ਸ਼ਰਧਾਂਜ਼ਲੀ ਸਮਾਗਮ ਨੇ ਦਿੱਤਾ ਪੈਗ਼ਾਮ
ਜਾਰੀ ਰੱਖਣ ਦੀ ਲੋੜ ਹੈ ਬੱਬਰਾਂ ਦਾ ਸੰਗਰਾਮ
ਪਰਦੀਪ ਕਸਬਾ , ਜਲੰਧਰ ,27 ਫਰਵਰੀ 2022
ਮੁਲਕ ਦੀ ਆਜ਼ਾਦੀ ਲਈ ਚੱਲੀਆਂ ਇਨਕਲਾਬੀ ਕੌਮੀ ਮੁਕਤ ਲਹਿਰਾਂ ‘ਚ ਨਿਵੇਕਲਾ ਸਥਾਨ ਰੱਖਦੀ ਬੱਬਰ ਅਕਾਲੀ ਲਹਿਰ ‘ਚ 27 ਫਰਵਰੀ 1926 ਨੂੰ ਕਿਸ਼ਨ ਸਿੰਘ ਗੜਗੱਜ (ਵੜਿੰਗ, ਜਲੰਧਰ), ਕਰਮ ਸਿੰਘ (ਮਾਣਕੋ, ਜਲੰਧਰ), ਨੰਦ ਸਿੰਘ (ਘੁੜਿਆਲ, ਜਲੰਧਰ), ਸੰਤਾ ਸਿੰਘ (ਛੋਟੀ ਹਰਿਓਂ, ਲੁਧਿਆਣਾ), ਦਲੀਪ ਸਿੰਘ (ਧਾਮੀਆਂ, ਹੁਸ਼ਿਆਰਪੁਰ) ਅਤੇ ਧਰਮ ਸਿੰਘ (ਹਿਯਾਤਪੁਰ ਰੁੜਕੀ, ਹੁਸ਼ਿਆਰਪੁਰ), 27 ਫਰਵਰੀ 1927 ਨੂੰ ਨਿੱਕਾ ਸਿੰਘ (ਗਿੱਲ, ਲੁਧਿਆਣਾ), ਮੁਕੰਦ ਸਿੰਘ (ਜਵੱਧੀ ਕਲਾਂ, ਲੁਧਿਆਣਾ), ਬੰਤਾ ਸਿੰਘ (ਗੁਰੂਸਰ, ਲੁਧਿਆਣਾ), ਸੁੰਦਰ ਸਿੰਘ (ਲਹੁਕਾ, ਅੰਮ੍ਰਿਤਸਰ), ਗੁੱਜਰ ਸਿੰਘ (ਢੱਪਈ, ਲੁਧਿਆਣਾ) ਅਤੇ ਨਿੱਕਾ ਸਿੰਘ ਦੂਜਾ (ਆਲੋਵਾਲ, ਅੰਮ੍ਰਿਤਸਰ) ਲਾਹੌਰ ਕੇਂਦਰੀ ਜੇਲ੍ਹ ਅਤੇ 16 ਮਈ 1931 ਨੂੰ ਜਲੰਧਰ ਜੇਲ੍ਹ ‘ਚ ਸ਼ਹੀਦ ਹੋਏ ਬੱਬਰਾਂ ਲਾਭ ਸਿੰਘ, ਭਾਨ ਸਿੰਘ (ਰੰਧਾਵਾ ਮਸੰਦਾਂ, ਜਲੰਧਰ) ਤੇ ਸਾਧੂ ਸਿੰਘ (ਸਾਧੜਾ, ਹੁਸ਼ਿਆਰਪੁਰ) ਦੀ ਯਾਦ ‘ਚ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਪ੍ਰਭਾਵਸ਼ਾਲੀ ਸ਼ਰਧਾਂਜ਼ਲੀ ਸਮਾਗਮ ਕੀਤਾ ਗਿਆ।
ਇਸ ਸਮਾਗਮ ‘ਚ ਹਰਿਓਂ ਖੁਰਦ (ਲੁਧਿਆਣਾ), ਸਾਧੜਾ, ਮਾਹਿਲਪੁਰ, ਪੰਡੋਰੀ ਗੰਗਾ ਸਿੰਘ, ਸਰਹਾਲਾ ਕਲਾਂ, ਕੋਟ ਫਤੂਹੀ (ਹੁਸ਼ਿਆਰਪੁਰ), ਰੰਧਾਵਾ ਮਸੰਦਾ, ਪੰਡੋਰੀ ਨਿੱਝਰਾਂ, ਜੌਹਲ (ਜਲੰਧਰ), ਦੌਲਤਪੁਰ (ਨਵਾਂਸ਼ਹਿਰ) ਆਦਿ ਪਿੰਡਾਂ ਤੋਂ ਪੁੱਜੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਨਗਰਾਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਇਸ ਮੌਕੇ ਬੱਬਰ ਰਤਨ ਸਿੰਘ ਰੱਕੜ ਦੇ ਪੋਤਰੇ ਜੁਝਾਰ ਸਿੰਘ ਦਾ ਭੇਜਿਆ ਸੁਨੇਹਾ ਪੜ੍ਹਕੇ ਸੁਣਾਇਆ ਗਿਆ।
ਜਨਰਲ ਸਕੱਤਰ ਗੁਰਮੀਤ ਸਿੰਘ ਨੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਨੂੰ ਸਿਜਦਾ ਕਰਦਿਆਂ ਨਵੀਂ ਪੀੜ੍ਹੀ ਨੂੰ ਰੌਸ਼ਨੀ ਦਿੰਦੀ ਰਹੇਗੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਵਿਜੈ ਬੰਬੇਲੀ ਨੇ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਬੋਲਦਿਆਂ ਕਿਹਾ ਕਿ ਬੱਬਰ ਅਕਾਲੀ ਲਹਿਰ ਧਰਮ, ਫ਼ਿਰਕੇ, ਜਾਤ-ਪਾਤ ਅਤੇ ਇਲਾਕੇ ਤੋਂ ਉਪਰ ਉੱਠਕੇ ਸਮੂਹ ਦੇਸ਼ ਵਾਸੀਆਂ ਦੀ ਆਜ਼ਾਦੀ ਲਈ ਉੱਠੀ ਲਹਿਰ ਸੀ, ਜਿਸ ਵਿੱਚ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੇ ਜੋਟੀਆਂ ਪਾ ਕੇ ਅਥਾਹ ਕੁਰਬਾਨੀਆਂ ਕੀਤੀਆਂ। ਉਹਨਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਦੀਆਂ ਮਾਣਮੱਤੀਆਂ ਪੈੜ੍ਹਾਂ ਨੂੰ ਸੰਭਾਲਣ ਅਤੇ ਉਹਨਾਂ ‘ਤੇ ਅੱਗੇ ਤੁਰਨ ਦੀ ਲੋੜ ਹੈ।
ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਦੱਸਿਆ ਕਿ ਪੰਜਾਬ ਦੀ ਮਿੱਟੀ ਵਿੱਚ ਸਮੋਈ ਮਹਾਨ ਇਤਿਹਾਸਕ/ਸਭਿਆਚਾਰਕ ਵਿਰਾਸਤ ਵਿਚੋਂ ਉੱਠੀ ਬੱਬਰ ਅਕਾਲੀ ਲਹਿਰ ਨੇ ਲਹੂ ਸੰਗ ਇਤਿਹਾਸ ਸਿਰਜਕੇ ਸਾਬਤ ਕੀਤਾ ਕਿ ਲੋਕ, ਗੁਲਾਮੀ, ਦਾਬੇ, ਲੁੱਟ-ਖਸੁੱਟ, ਵਿਤਕਰੇ ਅਤੇ ਅਨਿਆਂ ਖਿਲਾਫ਼ ਸਦਾ ਲੜਦੇ ਰਹੇ ਹਨ ਅਤੇ ਨਿਆਂ ਭਰੇ ਸਮਾਜ ਦੀ ਸਿਰਜਣਾ ਲਈ ਇਹ ਸੰਘਰਸ਼ ਜਾਰੀ ਰੱਖਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਅੱਜ ਸਾਡੇ ਲਈ ਉਸ ਮੌਕੇ ਮਾਰਗ-ਦਰਸ਼ਕ ਹੈ, ਜਦੋਂ ਸਾਮਰਾਜੀ ਤਾਕਤਾਂ ਸਾਡੇ ਕੁਦਰਤੀ ਮਾਲ ਖਜ਼ਾਨੇ, ਧਨ, ਧਰਤੀ, ਕਿਰਤ ਉਪਰ ਡਾਕੇ ਮਾਰਨ ਲਈ ਦਹਾੜ ਰਹੀਆਂ ਹਨ। ਅੱਜ ਇਹਨਾਂ ਖਿਲਾਫ਼ ਵਿਸ਼ਾਲ ਲੋਕ ਲਹਿਰ ਖੜ੍ਹੀ ਕਰਨਾ ਹੀ ਬੱਬਰ ਅਕਾਲੀ ਲਹਿਰ ਨੂੰ ਪ੍ਰਣਾਮ ਕਰਨਾ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰ ਲਹਿਰ ਦਾ ਅਗਲਾ ਵਰਕਾ ਬੱਬਰ ਅਕਾਲੀ ਲਹਿਰ ਹੈ, ਜਿਸ ਦੇ ਸੁਪਨੇ ਸਾਕਾਰ ਕਰਨ ਲਈ ਜਦੋ ਜਹਿਦ ਜਾਰੀ ਹੈ ਅਤੇ ਜਾਰੀ ਰਹੇਗੀ। ਦੇਸ਼ ਭਗਤ ਕਮੇਟੀ ਇਸ ਇਤਿਹਾਸ ਨੂੰ ਸੰਭਾਲਣ ਅਤੇ ਅਗੇ ਲਿਜਾਣ ‘ਚ ਲਈ ਵਚਨਬੱਧ ਹੈ।
ਸਮਾਗਮ ‘ਚ ਹੱਥ ਖੜ੍ਹੇ ਕਰਕੇ ਪਾਸ ਮਤਿਆਂ ‘ਚ ਮੰਗ ਕੀਤੀ ਗਈ ਕਿ ਯੂਕਰੇਨ ਦੀ ਧਰਤੀ ‘ਤੇ ਲੋਕਾਂ ਨੂੰ ਜੰਗ ਵਿੱਚ ਝੋਕਣ ਦੇ ਕਾਰਨਾਮੇ ਬੰਦ ਕੀਤੇ ਜਾਣ ਅਤੇ ਯੂਕਰੇਨ ਪੜ੍ਹਦੇ ਵਿਦਿਆਰਥੀਆਂ ਅਤੇ ਭਾਰਤੀ ਲੋਕਾਂ ਦੀ ਸੁਰਖਿੱਅਤ ਘਰ ਵਾਪਸੀ ਕੀਤੀ ਜਾਵੇ। ਜੇਲ੍ਹੀਂ ਡਕੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ। ਹਿਜਾਬ ਅਤੇ ਦਸਤਾਰ ਜ਼ਬਰੀ ਉਤਾਰਨ ਦੇ ਫ਼ਰਮਾਨ ਮੜ੍ਹਨੇ ਬੰਦ ਕੀਤੇ ਜਾਣ। ਜੱਲ੍ਹਿਆਂਵਾਲੇ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਕੀਤੀ ਜਾਵੇ। ਕਦੇ ਜੰਗ ਕਦੇ ਕਰੋਨਾ ਦੀ ਆੜ੍ਹ ਹੇਠ ਲੋਕਾਂ ‘ਤੇ ਚੌਤਰਫ਼ੇ ਹੱਲੇ ਬੋਲਣੇ ਬੰਦ ਕੀਤੇ ਜਾਣ।
ਬੱਬਰਾਂ ਦੇ ਪਰਿਵਾਰਾਂ ਤੇ ਨਗਰਾਂ ਦੇ ਸਨਮਾਨ ਮੌਕੇ ਮੰਚ ‘ਤੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਕੁਲਬੀਰ ਸੰਘੇੜਾ, ਹਰਵਿੰਦਰ ਭੰਡਾਲ ਤੇ ਹਰਮੇਸ਼ ਮਾਲੜੀ ਵੀ ਹਾਜ਼ਰ ਸਨ।ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।