ਭਾਈਚਾਰਕ ਸਾਂਝ ਦਾ ਚਾਨਣ ਮੁਨਾਰਾ ਹੈ; ਜਲ੍ਹਿਆਂਵਾਲਾ ਬਾਗ਼
ਦੇਸ਼ ਭਗਤਾਂ ਦੇ ਸਮਾਗਮ ਨੇ ਦਿੱਤਾ ਫ਼ਿਰਕੂ ਤੱਤਾਂ ਦੇ ਮਨਸ਼ੇ ਨਾਕਾਮ ਕਰਨ ਦਾ ਸੱਦਾ
ਪਰਦੀਪ ਕਸਬਾ , ਜਲੰਧਰ; 13 ਅਪ੍ਰੈਲ:2022
ਲੋਕਾਂ ਦੀ ਜ਼ੁਬਾਨਬੰਦੀ ਕਰਦੇ, ਜਮਹੂਰੀ ਹੱਕਾਂ ‘ਤੇ ਝਪਟਦੇ ਅਤੇ ਸਾਮਰਾਜੀ ਗ਼ੁਲਾਮੀ ਦਾ ਸਿਕੰਜਾ ਕਸਣ ਦਾ ਕੰਮ ਕਰਦੇ ਕਾਲ਼ੇ ਕਾਨੂੰਨਾਂ ਖਿਲਾਫ਼ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ‘ਚ ਪੁਰਅਮਨ ਰੋਸ ਪ੍ਰਗਟਾਵਾ ਕਰਦੇ ਲੋਕਾਂ ਉਪਰ ਗੋਲੀਆਂ ਦਾ ਮੀਂਹ ਵਰ੍ਹਾ ਕੇ, ਬਰਤਾਨਵੀ ਹਕੂਮਤ ਵੱਲੋਂ ਮਨਾਈ ਖ਼ੂਨੀ ਵਿਸਾਖੀ ਦੀ ਹਿਰਦੇਵੇਦਕ ਘਟਨਾ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਲੋਕਾਂ ਨੂੰ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਏ ਸਮਾਗਮ ‘ਚ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਅਰਪਣ ਕੀਤੀ ਗਈ। ਬਾਗ਼ ਦੇ ਸ਼ਹੀਦਾਂ ਦੀ ਯਾਦ ‘ਚ ਹਿੰਦੂ, ਸਿੱਖ, ਮੁਸਲਮਾਨ ਏਕਤਾ ਦਾ ਪ੍ਰਤੀਕ ਮੋਮਬੱਤੀਆਂ ਬਾਲਕੇ, ਸ਼ਮ੍ਹਾਂ ਰੌਸ਼ਨ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਇਸ ਮੌਕੇ ਖ਼ੂਨੀ ਸਾਕੇ ਦੇ ਇਤਿਹਾਸਕ ਹਵਾਲੇ ਸਾਂਝੇ ਕਰਦਿਆਂ ਕਿਹਾ ਕਿ ਇਹ ਸਾਮਰਾਜੀ ਦਾਬੇ ਖਿਲਾਫ਼ ਉਠਿਆ ਲੋਕ ਰੋਹ ਦਾ ਝੱਖੜ ਸੀ, ਜਿਸਨੂੰ ਖ਼ਾਮੋਸ਼ ਕਰਨ ਲਈ ਜਬਰ ਦੀਆਂ ਸਭੇ ਹੱਦਾਂ ਟੱਪੀਆਂ ਗਈਆਂ।
ਜਨਰਲ ਸਕੱਤਰ ਨੇ ਜਲ੍ਹਿਆਂਵਾਲਾ ਬਾਗ਼, ਵਿਸਾਖੀ ਦਿਹਾੜੇ ਦੀ ਮਹੱਤਤਾ ਅਤੇ ਡਾ. ਭੀਮ ਰਾਓ ਅੰਬੇਦਕਰ ਦੀ ਸਮਾਜ ਨੂੰ ਦੇਣ ਦਾ ਜ਼ਿਕਰ ਕਰਦਿਆਂ ਸਮਾਜ ‘ਚੋਂ ਹਰ ਪ੍ਰਕਾਰ ਦਾ ਦਾਬਾ, ਵਿਤਕਰਾ, ਅਨਿਆਂ ਦੂਰ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।
ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਪ੍ਰਸੰਗਕਤਾ ਅਤੇ ਸਾਰਥਕਤਾ ਇਹ ਹੈ ਕਿ ਜਲ੍ਹਿਆਂਵਾਲਾ ਬਾਗ਼ ਭਾਈਚਾਰਕ ਸਾਂਝ ਦਾ ਚਾਨਣ ਮੁਨਾਰਾ ਹੈ। ਉਹਨਾਂ ਕਿਹਾ ਕਿ ਕਾਲ਼ੇ ਕਾਨੂੰਨਾਂ ਖਿਲਾਫ਼ ਉਠੇ ਲੋਕਾਂ ਤੇ ਹਿਰਦੇਵੇਦਕ ਕਾਂਡ ਰਚਣ ਦੇ 103 ਸਾਲ ਬਾਅਦ ਅੱਜ ਵੀ ਕਾਲ਼ੇ ਕਾਨੂੰਨ ਮੜ੍ਹਨ ਅਤੇ ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਣ ਦਾ ਸਿਲਸਿਲਾ ਜਾਰੀ ਹੈ।
ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਕਾਂਡ ਮੌਕੇ ਅਤੇ ਉਸ ਉਪਰੰਤ ਅੱਜ ਤੱਕ ਇਤਿਹਾਸ ਦੇ ਵਰਕੇ ਗਵਾਹ ਹਨ ਕਿ ਔਰਤਾਂ ਨੇ ਆਜ਼ਾਦੀ ਅਤੇ ਲੋਕ ਸੰਗਰਾਮ ਵਿੱਚ ਇਤਿਹਾਸਕ ਭੂਮਿਕਾ ਅਦਾ ਕੀਤੀ ਹੈ। ਆਉਣ ਵਾਲਾ ਕੱਲ੍ਹ ਵੀ ਲੋਕ ਲਹਿਰਾਂ ‘ਚ ਔਰਤਾਂ ਦੀ ਸ਼ਮੂਲੀਅਤ ਨਾਲ ਰੌਸ਼ਨ ਹੋਏਗਾ। ਉਹਨਾਂ ਨੇ ਵਿਦਿਆਰਥੀਆਂ ਨਾਲ ਗੀਤ ਸਾਂਝਾ ਕੀਤਾ; ‘ਜਗ ਮੇਰੇ ਦੀਵੇਆ, ਤੈਨੂੰ ਮੈਂ ਨਿੰਮਾ ਹੋਣ ਨਹੀਂ ਦੇਣਾ।’
ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦਾ ਲਹੂ ਰੱਤਾ ਇਤਿਹਾਸ, ਮਜ਼ਦੂਰ, ਕਿਸਾਨ ਸਮੂਹ ਕਮਾਊ ਲੋਕਾਂ ਦੀਆਂ ਚੱਲ ਰਹੀਆਂ ਲਹਿਰਾਂ ਲਈ ਮਾਰਗ-ਦਰਸ਼ਕ ਹੈ।
ਕਮੇਟੀ ਮੈਂਬਰ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੀ ਲਹੂ ਰੱਤੀ ਮਿੱਟੀ ਨੂੰ ਨਤਮਸਤਕ ਹੁੰਦਿਆਂ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ ਅਤੇ ਨੌਜਵਾਨ ਭਾਰਤ ਸਭਾ ਵਰਗੀਆਂ ਲਹਿਰਾਂ ਮੁਲਕ ਦੇ ਮੁਕਤੀ ਸੰਗਰਾਮ ਦਾ ਝੰਡਾ ਲੈ ਕੇ ਅੱਗੇ ਵਧੀਆਂ।
ਸਮਾਗਮ ‘ਚ ਪਾਸ ਕੀਤੇ ਮਤੇ ਰਾਹੀਂ ਮੰਗ ਕੀਤੀ ਗਈ ਕਿ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕੀਤਾ ਜਾਏ। ਪ੍ਰਵੇਸ਼ ਗਲੀ ‘ਚ ਲਾਈਆਂ ਮੂਰਤੀਆਂ ਹਟਾਈਆਂ ਜਾਣ। ਗੋਲੀਆਂ ਦੇ ਨਿਸ਼ਾਨ ਅਤੇ ਸ਼ਹੀਦੀ ਖੂਹ ਆਦਿ ਦੀ ਇਤਿਹਾਸਕ ਦਿੱਖ ਬਹਾਲ ਕੀਤੀ ਜਾਏ। ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਏ। ਮੁਲਕ ਦੇ ਕਈ ਹਿੱਸਿਆਂ ਅੰਦਰ ਮੁਸਲਮਾਨ ਭਾਈਚਾਰੇ ਉਪਰ ਚੌਤਰਫ਼ੇ ਵਾਰ ਕਰਨ, ਜਲੀਲ ਕਰਨ, ਸਾੜ ਫੂਕ ਕਰਨ ਅਤੇ ਰੋਟੀ ਰੋਜ਼ੀ ਖੋਹਣ ਵਰਗੇ ਯੋਜਨਾਬੱਧ ਹੱਲੇ ਬੰਦ ਕੀਤੇ ਜਾਣ।