ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ, ਕਚਿਹਰੀਆਂ ਦੇ ਬਾਹਰ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ
ਹਰਿੰਦਰ ਨਿੱਕਾ , ਬਰਨਾਲਾ 7 ਅਪ੍ਰੈਲ 2022
ਕਚਿਹਰੀਆਂ ਦੇ ਇਰਦ ਗਿਰਦ ਖਾਕੀ ਵਰਦੀ ਵਾਲਿਆਂ ਦੀ ਕੋਈ ਕਮੀ ਨਹੀਂ, ਦੋ ਇੱਧਰ ਨੂੰ ਆਉਂਦੇ ਤੇ ਚਾਰ ਪਰ੍ਹਾਂ ਨੂੰ ਜਾਂਦੇ ਰਹਿੰਦੇ ਹਨ। ਪਰ ਫਿਰ ਵੀ ਪੁਲਿਸ ਅਤੇ ਆਮ ਲੋਕਾਂ ਦੀ ਚਹਿਲ ਪਹਿਲ ਦੇ ਬਾਵਜੂਦ ਚੋਰ ਬੇਖੌਫ ਹੋ ਕੇ ਕਚਿਹਰੀਆਂ ਦੇ ਬਾਹਰ ਤੇ ਅੰਦਰ ਖੜ੍ਹੇ ਦੋ ਪਹੀਆ ਵਹੀਕਲਾਂ ਨੂੰ ਲੈ ਕੇ ਫਰਾਰ ਹੋ ਜਾਂਦੇ ਹਨ। ਇਹ ਸਿਲਸਿਲਾ ਲੱਗਭੱਗ ਹਰ ਦਿਨ ਦੁਹਰਾਇਆ ਜਾ ਰਿਹਾ ਹੈ। ਪੁਲਿਸ ਦੁਰਖਾਸਤ ਲੈ ਕੇ ਦੋਸ਼ੀਆਂ ਦੀ ਤਲਾਸ਼ ਕਰਨ ਜਾਂ ਕੇਸ ਦਰਜ਼ ਕਰਨ ਦੀ ਬਜਾਏ, ਹੋਰ ਮੋਟਰਸਾਈਕਲ/ਸਕੂਟਰ ਚੋਰੀ ਹੋਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ, ਫਿਰ ਕੁੱਝ ਦਿਨ ਇੱਕ ਐਫ.ਆਈ.ਆਰ. ਵਿੱਚ ਕਈ ਮੋਟਰਸਾਈਕਲਾਂ ਦੇ ਚੋਰੀ ਹੋਣ ਦਾ ਕੇਸ ਦਰਜ਼ ਕਰਕੇ,ਖਾਨਾਪੂਰਤੀ ਕਰਦੀ ਰਹਿੰਦੀ ਹੈ। ਪੁਲਿਸ ਦੀ ਅਜਿਹੀ ਕਾਰਜਸ਼ੈਲੀ ਕਾਰਣ, ਲੋਕਾਂ ਵਿੱਚ ਖੌਫ ਤੇ ਚੋਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ।
ਅਜਿਹੀ ਹੀ ਤਾਜ਼ਾ ਵਾਪਰੀ ਘਟਨਾ ਦੀ ਜਾਣਕਾਰੀ ਅਰਸਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਢਿੱਲਵਾ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ। ਅਰਸ਼ਦੀਪ ਨੇ ਦੱਸਿਆ ਕਿ ਉਹ ਖੇਤੀ ਬਾੜੀ ਦਾ ਕੰਮ ਕਰਦਾ ਹਾਂ । ਉਹ ਆਪਣੇ ਪਿਤਾ ਦਾ ਮੋਟਰਸਾਇਕਲ ਨੰਬਰ PB 65 AE 3212 ਮਾਰਕਾ ਸਪਲੈਡਰ ਪਲੱਸ ਰੰਗ ਕਾਲਾ ਲੈ ਕੇ ਆਪਣੇ ਨਿੱਜੀ ਕੰਮ ਕਾਰ ਲਈ ਕਰੀਬ 10:30 ਵਜੇ ਬਰਨਾਲਾ ਕਚਿਹਰੀਆਂ ਆਇਆ ਸੀ ਤਾਂ ਮੋਟਰਸਾਇਕਲ ਕਚਿਹਰੀਆ ਦੇ ਛੋਟੇ ਗੇਟ ਨੰਬਰ 01 ਦੇ ਬਾਹਰ ਖੜ੍ਹਾ ਕਰਕੇ , ਉਸਨੂੰ ਲੌਕ ਲਗਾ ਕਿ ਕਚਿਹਰੀਆਂ ਦੇ ਅੰਦਰ ਚਲਾ ਗਿਆ ਸੀ। ਕਰੀਬ 11 ਵਜੇ ਤੱਕ, ਉਸਨੇ ਵੇਖਿਆ ਕਿ ਮੋਟਰਸਾਈਕਲ ਉੱਥੇ ਹੀ ਖੜ੍ਹਾ ਸੀ। ਪਰੰਤੂ ਜਦੋਂ ਸਿਰਫ 9 ਮਿੰਟ ਕੁ ਬਾਅਦ ਹੀ,ਜਦੋਂ ਮੈਂ ਆਪਣਾ ਕੰਮ ਨਿਪਟਾ ਕੇ ਬਾਹਰ ਆਇਆ ਤਾਂ ਮੋਟਰਸਾਈਕਲ ਉੱਥੋਂ ਗਾਇਬ ਹੋ ਗਿਆ।
ਅਰਸ਼ਦੀਪ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਇਕਲ ਦੀ ਆਲੇ ਦੁਆਲੇ ਕਾਫੀ ਭਾਲ ਕੀਤੀ । ਪਰ ਮੋਟਰਸਾਇਕਲ ਕਿੱਧਰੇ ਨਹੀਂ ਮਿਲਿਆ। ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਮੇਰਾ ਮੋਟਰਸਾਇਕਲ ਕਿਸੇ ਨਾਮਲੂਮ ਵਿਅਕਤੀ/ਵਿਅਕਤੀਆਂ ਵੱਲੋਂ ਚੋਰੀ ਕੀਤਾ ਗਿਆ ਹੈ। ਉਨ੍ਹਾਂ ਥਾਣਾ ਸਿਟੀ 2 ਬਰਨਾਲਾ ਵਿਖੇ ਸ਼ਕਾਇਤ ਦੇ ਕੇ ਮੰਗ ਕੀਤੀ ਕਿ ਨਾਮਲੂਮ ਚੋਰਾਂ ਖਿਲਾਫ ਬਣਦੀ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਰਸ਼ਦੀਪ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਸਾਡਾ ਇੱਕ ਮੋਟਰਸਾਈਕਲ ਕਚਿਹਰੀਆਂ ਦੇ ਬਾਹਰੋਂ ਚੋਰੀ ਹੋ ਗਿਆ ਸੀ। ਜਿਸ ਦਾ ਵੀ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਡਰ ਕਾਰਣ, ਉਸ ਨੇ ਆਪਣੇ ਮੋਟਰਸਾਈਕਲ ਦਾ ਪਲੱਗ ਵੀ ਕੱਢਿਆ ਹੋਇਆ ਸੀ। ਫਿਰ ਵੀ ਚੋਰ , ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਦੇ ਬਾਵਜੂਦ ਵੀ ਕੋਈ ਪੁਲਿਸ ਮੁਲਾਜ਼ਮ ਮੌਕਾ ਦੇਖਣ ਜਾਂ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਨ ਤੱਕ ਨਹੀਂ ਪਹੁੰਚਿਆ। ਐਸਐਚਉ ਮਨੀਸ਼ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਦੀ ਘਟਨਾ ਦੀ ਤਫਤੀਸ਼ ਏ.ਐਸ.ਆਈ. ਲਾਭ ਸਿੰਘ ਨੂੰ ਦਿੱਤੀ ਗਈ ਹੈ, ਉਹ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਕੇ ਚੋਰਾਂ ਦੀ ਸ਼ਨਾਖਤ ਕਰਨ ਲਈ ਯਤਨਸ਼ੀਲ ਹੈ। ਉਮੀਦ ਹੈ ਜਲਦ ਹੀ, ਚੋਰਾਂ ਦੀ ਸ਼ਨਾਖਤ ਕਰਕੇ,ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਕਚਹਿਰੀਆਂ ਦੇ ਨੇੜੇ, ਰੈਸਟ ਹਾਊਸ, ਡੀਸੀ ,ਐਸਐਸਪੀ , ਜੱਜਾਂ ਤੇ ਹੋਰ ਅਧਿਕਾਰੀਆਂ ਦੇ ਦਫਤਰ ਅਤੇ ਰੈਜੀਡੈਂਸ ਬਣੇ ਹੋਏ ਹਨ। ਜਿੱਥੇ ਪੁਲਿਸ ਕਰਮਚਾਰੀ ਹਮੇਸ਼ਾ ਤਾਇਨਾਤ ਰਹਿੰਦੇ ਹਨ।
One thought on “ਉਹ ਮੋਟਰ ਸਾਈਕਲ ਕਚਿਹਰੀਆਂ ਦੇ ਗੇਟ ਤੇ ਖੜ੍ਹਾ ਕਰਕੇ ਗਿਆ ਤਾਂ ,,,”
Comments are closed.