ਬੀਤੀ ਕੱਲ੍ਹ ਵੀ ਈਡੀ ਦਫਤਰ ਜਲੰਧਰ ਵਿੱਚ ਕੀਤੀ ਗਈ ਸੀ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਪੁੱਛਗਿੱਛ !
ਪੀ.ਟੀ. ਨਿਊਜ ਨੈਟਵਰਕ, ਜਲੰਧਰ 14 ਅਪ੍ਰੈਲ 2022
ਨਜ਼ਾਇਜ਼ ਮਾਈਨਿਗ ਅਤੇ ਬਦਲੀਆਂ / ਪੋਸਟਿੰਗ ਤੋਂ ਕਰੋੜਾਂ ਰੁਪਏ ਇਕੱਠੇ ਕਰਨ ਦੇ ਦੋਸ਼ਾਂ ਵਿੱਚ ਘਿਰੇ ਆਪਣੇ ਭਾਣਜੇ ਭੁਪਿੰਦਰ ਸਿੰਘ ਹਨੀ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਤੇ ਵੀ ਸ਼ਿਕੰਜ਼ਾ ਕਸ ਦਿੱਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਬੀਤੀ ਕੱਲ੍ਹ ਵੀ ਈਡੀ ਦਫਤਰ ਜਲੰਧਰ ਵਿਖੇ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਸੀ ਅਤੇ ਅੱਜ ਫਿਰ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜ਼ਾਰੀ ਕਰਕੇ ਸੱਦਿਆ ਗਿਆ ਹੈ।
ਚੰਨੀ ਦੇ ਅੱਜ ਫਿਰ ਪੁੱਛਗਿੱਛ ਲਈ ਈ.ਡੀ. ਕੋਲ ਪੇਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਜੇਕਰ ਚੰਨੀ ਦੀ ਪੁੱਛਗਿੱਛ ਤੋਂ ਈ.ਡੀ. ਦੇ ਅਧਿਕਾਰੀਆਂ ਦੀ ਸੰਤੁਸ਼ਟੀ ਨਾ ਹੋਈ ਤਾਂ ਫਿਰ ਉਨ੍ਹਾਂ ਦੇ ਸਿਰ ਦੇ ਗਿਰਫਤਾਰੀ ਦੀ ਤਲਵਾਰ ਵੀ ਲਟਕ ਸਕਦੀ ਹੈ। ਕੁੱਲ ਮਿਲਾ ਕੇ ਸਾਬਕਾ ਮੁੱਖ ਮੰਤਰੀ ਚੰਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਈਡੀ ਨੇ ਗਿਰਫਤਾਰ ਕਰਕੇ, ਉਸ ਦੀ ਨਿਸ਼ਾਨਦੇਹੀ ਤੇ 10 ਕਰੋਡ਼ ਰੁਪਏ ਅਤੇ ਮਹਿੰਗੀਆਂ ਘੜੀਆਂ ਅਤੇ ਹੋਰ ਅਹਿਮ ਦਸਤਾਵੇਜ ਵੀ ਕਬਜ਼ੇ ਵਿੱਚ ਲੈ ਲਏ ਸਨ। ਪਰੰਤੂ ਉਦੋਂ ਵਿਧਾਨ ਸਭਾ ਚੋਣਾਂ ਦਾ ਅਮਲ ਜ਼ਾਰੀ ਹੋਣ ਕਰਕੇ, ਚੰਨੀ ਨੂੰ ਪੁੱਛਗਿੱਛ ਲਈ ਨਹੀਂ ਬੁਲਾਇਆ ਗਿਆ ਸੀ। ਜਦੋਂਕਿ ਆਪ ਆਦਮੀ ਪਾਰਟੀ ਦੇ ਆਗੂਆਂ ਦੇ ਵਫਦ ਨੇ ਰਾਜਪਾਲ ਨੂੰ ਮਿਲ ਕੇ ਚੰਨੀ ਨੂੰ ਵੀ ਪੁੱਛਗਿੱਛ ਵਿੱਚ ਸ਼ਾਮਿਲ ਕਰਨ ਲਈ ਬਕਾਇਦਾ ਮੰਗ ਪੱਤਰ ਦਿੱਤਾ ਗਿਆ ਸੀ।