ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼, ਤਫਤੀਸ਼ ਸ਼ੁਰੂ
ਹਰਿੰਦਰ ਨਿੱਕਾ , ਬਰਨਾਲਾ 7 ਅਪ੍ਰੈਲ 2022
ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੀ ਗੂੰਜ, ਹੁਣ ਬਰਨਾਲਾ ‘ਚ ਵੀ ਪੈਣ ਲੱਗ ਪਈ ਹੈ। ਮਾਮਲਾ ਸ਼ਹਿਰ ਦੇ ਸਦਰ ਬਜ਼ਾਰ ਦੇ ਇੱਕ ਜਵੈਲਰ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗ ਲੈਣ ਦਾ ਸਾਹਮਣੇ ਆਇਆ ਹੈ। ਖੁਦ ਨੂੰ ਦਵਿੰਦਰ ਬੰਬੀਹਾ ਗਰੁੱਪ ਦੇ ਬੰਦੇ ਕਹਿ ਰਹੇ ਵਿਅਕਤੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ, ਫਿਰੌਤੀ ਨਾ ਦਿੱਤੀ ਤਾਂ, ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਵਪਾਰੀਆਂ ਵਿੱਚ ਸਹਿਮ ਤੇ ਦੋਸ਼ੀਆਂ ਦੀ ਸ਼ਿਨਾਖਤ ਕਰਕੇ,ਉਨਾਂ ਨੂੰ ਦਬੋਚਨ ਲਈ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁੱਦਈ ਨੇ ਦੱਸਿਆ ਕਿ ਉਹ ਸਦਰ ਬਜਾਰ ਬਰਨਾਲਾ ਵਿਖੇ ਜਵੈਲਰਜ ਦੀ ਦੁਕਾਨ ਕਰਦਾ ਹੈ। ਉਸ ਨੂੰ ਵੱਖ ਵੱਖ ਮੋਬਾਇਲ ਨੰਬਰਾਂ ਤੋਂ ਵਟਸਅੱਪ ਕਾਲਾਂ ਅਤੇ ਮੈਸਿਜਾਂ ਰਾਹੀ ਨਾਮਲੂਮ ਵਿਅਕਤੀ ਜੋ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗਰੁੱਪ ਦੇ ਵਿਅਕਤੀ ਦੱਸਦੇ ਹਨ। ਉਸ ਪਾਸੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹਨ ਅਤੇ ਰੁਪਏ ਨਾ ਦੇਣ ਦੀ ਸੂਰਤ ਵਿੱਚ ਉਸ ਦੀ ਦੁਕਾਨ ਵਿੱਚ ਹੀ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੰਦੇ ਹਨ । ਉਕਤ ਦਰਖਾਸਤ ਦੀ ਪੜਤਾਲ ਮਾਨਯੋਗ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਬਰਨਾਲਾ ਜੀ ਵੱਲੋਂ ਅਮਲ ਵਿਚੋਂ ਲਿਆਦੀ ਗਈ । ਬਾਅਦ ਪੜਤਾਲ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 386/506/511 ਆਈਪੀਸੀ ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ।
ਮਾਮਲੇ ਦੇ ਤਫਤੀਸ਼ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖਤ ਅਤੇ ਗਿਰਫਤਾਰੀ ਦੇ ਯਤਨ ਜ਼ਾਰੀ ਹਨ। ਹਾਲੇ ਇਹ ਜਾਣਨਾ ਜਰੂਰੀ ਹੈ ਕਿ ਫਿਰੌਤੀ ਮੰਗਣ ਵਾਲਿਆਂ ਦਾ ਸਬੰਧ ਸੱਚਮੁੱਚ ਹੀ ਦਵਿੰਦਰ ਬੰਬੀਹਾ ਗਰੁੱਪ ਨਾ ਹੈ ਜਾਂ ਕੋਈ ਹੋਰ ਵਿਅਕਤੀ ਹੀ ਬੰਬੀਹਾ ਦਾ ਨਾਮ ਵਰਤ ਕੇ ਭੈਅ ਪੈਦਾ ਕਰ ਰਹੇ ਹਨ।