ਮੀਤ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਦੀਆਂ
ਲੱਥੀਆਂ ਪੱਗਾਂ , ਮਹਿਲਾ ਅਧਿਆਪਕਾਂ ਦੇ ਕੱਪੜੇ ਫਟੇ
ਹਰਿੰਦਰ ਨਿੱਕਾ , ਬਰਨਾਲਾ 1 ਮਈ 2022
ਲੰਬੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੀ. ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਵਿਰੁੱਧ ਸੰਘਰਸ਼ ਵਿੱਢ ਦਿੱਤਾ ਹੈ। ਅੱਜ 1 ਮਈ ਨੂੰ ਵਿਸ਼ਵ ਮਜ਼ਦੂਰ ਦਿਵਸ ਮੌਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਤਾਂ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਕਾਫੀ ਜ਼ਿਆਦਾ ਧੱਕਾ ਮੁੱਕੀ ਹੋਈ। ਇਸ ਦੌਰਾਨ ਬੇਰੁਜ਼ਗਾਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਮਹਿਲਾ ਅਧਿਆਪਕਾਂ ਦੇ ਕੱਪੜੇ ਵੀ ਫਟ ਗਏ। ਇਸ ਤੋਂ ਬਾਅਦ ਬੇਰੁਜ਼ਗਾਰ ਕੋਠੀ ਨੇੜੇ ਅੰਤਿਮ ਪੁਲਿਸ ਰੋਕਾਂ ਕੋਲ ਪਹੁੰਚ ਗਏ।ਬੇਰੁਜ਼ਗਾਰਾਂ ਨੂੰ ਰੋਕਣ ਲਈ ਲਗਾਏ ਤਿੰਨ ਬੈਰੀਕੇਟ ਪਾਰ ਕਰਕੇ ਬੇਰੁਜ਼ਗਾਰ ਅਧਿਆਪਕ ਅੰਤਿਮ ਰੋਕਾਂ ਤੱਕ ਪਹੁੰਚ ਗਏ।।ਪੁਲਿਸ ਨਾਲ ਹੋਈ ਖਿੱਚੋਤਾਣ ਵਿੱਚ ਅਮਨਜੀਤ ਮੋਰਿੰਡਾ ਦੀ ਪੱਗ ਲੱਥ ਗਈ।
ਸੰਦੀਪ ਗਿੱਲ ਦੇ ਹੱਥ ਉੱਤੇ ਚੋਟ ਲੱਗੀ।
ਮਹਿਲਾ ਅਧਿਆਪਕਾ ਹਰਦੀਪ ਕੌਰ ਦੀ ਕਮੀਜ ਫਟ ਗਈ।
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਬੇਰੁਜ਼ਗਾਰਾਂ ਦੀ ਗੱਲ ਸੁਣੇ ਉਲਟਾ ਪੁਲਿਸ ਰੋਕਾਂ ਲਗਾ ਕੇ ਪਿਛਲੀਆਂ ਸਰਕਾਰਾਂ ਵਾਂਗ ਕੀਤਾ ਜਾ ਰਿਹਾ ਹੈ। ਓਹਨਾ ਕਿਹਾ ਕਿ ਸਿੱਖਿਆ ਮੰਤਰੀ ਜੀ ਅਤੇ ਸਿੱਖਿਆ ਸਕੱਤਰ ਨਾਲ ਉਹਨਾਂ ਦੀਆਂ ਮੰਗਾਂ ਬਾਬਤ ਪੈੱਨਲ ਮੀਟਿੰਗ ਕਰਵਾਈ ਜਾਵੇ। ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੇ ਪਿਛਲੇ ਜਾਰੀ ਇਸਤਿਹਾਰ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ-ਘੱਟ 3000 ਅਸਾਮੀਆਂ ਪ੍ਰਤੀ ਵਿਸ਼ਾ ਕਰਨ ਦੀ ਮੰਗ ਪੂਰੀ ਕੀਤੀ ਜਾਵੇ।ਸਥਾਨਕ ਪ੍ਰਸ਼ਾਸਨ ਨੇ 9 ਮਈ ਨੂੰ ਪੈੱਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਬੇਰੁਜ਼ਗਾਰਾਂ ਨੇ ਧਰਨਾ ਸਮਾਪਤ ਕੀਤਾ।
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਆਗੂ ਹਰਦੀਪ ਟੋਡਰ ਪੁਰ ਨੇ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ।ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨਦੀਪ ਸੇਖਾ, ਜਨਰਲ ਸਕੱਤਰ ਗਗਨਦੀਪ ਕੌਰ ਗਰੇਵਾਲ, ਜਗਜੀਤ ਸਿੰਘ ਜੱਗੀ ਜੋਧਪੁਰ, ਕੁਲਵੰਤ ਲੌਂਗੋਵਾਲ, ਬਲਰਾਜ ਸਿੰਘ ਫਰੀਦਕੋਟ, ਲਖਵਿੰਦਰ ਸਿੰਘ ਮੁਕਤਸਰ ਸਾਹਿਬ, ਅਮਨਜੀਤ ਸਿੰਘ ਚਮਕੌਰ ਸਾਹਿਬ, ਦਵਿੰਦਰ ਖਮਾਣੋਂ,ਸੰਦੀਪ ਸਿੰਘ ਮੋਫਰ, ਮਨਪ੍ਰੀਤ ਬੋਹਾ, ਬਲਕਾਰ ਬੁਢਲਾਡਾ, ਅਵਤਾਰ ਮਾਨਸਾ, ਬਲਵਿੰਦਰ ਕੌਰ ਮੋਗਾ, ਜਸਵੀਰ ਕੌਰ ਮੋਗਾ, ਹਰਦੀਪ ਕੌਰ, ਗੁਰਦੀਪ ਸਿੰਘ ਰਾਮਗੜ੍ਹ, ਅਵਤਾਰ ਹਰੀਗੜ੍ਹ, ਜਗਸੀਰ ਝਲੂਰ, ਸੁਖਪਾਲ ਖਾਨ, ਹਰਸ਼ਰਨ ਭੱਠਲ, ਅਮਨਦੀਪ ਬਾਵਾ, ਹਰਦੀਪ ਕੌਰ, ਸਮਨਦੀਪ ਗੁਆਰਾ, ਇਕਬਾਲ ਨਿਆਮਤਪੁਰ, ਗੁਰਜੰਟ ਫਰੀਦਪੁਰ, ਗੁਰਮਿੰਦਰ ਬਨਭੌਰੀ, ਚੰਨਾ ਸਿੰਘ, ਸੁਖਜੀਤ ਸਿੰਘ ਬੁਰਜ ਹਰੀਕੇ, ਧਰਮਿੰਦਰ ਸਿੰਘ, ਗੁਰਜੀਤ ਕੌਰ, ਸੁਖਪਾਲ ਕੌਰ, ਸਰਬਜੀਤ ਕੌਰ ਆਦਿ ਹਾਜਿਰ ਰਹੇ।