ਗਾਇਕ ਸਿੱਧੂ ਮੂਸੇਵਾਲਾ ਦੀ ਹੋ ਸਕਦੀ ਐ ਗਿਰਫਤਾਰੀ !

Advertisement
Spread information

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਘੁਰਕੀ ਤੋਂ ਬਾਅਦ ਹਰਕਤ ਵਿੱਚ ਆਈ ਬਰਨਾਲਾ ਪੁਲਿਸ

ਥਾਣਾ ਧਨੌਲਾ ‘ਚ 2 ਸਾਲਾਂ ਤੋਂ ਚਲਾਨ ਦੇ ਇੰਤਜ਼ਾਰ ‘ਚ ਧੂੜ ਫੱਕ ਰਹੀ ਮੂਸੇਵਾਲਾ ਕੇਸ ਦੀ ਫਾਈਲ ਤੋਂ ਝੜੀ ਮਿੱਟੀ

SIT ਮੈਂਬਰ ਐਸ.ਪੀ. ਡੀ ਅਨਿਲ ਕੁਮਾਰ ਨੇ ਕਿਹਾ, ਧਨੌਲਾ ਪੁਲਿਸ ਤੋਂ ਫਾਈਲ ਕੀਤੀ ਤਲਬ


ਹਰਿੰਦਰ ਨਿੱਕਾ , ਬਰਨਾਲਾ 14 ਅਪ੍ਰੈਲ 2022 

      ਸਰਕਾਰ ਬਦਲੀ ਤਾਂ ਸਰਕਾਰ ਦੇ ਹੁਕਮਾਂ ‘ਚ ਵੀ ਬਦਲਾਉ ਆਉਣਾ ਸ਼ੁਰੂ ਹੋ ਗਿਆ ਹੈ। ਸਾਬਕਾ ਕਾਂਗਰਸ ਸਰਕਾਰ ਦੀ ਸ੍ਰਪਰਸਤੀ ਵਿੱਚ ਉਦੋਂ ਗੰਭੀਰ ਜ਼ੁਰਮ ਤਹਿਤ ਕੇਸ ਦਰਜ਼ ਹੋਣ ਦੇ ਬਾਵਜੂਦ ਵੀ ਗਿਰਫਤਾਰੀ ਤੋਂ ਬਚ ਜਾਣ ਵਿੱਚ ਸਫਲ ਰਹੇ, ਵਿਵਾਦਿਤ ਲੋਕ ਗਾਇਕ ਤੇ ਚੋਣਾਂ ਸਮੇਂ ਰਾਜਨੇਤਾ ਬਣੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਖਿਲਾਫ ਏ.ਕੇ. 47 ਰਾਈਫਲ ਨਾਲ ਕਰਫਿਊ ਦੇ ਦਿਨਾਂ ‘ਚ ਫਾਈਰਿੰਗ ਕਰਨ ਦੇ ਮਾਮਲੇ ਦੀ ਜਾਂਚ ਦਾ ਬਿਆਨ ਦੇਣ ਤੋਂ ਬਾਅਦ ਜਿਲ੍ਹਾ ਬਰਨਾਲਾ ਦੀ ਪੁਲਿਸ ਇੱਕ ਵਾਰ ਫਿਰ ਹਰਕਤ ਵਿੱਚ ਆ ਗਈ ਹੈ। ਥਾਣਾ ਧਨੌਲਾ ਵਿਖੇ ਐਫ.ਆਈ.ਆਰ. ਨੰਬਰ 57 ਮਿਤੀ 4 ਮਈ 2020 ਨੂੰ ਦਰਜ਼ ਕੇਸ ਦੀ ਧੂੜ ਫੱਕ ਰਹੀ ਫਾਈਲ ਤੋਂ ਕਰੀਬ 2 ਸਾਲ ਬਾਅਦ ਮਿੱਟੀ ਝਾੜ ਕੇ ਫਰੋਲਾ-ਫਰਾਲੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਪੁੱਛਣ ਤੇ ਕੇਸ ਲਈ ਕਾਇਮ ਹੋਈ ਸਿਟ ਦੇ ਮੌਜੂਦਾ ਮੈਂਬਰ ਐਸ.ਪੀ.ਡੀ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਥਾਣਾ ਧਨੌਲਾ ਦੀ ਪੁਲਿਸ ਤੋਂ ਆਪਣੇ ਕੋਲ ਫਾਈਲ ਤਲਬ ਕਰ ਲਈ ਹੈ। ਫਾਈਲ ਦੇ ਅਨੁਸਾਰ, ਲੋੜੀਂਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਦੇ ਫਿਰ ਤੋਂ ਹਰਕਤ ਵਿੱਚ ਆ ਜਾਣ ਨਾਲ, ਇੱਕ ਵਾਰ ਫਿਰ ਮੂਸੇਵਾਲਾ ਦੇ ਸਿਰ ਤੇ ਗਿਰਫਤਾਰੀ ਦੀ ਤਲਵਾਰ ਲਟਕਣ ਲੱਗ ਪਈ ਹੈ। ਕਿਉਂਕਿ ਸਿੱਧੂ ਮੂਸੇਵਾਲਾ ਨੇ ਇਸ ਕੇਸ ਵਿੱਚ ਹਾਲੇ ਤੱਕ ਅਦਾਲਤ ਤੋਂ ਐਂਟੀਸਪੇਟਰੀ ਜਮਾਨਤ ਵੀ ਨਹੀਂ ਲਈ ਹੋਈ। ਜਦੋਂਕਿ ਮੂਸੇਵਾਲਾ ਦੇ 8 ਹੋਰ ਨਾਮਜ਼ਦ ਸਹਿਦੋਸ਼ੀਆਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਅਗਾਉਂ ਜਮਾਨਤ ਮਿਲ ਚੁੱਕੀ ਹੈ।

Advertisement

ਸਾਬਿਤ ਹੋ ਚੁੱਕਾ ਹੈ ਕਿ ਮੂਸੇਵਾਲਾ ਦੀ ਫਾਈਰਿੰਗ ਵਾਲੀ AK 47 ਅਸਲੀ ਸੀ

ਕਰੋਨਾ ਕਾਲ ਦੌਰਾਨ ਲਾਗੂ ਕਰਫਿਊ ਦੇ ਦਿਨਾਂ ਵਿੱਚ ਸਿੱਧੂ ਮੂਸੇਵਾਲਾ ਨੇ ਧਨੌਲਾ ਥਾਣੇ ਦੇ ਪਿੰਡ ਬਡਬਰ ਦੀ ਰਾਈਫਲ ਰੇਂਜ ਵਿੱਚ ਬਿਨਾਂ ਕਿਸੇ ਮੰਜੂਰੀ ਤੋਂ ਹੀ ਕੁੱਝ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਏ.ਕੇ. 47 ਨਾਲ ਫਾਈਰਿੰਗ ਕੀਤੀ ਸੀ। ਜਿਸ ਸਬੰਧੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਰਮ ਸਿੰਘ ਲਹਿਲ, ਇੰਦਰ ਗਰੇਵਾਲ, ਗਾਇਕ ਸਿੱਧੂ ਮੂਸੇਵਾਲਾ, ਡੀਐਸਪੀ ਦੇ ਬੇਟੇ ਤੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ,  ਏ.ਐਸ.ਆਈ. ਬਲਕਾਰ ਸਿੰਘ , ਹੌਲਦਾਰ ਗੁਰਜਿੰਦਰ ਸਿੰਘ, ਸਿਪਾਹੀ ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਦੇ ਖਿਲਾਫ 188 ਆਈਪੀਸੀ ਤੇ ਡਿਜਾਸਟਰ ਮੈਨੇਜਮੈਂਟ ਐਕਟ  2006 ਦੀ ਸੈਕਸ਼ਨ 51 ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕੀਤਾ ਗਿਆ ਸੀ।

          ਇਸ ਮਾਮਲੇ ਵਿੱਚ ਅਸਲਾ ਐਕਟ ਤੇ ਹੋਰ ਜੁਰਮ ਆਇਦ ਨਾ ਕਰਨ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਰਵੀ ਜੋਸ਼ੀ ਨੇ ਇੱਕ ਪੀ.ਆਈਐਲ. ਦਾਇਰ ਕਰ ਦਿੱਤੀ ਸੀ। ਹਾਈਕੋਰਟ ਦਾ ਨੋਟਿਸ ਮਿਲਦਿਆਂ ਹੀ ਮਾਮਲੇ ਦੀ ਜਾਂਚ ਤਤਕਾਲੀ ਆਈਜੀ ਜਤਿੰਦਰ ਸਿੰਘ ਔਲਖ ਨੇ ਐਸ.ਪੀ. ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਦੇ ਹੁਕਮ ਦੇ ਦਿੱਤੇ ਸਨ। ਫਿਰ ਇਸ ਦੀ ਜਾਂਚ ਬਰਨਾਲਾ ਦੇ ਤਤਕਾਲੀ ਐਸ.ਪੀ. ਪੀਬੀਆਈ ਰੁਪਿੰਦਰ ਭਾਰਦਵਾਜ ਨੂੰ ਸੌਂਪੀ ਗਈ ਸੀ। ਜਿੰਨ੍ਹਾਂ ਬੇਖੌਫ ਹੇ ਕੇ ਆਪਣੀ ਰਿਪੋਰਟ ਵਿੱਚ ਉਕਤ ਦਰਜ਼ ਐਫ.ਆਈ.ਆਰ ਨੰਬਰ 57 ਵਿੱਚ ਅਸਲਾ ਐਕਟ ਦੀ ਸੈਕਸ਼ਨ 25/30/54/ ਅਸਲਾ ਐਕਟ 1959 ਅਤੇ 120 ਬੀ ਆਈਪੀਸੀ ਦਾ ਵਾਧਾ ਕਰ ਦਿੱਤਾ ਸੀ। ਬੇਸ਼ੱਕ ਜੁਰਮ ਵਿੱਚ ਵਾਧਾ ਕਰ ਦਿੱਤਾ ਗਿਆ ਅਤੇ ਨਾਮਜ਼ਦ ਦੋਸ਼ੀਆਂ ਵਿੱਚੋਂ 8 ਦੀ ਜਮਾਨਤ ਬਰਨਾਲਾ ਸ਼ੈਸ਼ਨ ਕੋਰਟ ਤੋਂ ਰੱਦ ਵੀ ਕਰਵਾ ਦਿੱਤੀ ਗਈ।

       ਪਰੰਤੂ ਸਰਕਾਰ ਦੇ ਦਬਾਅ ਅਤੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੀ ਸਿੱਧੂ ਮੂਸੇਵਾਲਾ ਨੂੰ ਰਿਆਇਤ ਮੰਜੂਰ ਹੋਣ ਕਾਰਣ, ਸਿਰਫ ਐਸ.ਪੀ. ਪੀਬੀ.ਆਈ ਰੁਪਿੰਦਰ ਭਾਰਦਵਾਜ ਤੋਂ ਕੇਸ ਦੀ ਜਾਂਚ ਹੀ ਨਹੀਂ ਬਦਲੀ ਗਈ, ਉਲਟਾ ਉਨ੍ਹਾਂ ਨੂੰ ਰਿਟਾਇਰਮੈਂਟ ਦੇ ਨੇੜੇ ਹੋਣ ਦੇ ਬਾਵਜੂਦ ਸਾਰੇ ਨਿਯਮ/ਕਾਨੂੰਨਾਂ ਨੂੰ ਦਰਕਿਨਾਰ ਕਰਕੇ, ਪਠਾਨਕੋਟ ਬਟਾਲੀਅਨ ਵਿੱਚ ਬਦਲੀ ਕਰਕੇ ਖੁੱਡੇ ਲਾਈਨ ਲਗਾ ਦਿੱਤਾ ਗਿਆ । ਉਨ੍ਹਾਂ ਤੋਂ ਜਾਂਚ ਬਦਲਦਿਆਂ ਹੀ ਕੇਸ ਦੀ ਫਾਈਲ ਠੰਡੇ ਬਸਤੇ ਵਿੱਚ ਪਾਉਣ ਦੇ ਯਤਨ ਤੇਜ਼ ਹੋ ਗਏ। ਨਤੀਜ਼ੇ ਵਜੋਂ ਸੰਗੀਨ ਜੁਰਮ ਦਾ ਕੇਸ ਦਰਜ਼ ਹੋਣ ਦੇ ਬਾਵਜੂਦ ਨਾ ਤਾਂ ਸਿੱਧੂ ਮੂਸੇਵਾਲਾ ਦੀ ਗਿਰਫਤਾਰੀ ਹੋਈ, ਨਾਂ ਉਨ੍ਹਾਂ ਅਦਾਲਤ ਤੋਂ ਅਗਾਉਂ ਜਮਾਨਤ ਲੈਣ ਦੀ ਲੋੜ ਸਮਝੀ। ਇੱਥੋਂ ਤੱਕ ਕਿ ਪੁਲਿਸ ਨੇ ਕੇਸ ਤੋਂ ਲੱਗਭੱਗ 2 ਸਾਲ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਨਾਮਜ਼ਦ ਦੋਸ਼ੀਆਂ ਖਿਲਾਫ ਚਲਾਨ ਤੱਕ ਪੇਸ਼ ਨਹੀਂ ਕੀਤਾ ਗਿਆ। ਹੁਣ ਹੋਵੇਗਾ ਕਿ ਮੰਤਰੀ ਲਾਲਜੀਤ ਭੁੱਲਰ ਵੱਲੋਂ ਦਿੱਤੀ ਘੁਰਕੀ, ਸਿਰਫ ਮੂਸੇਵਾਲਾ ਤੇ ਦਬਾਅ ਪਾ ਕੇ ਸਿਰਫ ਖਾਨਾਪੂਰਤੀ ਤੱਕ ਸੀਮਿਤ ਹੈ ਜਾਂ ਫਿਰ ਬਰਨਾਲਾ ਪੁਲਿਸ ਸਿੱਧੂ ਮੂਸੇਵਾਲਾ ਨੂੰ ਗਿਰਫਤਾਰ ਕਰੇਗੀ ਅਤੇ ਅਦਾਲਤ ਵਿੱਚ ਚਲਾਨ ਪੇਸ਼ ਕਰਕੇ, ਨਾਮਜ਼ਦ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕਰੇਗੀ।

ਅਦਾਲਤ ਤੋਂ ਕਿੰਨ੍ਹਾਂ ਨਾਮਜ਼ਦ ਦੋਸ਼ੀਆਂ ਦੀ ਹੋ ਚੁੱਕੀ ਜਮਾਨਤ

ਪ੍ਰਾਪਤ ਜਾਣਕਾਰੀ ਅਨੁਸਾਰ ਡੀਐਸਪੀ ਦੇ ਬੇਟੇ ਜੰਗਸ਼ੇਰ ਸਿੰਘ, ਏਐਸਆਈ ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਸਿਪਾਹੀ ਜਸਵੀਰ ਸਿੰਘ, ਹਰਵਿੰਦਰ ਸਿੰਘ , ਗਗਨਦੀਪ ਸਿੰਘ, ਇੰਦਰਬੀਰ ਸਿੰਘ ਗਰੇਵਾਲ, ਕਰਮਸੁਖਬੀਰ ਸਿੰਘ ਲਹਿਲ ਨੂੰ ਮਾਨਯੋਗ ਹਾਈਕੋਰਟ ਤੋਂ ਐਂਟੀਸਪੇਟਰੀ ਜਮਾਨਤ ਮਿਲ ਚੁੱਕੀ ਹੈ। ਜਦੋਂਕਿ ਸਿੱਧੂ ਮੂਸੇਵਾਲਾ ਨੇ ਹਾਲੇ ਤੱਕ ਕਿਸੇ ਵੀ ਅਦਾਲਤ ਤੋਂ ਅਗਾਉਂ ਜਮਾਨਤ ਨਹੀਂ ਲਈ। ਉੱਧਰ ਐਸ.ਪੀ. ਡੀ ਅਨਿਲ ਕੁਮਾਰ ਨੇ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਨੂੰ ਅਗਾਉਂ ਜਮਾਨਤ ਨਹੀਂ ਮਿਲੀ ਤਾਂ ਪੁਲਿਸ ਉਸ ਨੂੰ ਗਿਰਫਤਾਰ ਵੀ ਕਰ ਸਕਦੀ ਹੈ।  

Advertisement
Advertisement
Advertisement
Advertisement
Advertisement
error: Content is protected !!