ਹਰਿੰਦਰ ਨਿੱਕਾ , ਬਰਨਾਲਾ 14 ਅਪ੍ਰੈਲ 2022
ਇਨਕਲਾਬੀ ਕੇਂਦਰ ਪੰਜਾਬ ਨੇ ਦੇਸ਼ ਭਰ ‘ਚ ਸੰਘੀ ਗੁੰਡਿਆਂ ਵੱਲੋਂ ਮੁਲਕ ਅੰਦਰ ਵਸਦੀ ਸਭ ਤੋਂ ਵੱਡੀ ਘੱਟਗਿਣਤੀ ਮੁਸਲਮਾਨਾਂ ਖਿਲਾਫ ਚਲਾਏ ਜਾ ਰਹੇ ਫਿਰਕੂ ਨਫਰਤ ਦੇ ਤਾਂਡਵ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਕਿਹਾ ਕਿ ਕਰਨਾਟਕਾ ‘ਚ ਹਿਜਾਬ ਅਤੇ ਫਿਰ ਹਲਾਲ ਤੇ ਹੁਣ ਥੁੱਕ ਜੇਹਾਦ ਦੇ ਨਾਂ ‘ਤੇ , ਰਾਜਸਥਾਨ, ਮੱਧ ਪ੍ਰਦੇਸ਼ ਚ ਛੇ ਸੱਤ ਥਾਵਾਂ ਤੇ ਮੁਸਲਿਮ ਮੁਹੱਲਿਆਂ ‘ਚ ਸਾੜਫੂਕ, ਕਤਲੋਗਾਰਤ, ਮਸਜਿਦਾਂ ਦੇ ਸਾਹਮਣੇ ਨੰਗਾ ਖਰੂਦ, ਭਗਵਾਧਾਰੀ ਭੇਖੀ ਸਾਧਾਂ ਵੱਲੋਂ ਮੁਸਲਮਾਨ ਔਰਤਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਦੇਸ਼ ਦੀ ਫਿਰਕੂ ਏਕਤਾ ਲਈ ਇਕ ਵਡੀ ਚੁਣੋਤੀ ਸਾਬਤ ਹੋ ਰਹੀਆਂ ਹਨ । ਕੁੱਝ ਦਿਨ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਏ ਬੀ ਵੀ ਪੀ ਦੇ ਗੁੰਡਿਆਂ ਵੱਲੋਂ ਵਿਦਿਆਰਥੀਆਂ ਤੇ ਨਾਨਵੈਜ ਖਾਣ ਦੇ ਮਸਲੇ ਤੇ ਕੀਤਾ ਹਮਲਾ ਆਦਿ ਘਟਨਾਵਾਂ ਵੀ ਇਕ ਵੱਡੀ ਚੁਣੌਤੀ ਹਨ।
ਇਸ ਸਬੰਧੀ ਅੱਜ ਇਥੇ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ, ਮੁਖਤਿਆਰ ਪੂਹਲਾ,ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਕਿਹਾ ਕਿ ਭਾਜਪਾ ਦੀ ਹਿੰਦੂ ਰਾਸ਼ਟਰ ਬਨਾਉਣ ਦੀ ਸੋਚੀ ਸਮਝੀ ਸਾਜਿਸ਼ ਤਹਿਤ ਪਹਿਲਾਂ ਧਾਰਾ 370 ਤੇ 35 ਏ ਦਾ ਭੋਗ ਪਾ ਕੇ ਕਸ਼ਮੀਰ ਨੂੰ ਭਾਜਪਾ ਦਾ ਗੁਲਾਮ ਬਣਾਇਆ ਗਿਆ, ਰਾਜਾਂ ਦੇ ਅਧਿਕਾਰਾਂ ‘ਚ ਦਖਲ ਤੇਜ ਕਰਕੇ ਫੈਡਰਲ ਢਾਂਚੇ ਨੂੰ ਪੂਰੀ ਤਰਾਂ ਖਤਮ ਕੀਤਾ ਜਾ ਰਿਹਾ ਹੈ। ਨਾਲ ਹੀ ਨਾਗਰਿਕਤਾ ਸੋਧ ਕਾਨੂੰਨ ਦਾ ਹਮਲਾ ਕਰਕੇ ਸਾਰੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਦੇਸ਼ ਬਦਰ ਕਰਨ ਦੀ ਇਨਾਂ ਨਾਗਪੁਰੀ ਸੱਪਾਂ ਨੇ ਤਿਆਰੀ ਕੀਤੀ ਹੋਈ ਹੈ ਇਹ ਤਾਂ ਭਲਾ ਹੋਵੇ ਕਿਸਾਨ ਅੰਦੋਲਨ ਦਾ ਜਿਨ੍ਹਾਂ ਨੇ ਭਾਜਪਾ ਦੇ ਇਸ ਫਿਰਕੂ ਰਥ ਨੂੰ ਵਕਤੀ ਨੱਥ ਮਾਰ ਦਿੱਤੀ। ਚਾਰ ਸੂਬਿਆਂ ‘ਚ ਅਪਣੇ ਫਿਰਕੂ, ਨਫਰਤੀ ਤੇ ਜਾਤ ਗ੍ਰਸਤ ਪੈੰਤੜਿਆਂ ਰਾਹੀਂ ਹਾਸਲ ਚੋਣਾਂ ‘ਚ ਜਿੱਤ ਦਾ ਗਰੂਰ ਹੁਣ ਮੁਸਲਿਮ ਵਰਗ ਤੇ ਅਜਮਾਇਆ ਜਾ ਰਿਹਾ ਹੈ। ਇਸੇ ਲੜੀ ‘ਚ ਵਿਰੋਧੀਆਂ ਦਾ ਮੁੰਹ ਬੰਦ ਕਰਨ ਲਈ ਈ ਡੀ ਤੇ ਸੀ ਬੀ ਆਈ ਦੀ ਬੇਦਰੇਗ਼ ਵਰਤੋਂ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਅਮਿਤ ਸ਼ਾਹ ਨੰਬਰ ਦੋ ਦੇ ਹਾਕਮ ਵੱਲੋਂ ਚੰਡੀਗੜ੍ਹ ਤੇ ਜੱਫਾ ਮਾਰਨ ਲਈ ਚੁੱਕੇ ਜਾ ਰਹੇ ਗੈਰ ਜਮਹੂਰੀ ਕਦਮ,ਦੇਸ਼ ਭਰ ਦੀਆਂ ਜੇਲ੍ਹਾਂ ‘ਚ ਵਰਿਆਂ ਤੋਂ ਬੰਦ ਕੀਤੇ ਸਿਆਸੀ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਨੂੰ ਲਗਾਤਾਰ ਲਟਕਾਇਆ ਜਾਣਾ, ਪਾਰਲੀਮੈਂਟ ‘ਚ ਭਾਜਪਾ ਵੱਲੋਂ ਨਿਜਤਾ ਦੇ ਅਧਿਕਾਰ ਚ ਦਖਲ ਅੰਦਾਜ਼ੀ, ਲੋਕਾਂ ਦੇ ਬੈਡਰੂਮਾਂ ਤੱਕ ਜਾਣ ਦਾ ਹੱਕ ਹਾਸਲ ਕਰਨਾ ਵੱਡਾ ਖਤਰਾ ਹੈ । ਇਨਾਂ ਸਾਰੇ ਫਾਸ਼ੀ ਹਮਲਿਆਂ ਵਿਰੁੱਧ ਇਕ ਜੋਰਦਾਰ ਲਾਮਬੰਦੀ ਦੀ ਜਰੂਰਤ ਅਣਸਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਜੇਕਰ ਭਾਜਪਾ ਦੇ ਅੰਨੇ ਫਿਰਕੂ ਨਫਰਤੀ ਰਥ ਨੂੰ ਨਾ ਰੋਕਿਆ ਗਿਆ ਤਾਂ ਇਸ ਦੀ ਆੜ ਚ ਕਾਰਪੋਰੇਟਾਂ ਦਾ ਲੁਟੇਰਾ ਰਾਜ ਹੋਰ ਮਜਬੂਤ ਹੋਵੇਗਾ ,ਖੇਤੀ ਕਾਲੇ ਕਨੂੰਨ ਮੁੜ ਲਿਆਉਣ ਅਤੇ ਮਜਦੂਰ ਵਿਰੋਧੀ ਕਿਰਤ ਕੋਡਾਂ ਤੇ ਅਮਲ ਤੇਜ ਹੋਵੇਗਾ। ਉਨਾਂ ਦੇਸ਼ ਅਤੇ ਸੂਬਾ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਨੂੰ ਇਸ ਫਾਸ਼ੀਵਾਦ ਖਿਲਾਫ ਇਕਜੁੱਟ ਲਹਿਰ ਖੜੀ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਇਸ ਸਬੰਧੀ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੂੰ ਜਲਦ ਮੀਟਿੰਗ ਸਦ ਕੇ ਪ੍ਰੋਗਰਾਮ ਦੇਣ ਦੀ ਵੀ ਅਪੀਲ ਕੀਤੀ ਹੈ।