ਅਧਿਆਪਕ ਆਗੂਆਂ ਨੇ ਕਿਹਾ, ਸਾਨੂੰ ਸਿੱਖਿਆ ਮੰਤਰੀ ਦੇ ਭਰੋਸੇ ਤੇ ਪੂਰਾ ਵਿਸ਼ਵਾਸ਼
ਹਰਿੰਦਰ ਨਿੱਕਾ , ਬਰਨਾਲਾ 6 ਅਪ੍ਰੈਲ 2022
ਆਪਣੀਆਂ ਮੰਗਾਂ ਲਈ ਦੋ ਦਿਨ ਤੇ ਇੱਕ ਰਾਤ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਕੋਠੀ ਅੱਗੇ ਪ੍ਰਦਰਸ਼ਨ ਕਰ ਡੈਪੂਟੇਸ਼ਨ ਰੱਦ ਕਰਵਾਉਣ ਲਈ ਡਟੇ ਈ.ਟੀ.ਟੀ. ਅਧਿਆਪਕਾਂ ਦੇ ਸਾਂਝੇ ਵਫਦ ਦੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਅੱਜ ਨਿਸਚਿਤ ਪੈਨਲ ਮੀਟਿੰਗ ਸ਼ਾਂਤੀ ਪੂਰਨ ਮਾਹੌਲ ਵਿੱਚ ਪੂਰੀ ਤਰਾਂ ਸਫਲ ਹੋਈ ਹੈ।
ਇਸ ਬੈਠਕ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਜਦੋਂਕਿ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਆਗੂ ਮਨੀਸ਼ ਕੁਮਾਰ, ਸੁਖਦੀਪ ਸਿੰਘ , ਕੁਲਵਿੰਦਰ ਕੌਰ ,ਬੀਕੇਯੂ ਏਕਤਾ ਡਕੌਂਦਾ ਦੇ ਆਗੂ ਮਨਜੀਤ ਧਨੇਰ, ਮਾਸਟਰ ਬਲਵੰਤ ਸਿੰਘ ਉੱਪਲੀ, ਡੀਟੀਐਫ ਦੇ ਆਗੂ ਗੁਰਮੀਤ ਸਿੰਘ ਸੁਖਪੁਰ ਅਤੇ ਰਾਜੀਵ ਕੁਮਾਰ ਸ਼ਾਮਿਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਮਨੀਸ਼ ਕੁਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਉੱਪਲੀ ਨੇ ਦੱਸਿਆ ਕਿ ਪੈਨਲ ਮੀਟਿੰਗ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਨੇ ਪ੍ਰਦਰਸ਼ਨਕਾਰੀਆਂ ਦੀਆਂ ਸਾਰੀਆਂ ਮੰਗਾਂ ਦੇ ਹੱਲ ਲਈ ਸਹਮਿਤੀ ਜਤਾਈ ਅਤੇ ਡੈਪੂਟੇਸ਼ਨ ਰੱਦ ਕਰਕੇ ਉਨ੍ਹਾਂ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਲਈ ਅਮਲ ਸੋਮਵਾਰ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।
ਇਸੇ ਤਰਾਂ ਸਿੰਗਲ ਟੀਚਰ ਦੇ ਮੁੱਦੇ ਦੇ ਡੈਪੂਟੇਸ਼ਨ ਦਾ ਮਾਮਲਾ ਵੀ ਛੇਤੀ ਹੱਲ ਕਰਨ ਦਾ ਭਰੋਸਾ ਮਿਲਿਆ , ਬੇਸ਼ੱਕ ਕੋਈ ਸਮਾਂ ਸੀਮਾ ਨਿਸਚਿਤ ਨਹੀਂ ਕੀਤਾ ਗਿਆ । ਉਨਾਂ ਦੱਸਿਆ ਕਿ ਛੁੱਟੀ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ ਵਾਲੇ ਅਧਿਆਪਕਾਂ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਲਾ ਸ਼ਾਖਾ 2 ਵੱਲੋਂ ਜ਼ਾਰੀ ਕੀਤਾ ਗਿਆ ਪੱਤਰ ਵਾਪਿਸ ਲੈ ਲਿਆ ਗਿਆ ਹੈ। ਪੈਨਲ ਮੀਟਿੰਗ ਵਿੱਚ ਸ਼ਾਮਿਲ ਹੋਏ ਵਫਦ ਦੇ ਮੈਂਬਰਾਂ ਨੇ ਮੰਗਾਂ ਮੰਨਣ ਲਈ ਸਿੱਖਿਆ ਮੰਤਰੀ ਮੀਤ ਹੇਅਰ ਦਾ ਧੰਨਵਾਦ ਵੀ ਕੀਤਾ।