ਹਰਿੰਦਰ ਨਿੱਕਾ, ਬਰਨਾਲਾ/ਤਪਾ 14 ਅਪ੍ਰੈਲ 2022
ਸਕੂਲ ਸਿੱਖਿਆ, ਖੇਡਾਂ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਪੁਸਤਕ-ਸੱਭਿਆਚਾਰ ਦੀ ਪ੍ਰਫੁੱਲਿਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ਼ ਅਫ਼ਸਰ ਨੇ ਦੱਸਿਆ ਕਿ ਬਹੁਤ ਹੀ ਘੱਟ ਕੀਮਤ ‘ਤੇ ਬਿਹਤਰੀਨ ਪੁਸਤਕਾਂ, ਪਾਠਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜ਼ਿਲ੍ਹੇ ਭਰ ‘ਚ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਭਾਸ਼ਾ ਦਫ਼ਤਰ ਵੱਲੋਂ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਢਿੱਲਵਾਂ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਭਾਸ਼ਾ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਰੀਕ ਸਿੰਘ ਰਸੀਵਰ ਦੇ ਸਹਿਯੋਗ ਨਾਲ ਲਗਾਈ ਪ੍ਰਦਰਸ਼ਨੀ ਜੋੜ ਮੇਲੇ ‘ਤੇ ਪਹੁੰਚੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੀ।
ਇਸ ਪ੍ਰਦਰਸ਼ਨੀ ਤੋਂ ਹਰ ਵਰਗ ਦੇ ਪਾਠਕਾਂ ਵੱਲੋਂ ਪੁਸਤਕਾਂ ਦੀ ਖ਼ਰੀਦਦਾਰੀ ਕੀਤੀ ਗਈ । ਪੁਸਤਕ ਪ੍ਰੇਮੀਆਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਨੌਜਵਾਨਾਂ ‘ਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ ਸਮੇਂ ਦੀ ਮੁੱਖ ਜਰੂਰਤ ਹੈ। ਇਸ ਮੌਕੇ ਲਖਵਿੰਦਰ ਸਿੰਘ ਅਕਾਊਂਟੈਂਟ, ਸੁਖਦੇਵ ਸਿੰਘ ਸਾਬਕਾ ਸਰਪੰਚ ਅਤੇ ਪਵਨ ਕੁਮਾਰ ਸਮੇਤ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਜੂਨੀਅਰ ਸਹਾਇਕ ਜਗਦੇਵ ਸਿੰਘ ਅਤੇ ਸਟਾਫ਼ ਮੈਂਬਰ ਗੋਬਿੰਦ ਸਿੰਘ ਵੀ ਹਾਜ਼ਰ ਸਨ।