ਨਸ਼ੇ ਦੀ ਲੋਰ ‘ਚ ਲੋਕਾਂ ਨੂੰ ਛੱਡਣ ਦੀਆਂ ਕੱਢਦਾ ਰਿਹਾ ਲੇਲੜ੍ਹੀਆਂ
ਹਰਿੰਦਰ ਨਿੱਕਾ , ਬਰਨਾਲਾ 15 ਅਪ੍ਰੈਲ 2022
ਸ਼ਹਿਰ ਦੇ ਵੱਖ ਵੱਖ ਖੇਤਰਾਂ ਅੰਦਰ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਨੇ, ਜਿੱਥੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉੱਥੇ ਹੀ ਚੋਰਾਂ ਪ੍ਰਤੀ ਪੁਲਿਸ ਦੀ ਢਿੱਲੀ ਤੇ ਟੰਗ ਟਪਾਊ ਕਾਰਵਾਈ ਦੀ ਵਜ੍ਹਾ ਨਾਲ ਚੋਰਾਂ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਹਨ। ਪੁਲਿਸ ਨੇ ਖੁਦ ਤਾਂ ਚੋਰਾਂ ਨੂੰ ਕੀ ਲੱਭਣਾ ਹੁੰਦਾ ਹੈ, ਉਲਟਾ ਲੋਕਾਂ ਵੱਲੋਂ ਫੜ੍ਹਕੇ ਦਿੱਤੇ ਚੋਰ ਨੂੰ ਵੀ ਪੁਲਿਸ ਵਾਲੇ ਭੱਜ ਜਾਣ ਦੇ ਪੂਰੇ ਮੌਕੇ ਪ੍ਰਦਾਨ ਕਰਦੇ ਹਨ। ਅਜਿਹਾ ਹੀ ਇੱਕ ਵਰਤਾਰਾ ਰਾਮਬਾਗ ਰੋਡ ਤੇ ਸਥਿਤ ਨਗਰ ਕੌਂਸਲ ਦਫਤਰ ਦੇ ਮੋੜ ਤੇ ਵੇਖਣ ਨੂੰ ਉਦੋਂ ਮਿਲਿਆ, ਜਦੋਂ ਇੱਕ ਜੂਸ ਵਾਲੀ ਦੁਕਾਨ ਦੇ ਬਾਹਰ ਖੜ੍ਹੇ ਪਲਟੀਨਾ ਮੋਟਰਸਾਈਕਲ ਨੰਬਰ PB-03 A E-6190 ਦਾ ਹੈੱਡਲ ਲੌਕ ਖੋਲ੍ਹ ਕੇ ਇੱਕ ਨਸ਼ੇ ਦੀ ਲੋਰ ਵਿੱਚ ਝੂਮ ਰਿਹਾ ਚੋਰ , ਚੋਰੀ ਕਰਕੇ ਲੈ ਜਾਣ ਲੱਗਿਆ, ਤਾਂ ਆਂਢ ਗੁਆਂਢ ਦੇ ਲੋਕਾਂ ਨੇ ਪਿੱਛਾ ਕਰਕੇ, ਉਸ ਨੂੰ ਦਬੋਚ ਲਿਆ। ਘਟਨਾ ਦੀ ਜਾਣਕਾਰੀ ਤੁਰੰਤ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੂੰ ਦਿੱਤੀ ਗਈ। ਪਰੰਤੂ ਕਾਫੀ ਦੇਰ ਬਾਅਦ, ਪੀਸੀਆਰ ਵਾਲਾ ਇੱਕਲੌਤਾ ਮੁਲਾਜ਼ਮ, ਚੋਰ ਨੂੰ ਹਿਰਾਸਤ ਵਿੱਚ ਲੈਣ ਲਈ ਆ ਧਮਕਿਆ। ਲੋਕਾਂ ਨੇ ਜਦੋਂ, ਚੋਰ ਨੂੰ ਪੁਲਿਸ ਵਾਲੇ ਦੇ ਹਵਾਲੇ ਕਰ ਦਿੱਤਾ ਤਾਂ ਪੁਲਿਸ ਵਾਲਾ ਇਕੱਲਾ, ਉਸ ਨੂੰ ਲੈ ਕੇ ਜਾਣ ਦੀ ਹਾਲਤ ਵਿੱਚ ਨਹੀਂ ਸੀ।
ਆਖਿਰ ਜਦੋਂ ਮੋਟਰਸਾਈਕਲ ਵਾਲੇ ਦੁਕਾਨਦਾਰ ਨੇ ਕਿਹਾ ਕਿ ਮੈਂ, ਖੁਦ ਚੋਰ ਨੂੰ ਫੜ੍ਹਕੇ ਪਿੱਛੇ ਬਹਿ ਜਾਂਦਾ ਹਾਂ ਤਾਂ ਪੁਲਿਸ ਮੁਲਾਜਮ ਦਾ ਮੋਟਰਸਾਈਕਲ ਹੀ ਕਾਫੀ ਦੇਰ ਤੱਕ ਸਟਾਰਟ ਨਹੀਂ ਹੋਇਆ ਤੇ ਚੋਰ ਨੂੰ ਬਿਨਾਂ ਫੜ੍ਹੇ ਹੀ ਉੱਥੇ ਖੜ੍ਹਾ ਰਹਿਣ ਦਿੱਤਾ ਗਿਆ । ਯਾਨੀ ਚੋਰ ਨੂੰ ਫਿਰ ਭੱਜ ਜਾਣ ਦਾ ਪੂਰਾ ਮੌਕਾ ਮਿਲਿਆ। ਪਰੰਤੂ ਲੋਕਾਂ ਦੇ ਇਕੱਠ ਕਾਰਣ, ਚੋਰ ਉੱਥੋਂ ਦੁਬਾਰਾ ਭੱਜ ਜਾਣ ਦੀ ਬਜਾਏ, ਉੱਥੇ ਖੜ੍ਹਾ ਗਲਤੀ ਮੰਨਣ ਤੋਂ ਬਾਅਦ ਛੱਡ ਦੇਣ ਲਈ ਲੇਲੜ੍ਹੀਆਂ ਕੱਢਣ ਤੇ ਲੱਗਿਆ ਰਿਹਾ। ਆਖਿਰ ਲੋਕਾਂ ਵੱਲੋਂ ਕਾਰਵਾਈ ਕਰਨ ਦੀ ਮੰਗ ਦੇ ਜ਼ੋਰ ਫੜ੍ਹ ਲੈਣ ਤੋਂ ਬਾਅਦ ਹੀ ਪੁਲਿਸ ਮੁਲਾਜਮ ਚੋਰ ਨੂੰ ਲੈ ਕੇ ਥਾਣੇ ਪਹੁੰਚਿਆ।
ਪੁਲਿਸ ਹਵਾਲੇ ਕੀਤੇ ਚੋਰ ਨੇ ਆਪਣੀ ਪਹਿਚਾਣ, ਅਮਨਦੀਪ ਵਾਸੀ ਪੱਤੀ ਰੋਡ ਬਰਨਾਲਾ ਦੇ ਰੂਪ ਵਿੱਚ ਹੀ ਕਰਵਾਈ। ਉਸ ਨੇ ਕਿਹਾ ਕਿ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਣ, ਉਸ ਤੋਂ ਇਹ ਗਲਤੀ ਹੋ ਗਈ। ਉਸ ਨੇ ਮੰਨਿਆ ਕਿ ਉਸ ਨੂੰ ਨਸ਼ੇ ਦੀਆਂ ਗੋਲੀਆਂ, ਸਰਕਾਰੀ ਹਸਪਤਾਲ ਦੇ ਨੇੜਿਉਂ ਹੀ ਮਿਲ ਜਾਂਦੀਆਂ ਹਨ। ਇਸ ਮੌਕੇ ਮੌਜੂਦ ਕੌਸਲਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰੁਪਿੰਦਰ ਸਿੰਘ ਸ਼ੀਤਲ ਨੇ ਦੱਸਿਆ ਕਿ ਜੇਕਰ ਮੌਕੇ ਤੇ ਖੜ੍ਹੇ ਲੋਕ ਮੁਸਤੈਦੀ ਨਾ ਵਰਤਦੇ ਤਾਂ ਚੋਰ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ। ਚੋਰ ਕੋਲੋਂ ਮੋਟਰ ਸਾਈਕਲ ਚੋਰੀ ਕਰਨ ਲਈ ਵਰਤੀ ਚੋਰ ਚਾਬੀ ਵੀ ਬਰਾਮਦ ਕੀਤੀ ਗਈ। ਉਨਾਂ ਪੁਲਿਸ ਤੋਂ ਮੰਗ ਕੀਤੀ ਕਿ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਿੱਚ ਲੱਗੇ ਅਜਿਹੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਕਿ ਉਨਾਂ ਤੋਂ ਹੋਰ ਚੋਰੀਆਂ ਬਾਰੇ ਵੀ ਸਖਤੀ ਨਾਲ ਪੁੱਛਗਿੱਛ ਕਰਨ ਦੀ ਲੋੜ ਹੈ ਤਾਂ ਕਿ ਲੋਕ ਚੋਰੀਆਂ ਦੇ ਖੌਫ ਤੋਂ ਰਾਹਤ ਮਹਿਸੂਸ ਕਰ ਸਕਣ। ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਇਸ ਸਬੰਧੀ ਪੁੱਛਣ ਤੇ ਕਿਹਾ ਕਿ ਪੁਲਿਸ ਕੋਲ ਕਿਸੇ ਵੀ ਵਿਅਕਤੀ ਵੱਲੋਂ ਕੋਈ ਸ਼ਕਾਇਤ ਨਾ ਦੇਣ ਕਾਰਣ, ਪੁਲਿਸ ਨੇ ਫੜ੍ਹੇ ਹੋਏ ਕਥਿਤ ਚੋਰ ਨੂੰ ਛੱਡ ਦਿੱਤਾ ਗਿਆ ਹੈ।