ਐਨਐਚਐਮ ਇੰਪਲਾਈਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦਾ ਪੁਨਰਗਠਨ
ਪੰਜਾਬ ਸਰਕਾਰ ਤੋਂ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਕੀਤੀ
ਦਵਿੰਦਰ ਡੀ.ਕੇ., ਲੁਧਿਆਣਾ 15 ਮਈ 2022
ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਸ਼ੁਰੂ ਕਰਨ ਦੇ ਮੰਤਵ ਨਾਲ ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਨੇ ਵੀ ਹੁਣ ਤਿੱਖੇ ਸੰਘਰਸ਼ ਲਈ, ਝੰਡੇ ਵਿੱਚ ਡੰਡਾ ਪਾਉਣ ਲਈ ਤਿਆਰੀ ਖਿੱਚ ਲਈ ਹੈ। ਇਸ ਨੂੰ ਅਮਲੀ ਜਾਮਾ ਪਹਿਣਾਉਣ ਲਈ , ਆਪਣੀ ਜਥੇਬੰਦੀ ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਦੀ ਆਰਜੀ ਸੂਬਾ ਕਮੇਟੀ ਦਾ ਪੁਨਰਗਠਨ ਵੀ ਕਰ ਲਿਆ ਗਿਆ ਹੈ।ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਨਵੀਂ ਚੁਣੀ ਸੂਬਾ ਪ੍ਰੈਸ ਸਕੱਤਰ ਕਮਲਜੀਤ ਕੌਰ ਪੱਤੀ ਨੇ ਦੱਸਿਆ ਕਿ ਸਿਹਤ ਮਿਸ਼ਨ (ਐਨਐਚਐਮ) ਤਹਿਤ ਪਿਛਲੇ 15 ਸਾਲਾਂ ਤੋਂ ਨਿਗੂਣੀਆਂ ਤਣਖਾਹਾਂ ਤਹਿਤ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ ਪਿਛਲੇ ਸਮੇਂ ਵੀ ਰੈਗੂਲਰ ਹੋਣ ਦੀ ਮੰਗ ਲਈ ਤਿੱਖੇ ਸੰਘਰਸ਼ ਕੀਤੇ ਗਏ, ਪਰ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟੀ ਰੱਖਿਆ। ਪਿਛਲੇ ਸਮੇਂ ਲੜੇ ਗਏ ਸੰਘਰਸ਼ਾਂ ਦੌਰਾਨ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਆਗੂ ਇਹਨਾਂ ਕੱਚੇ ਸਿਹਤ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਪਹੁੰਚ ਕੇ ਹਮਾਇਤ ਵੀ ਦਿੰਦੇ ਰਹੇ ਹਨ ਤੇ ਸਰਕਾਰ ਆਉਣ ‘ਤੇ ਪੱਕੇ ਕਰਨ ਦੇ ਵਾਅਦੇ ਵੀ ਕਰਦੇ ਰਹੇ ਹਨ ਪਰ ਹੁਣ ਸਰਕਾਰ ਬਨਣ ‘ਤੇ ਇਹਨਾਂ ਕੱਚੇ ਸਿਹਤ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਜਾ ਰਹੀ ਜਿਸ ਕਾਰਨ ਇਹਨਾਂ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੰਜਾਬ ਲੱਗਭੱਗ ਸਾਰੇ ਜਿਲ੍ਹਿਆਂ ਵਿੱਚ ਸਿਹਤ ਮੁਲਾਜ਼ਮਾਂ ਵੱਲੋਂ ਕੀਤੀਆਂ ਮੀਟਿੰਗਾਂ ਦੌਰਾਨ ਐਨਐਚਐਮ ਇੰਪਲਾਈਜ਼ ਯੂਨੀਅਨ ਦੀ ਨਵੀਂ ਚੁਣੀ ਸੂਬਾ ਕਮੇਟੀ ਵਿੱਚ ਸਾਰੇ ਜਿਲ੍ਹਿਆਂ ਅਤੇ ਸਿਹਤ ਵਿਭਾਗ ਦੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਤੇ ਨਵੀਂ ਸੂਬਾ ਕਮੇਟੀ ਦੀ ਚੋਣ ਤਿੰਨ ਮਹੀਨੇ ਲਈ ਆਰਜ਼ੀ ਤੌਰ ‘ਤੇ ਕੀਤੀ ਗਈ ਹੈ ਜਿਸ ਉਪਰੰਤ ਪੱਕੀ ਚੋਣ ਕੀਤੀ ਜਾਵੇਗੀ।ਕਮਲਜੀਤ ਕੌਰ ਨੇ ਦੱਸਿਆ ਨਵੀਂ ਚੁਣੀ ਸੂਬਾ ਕਮੇਟੀ ‘ਚ ਡਾਕਟਰ ਵਾਹਿਦ ਮੁਹੰਮਦ ਮਲੇਰਕੋਟਲਾ ਸੂਬਾ ਪ੍ਰਧਾਨ, ਗੁਲਸ਼ਨ ਸ਼ਰਮਾ ਫਰੀਦਕੋਟ ਸੂਬਾ ਮੀਤ ਪ੍ਰਧਾਨ, ਜੋਗਿੰਦਰ ਸਿੰਘ ਫਿਰੋਜ਼ਪੁਰ ਸੂਬਾ ਜਨਰਲ ਸਕੱਤਰ, ਕਮਲਜੀਤ ਕੌਰ ਬਰਨਾਲਾ ਸੂਬਾ ਪ੍ਰੈੱਸ ਸਕੱਤਰ ਅਤੇ ਡਾਕਟਰ ਸ਼ਿਵਰਾਜ ਲੁਧਿਆਣਾ ਨੂੰ ਸੂਬਾ ਖਜ਼ਾਨਚੀ ਚੁਣਿਆ ਗਿਆ ਹੈ।
ਇਸਤੋਂ ਇਲਾਵਾ ਸੂਬਾ ਕਾਰਜਕਾਰੀ ਕਮੇਟੀ ਵਿੱਚ ਕਪੂਰਥਲਾ ਤੋਂ ਡਾਕਟਰ ਪ੍ਰਭਜੀਤ ਕੌਰ ਜੱਬਲ,ਹੁਸ਼ਿਆਰਪੁਰ ਤੋਂ ਨੀਤੂ ਸਰਮਲ,ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਵਨ ਸ਼ਰਮਾ,ਫਤਹਿਗੜ੍ਹ ਸਾਹਿਬ ਤੋਂ ਜਸ਼ਨਜੋਤ ਸਿੰਘ,ਫਾਜ਼ਿਲਕਾ ਤੋਂ ਰਵਿੰਦਰ ਕੁਮਾਰ,ਮਾਨਸਾ ਤੋਂ ਅਮਨਦੀਪ ਸਿੰਘ,ਮੋਗਾ ਤੋਂ ਗੁਰਜਿੰਦਰ ਸਿੰਘ ਤੇ ਡਾ. ਸਿਮਰਨਪਾਲ ਸਿੰਘ,ਪਟਿਆਲਾ ਤੋਂ ਡਾ. ਰਾਜ ਕੁਮਾਰ,ਸੰਗਰੂਰ ਤੋਂ ਹਰਜਿੰਦਰ ਰੰਧਾਵਾ,ਜਲੰਧਰ ਤੋਂ ਡਾ. ਸ਼ੁਮਿਤ ਕਪਾਹੀ ਤੇ ਸੁਖਪ੍ਰੀਤ ਕੌਰ
ਇਸ ਤੋਂ ਇਲਾਵਾ ਚਾਰ ਮੈਂਬਰੀ ਸਲਹਕਾਰ ਬੋਰਡ ਬਣਾਇਆ ਗਿਆ ਹੈ ਜਿਸ ਵਿੱਚ ਅਵਤਾਰ ਸਿੰਘ,ਅਮਰਜੀਤ ਸਿੰਘ,ਸੰਦੀਪ ਕੌਰ ਤੇ ਹਰਪਾਲ ਸਿੰਘ ਸੋਢੀ ਨੂੰ ਲਿਆ ਗਿਆ ਹੈ।
ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਕਿਹਾ ਕਿ ਪੂਰੀਆਂ ਤਣਖਾਹਾਂ ਤਹਿਤ ਰੈਗੂਲਰ ਹੋਣਾ ਉਹਨਾਂ ਦਾ ਹੱਕ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੋਣ ਵਾਅਦੇ ਅਨੁਸਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੂਰੀਆਂ ਤਣਖਾਹਾਂ ਤਹਿਤ ਰੈਗੂਲਰ ਕਰਨ ਪਰ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਣਗੇ।
One thought on “NHM ਇੰਪਲਾਈਜ਼ ਨੇ ਤਿੱਖੇ ਸੰਘਰਸ਼ ਲਈ ਖਿੱਚੀ ਝੰਡੇ ‘ਚ ਡੰਡਾ ਪਾਉਣ ਦੀ ਤਿਆਰੀ”
Comments are closed.