੋਬਾਇਲ ਚਲਦਾ ਰਿਹਾ ਬਿਜ਼ੀ
ਬਰਨਾਲਾ ਕਲੱਬ ਦੇ ਕੂੜੇ ਦੇ ਯੂਜਰ ਚਾਰਜਾਂ ਬਾਰੇ ਜਾਣਕਾਰੀ ਲੈਣ ਲਈ, ਕੌਂਸਲ ਦੇ ਈਉ ਮੋਹਿਤ ਸ਼ਰਮਾ ਦਾ ਪੱਖ ਜਾਣਨਾ ਚਾਹਿਆ ਤਾਂ, ਉਨ੍ਹਾਂ ਦਾ ਫੋਨ ਉਨ੍ਹਾਂ ਦੀ ਰੁਟੀਨ ਵਾਂਗ, ਬਿਜ਼ੀ ਹੀ ਚਲਦਾ ਰਿਹਾ। ਉੱਧਰ ਸਵੱਛ ਭਾਰਤ ਮੁਹਿੰਮ ਦੀ ਨਿਗਰਾਨੀ ਕਰ ਰਹੇ, ਸੀ.ਐਫ. ਹਰਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਤਾਂ ਜਾਣਕਾਰੀ ਹੈ ਕਿ ਬਰਨਾਲਾ ਕਲੱਬ ਵਾਲਿਆਂ ਤੋਂ ਕੂੜੇ ਦੇ ਯੂਜਰ ਚਾਰਜ ਨਹੀਂ ਵਸੂਲੇ ਜਾ ਰਹੇ, ਪਰੰਤੂ ਨਗਰ ਕੌਂਸਲ ਵੱਲੋਂ ਯੂਜਰ ਚਾਰਜ ਤੈਅ ਕਰਨ ਲਈ, ਮਤਾ ਪਾਇਆ ਗਿਆ ਹੈ ਜਾਂ ਨਹੀਂ, ਇਸ ਬਾਰੇ ਰਿਕਾਰਡ ਦੇਖ ਕੇ ਹੀ ਕੁੱਝ ਦੱਸਿਆ ਜਾ ਸਕਦਾ ਹੈ।