ਹਰਿੰਦਰ ਨਿੱਕਾ , ਬਰਨਾਲਾ 27 ਫਰਵਰੀ 2022
ਆਪਣੇ ਘਰੋਂ ਸਰਕਾਰੀ ਸਕੂਲ ‘ਚ ਪੇਪਰ ਦੇਣ ਲਈ ਗਈ 10 ਵੀਂ ਕਲਾਸ ਦੀ ਵਿਦਿਆਰਥਣ ਦਾ 3 ਦਿਨ ਬਾਅਦ ਵੀ ਪਰਿਵਾਰ ਅਤੇ ਪੁਲਿਸ ਨੂੰ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਲੱਗਿਆ। ਪੁਲਿਸ ਨੇ ਅਗਵਾ ਵਿਦਿਆਰਥਣ ਦੇ ਪਿਤਾ ਦੀ ਸ਼ਕਾਇਤ ਤੇ ਨਾਮਜ਼ਦ ਦੋਸ਼ੀ ਨੌਜਵਾਨ ਦੇ ਖਿਲਾਫ ਅਗਵਾ ਦਾ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਵਿੱਢ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਕੇਸ਼ ਕੁਮਾਰ ਵਾਸੀ ਸੰਧੂਆਂ ਦਾ ਮੁਹੱਲਾ ਭਦੌੜ ਨੇ ਦੱਸਿਆ ਕਿ ਉਸ ਦੀ ਬੇਟੀ ਕੰਚਨ ਉਮਰ ਕਰੀਬ 16 ਸਾਲ, 25 ਫਰਵਰੀ ਨੂੰ ਸਵੇਰੇ ਆਪਣੇ ਭਦੌੜ ਸਕੂਲ ਵਿਖੇ ਪੇਪਰ ਦੇਣ ਲਈ ਗਈ ਸੀ । ਪਰੰਤੂ ਦੁਪਿਹਰ 1 / 1:30 ਵਜੇ ਤੱਕ ਘਰ ਹੀ ਨਹੀਂ ਪਹੁੰਚੀ। ਜਦੋਂ ਉਹ ਕਾਫੀ ਉਡੀਕ ਤੋਂ ਬਾਅਦ ਕਰੀਬ ਤਿੰਨ ਵਜੇ ਸਕੂਲ ਪਹੁੰਚਿਆਂ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਸਕੂਲ ਹੀ ਨਹੀਂ ਪਹੁੰਚੀ ਸੀ।
ਉਨ੍ਹਾਂ ਕਿਹਾ ਕਿ ਉਸ ਨੇ ਜਦੋਂ ਆਪਣੇ ਪੱਧਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਹਰਦੀਪ ਸਿੰਘ ਸਨੀ ਵਾਸੀ ਢੀਂਡਸਾ ਮੁਹੱਲਾ ਭਦੌੜ, ਉਸ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ ਹੈ। ਆਖਿਰ ਇਸ ਘਟਨਾ ਦੀ ਸੂਚਨਾ, ਉਨ੍ਹਾਂ 26 ਫਰਵਰੀ ਨੂੰ ਪੁਲਿਸ ਨੂੰ ਦੇ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਅਗਵਾ ਸਕੂਲੀ ਵਿਦਿਆਰਥਣ ਦੇ ਪਿਤਾ ਦੇ ਬਿਆਨ ਤੇ ਨਾਮਜ਼ਦ ਦੋਸ਼ੀ ਨੌਜਵਾਨ ਹਰਦੀਪ ਸਿੰਘ ਉਰਫ ਸਨੀ ਦੇ ਖਿਲਾਫ ਅਧੀਨ ਜੁਰਮ 363/366 ਏ ਆਈਪੀਸੀ ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ ਕਰਕੇ, ਉਸ ਦੀ ਤਲਾਯ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਉਸ ਨੂੰ ਕਾਬੂ ਕਰਕੇ, ਅਗਵਾ ਸਕੂਲੀ ਵਿੱਦਿਆਰਥਣ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਾ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।