ਮਾਮਲਾ:ਨਾਬਾਲਗ ਬੱਚੀ ਨਾਲ ਜ਼ਬਰ ਜ਼ਿਨਾਹ ਦਾ: ਇਸਤਰੀ ਜਾਗ੍ਰਿਤੀ ਮੰਚ ਵਲੋਂ ਥਾਣੇ ਦਾ ਘਿਰਾਓ
*ਦੋਸ਼ੀ ਨੂੰ ਗਿਰਫ਼ਤਾਰ ਕਰਨ ਤੇ ਹੋਰ ਮੰਗਾਂ ਨੂੰ ਹੱਲ ਕਰਨ ਪ੍ਰਸ਼ਾਸਨ ਨੇ ਦਿੱਤਾ ਭਰੋਸਾ
ਪਰਦੀਪ ਕਸਬਾ , ਕਰਤਾਰਪੁਰ 23 ਫ਼ਰਵਰੀ 2022
ਪਿੰਡ ਮੰਡ ਮੋੜ ਦੀ 9 ਸਾਲਾਂ ਬੱਚੀ ਨਾਲ ਹੋਏ ਜ਼ਬਰ ਜ਼ਿਨਾਹ ਦੇ ਮਾਮਲੇ ਵਿੱਚ ਸ਼ਾਮਲ ਦਰਿੰਦੇ ਨੂੰ ਅੱਜ ਤੱਕ ਗਿਰਫ਼ਤਾਰ ਨਾ ਕੀਤੇ ਜਾਣ ਵਿਰੁੱਧ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਥਾਣਾ ਕਰਤਾਰਪੁਰ ਥਾਣੇ ਦਾ 2 ਘੰਟੇ ਤੋਂ ਵੱਧ ਸਮਾਂ ਘੇਰਾਓ ਕੀਤਾ ਗਿਆ। ਘੇਰਾਓ ਵਿੱਚ ਜ਼ਿਲ੍ਹੇ ਭਰ ਚੋਂ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ। ਘੇਰਾਓ ਤੋਂ ਪਹਿਲਾਂ ਔਰਤਾਂ ਸਥਾਨਕ ਅੰਬੇਡਕਰ ਚੌਂਕ ਵਿਖੇ ਇਕੱਠੇ ਹੋਈਆਂ, ਜਿੱਥੋਂ ਜ਼ੋਰਦਾਰ ਮੁਜ਼ਾਹਰੇ ਦੇ ਰੂਪ ਵਿੱਚ ਥਾਣਾ ਕਰਤਾਰਪੁਰ ਅੱਗੇ ਪੁੱਜੀਆਂ, ਜਿੱਥੇ ਪ੍ਰਸ਼ਾਸਨ ਦੀ ਘਟੀਆਂ ਕਾਰਜੁਗਾਰੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਧਰਨਾਕਾਰੀਆਂ ਵਿੱਚ ਆ ਕੇ ਡੀਐੱਸਪੀ ਸੁੱਖਪਾਲ ਸਿੰਘ ਰੰਧਾਵਾ ਨੇ ਦਰਿੰਦੇ ਨੂੰ ਜਲਦੀ ਗਿਰਫ਼ਤਾਰ ਕਰਨ, ਸਰਕਾਰੀ ਖਰਚ ਉੱਤੇ ਪੀੜਤ ਲੜਕੀ ਦਾ ਮੁਕੰਮਲ ਇਲਾਜ ਕਰਵਾਉਣ ਅਤੇ ਪੀੜਤ ਪਰਿਵਾਰ ਮੁਆਵਜ਼ਾ ਦਿਵਾਉਣ ਦਾ ਭਰੋਸਾ ਦੇਣ ਉਪਰੰਤ ਘੇਰਾਓ ਖ਼ਤਮ ਕੀਤਾ ਗਿਆ।
ਇਸ ਮੌਕੇ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਅਤੇ ਜ਼ਿਲਾ ਸਕੱਤਰ ਜਸਵੀਰ ਕੌਰ ਨੇ ਕਿਹਾ ਕਿ ਪਹਿਲਾਂ ਵੀ ਜ਼ਿਲ੍ਹੇ ਅੰਦਰ ਬੱਚੀਆਂ ਅਤੇ ਔਰਤਾਂ ਨਾਲ ਵਧੀਕੀਆਂ ਦੇ ਮਾਮਲਿਆਂ ਨੂੰ ਪੁਲਿਸ ਵੱਲੋਂ ਗੰਭੀਰਤਾ ਨਾਲ ਨਹੀਂ ਲਏ ਜਾਂਦੇ ।ਚੋਣਾਂ ਦੇ ਬਹਾਨੇ ਤਹਿਤ ਇਸ ਤਰ੍ਹਾਂ ਦੇ ਸੰਜੀਦਾ ਮਾਮਲੇ ਟਾਲਣੇ ਨੂੰ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਲੱਚਰ ਸੱਭਿਆਚਾਰ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਕਿਸਾਨੀ ਘੋਲ ਦੇ ਚੱਲਦਿਆਂ ਲੱਚਰ ਸੱਭਿਆਚਾਰ ਨੂੰ ਠੱਲ੍ਹ ਪਈ ਸੀ।ਬਹੁਤ ਸਾਰੇ ਕਲਾਕਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਮਿਹਨਤੀ ਲੋਕਾਂ ਦੀ ਗੱਲ ਕਰਨ ਲੱਗੇ ਸੀ। ਪਰ ਘੋਲ ਦੇ ਠੰਡਾ ਪੈਂਦਿਆਂ ਹੀ ਬੱਸਾਂ ਅਤੇ ਜਨਤਕ ਥਾਵਾਂ ਤੇ ਅਸ਼ਲੀਲ ਗਾਣੇ ਧੜੱਲੇ ਨਾਲ ਵੱਜਣੇ ਸ਼ੁਰੂ ਹੋ ਗਏ ਹਨ।ਉਨਾੰ ਨੇ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਨੇ ਇਸ ਗੰਭੀਰ ਸਮੱਸਿਆ ਨੂੰ ਆਪਣਾ ਏਜੰਡਾ ਨਾ ਬਣਾਉਣ ਤੇ ਚਿੰਤਾ ਪ੍ਰਗਟ ਕੀਤੀ।
ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਜ਼ਬਰ ਜ਼ਨਾਹ ਦੇ ਦੋਸ਼ੀ ਨੂੰ ਤਰੁੰਤ ਗਿਰਫਤਾਰ ਕਰਕੇ ਬਣਦੀ ਕਾਰਵਾਈ, ਪੀੜਿਤ ਲੜਕੀ ਦੇ ਇਲਾਜ ਦੀ ਸਰਕਾਰੀ ਖਰਚੇ ਦੀ ਗਰੰਟੀ ਅਤੇ ਪੀੜਿਤ ਲੜਕੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ।
ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਮੈਡਮ ਨਿਰਮਲਜੀਤ ਕੌਰ, ਦਿਲਜੀਤ ਕੌਰ, ਬਲਵਿੰਦਰ ਕੌਰ,ਪੰਜਾਬ ਸਟੂਡੈਂਟਸ ਯੂਨੀਅਨ ਦੇ ਰਮਨਦੀਪ ਕੌਰ,ਕਿਰਨਦੀਪ ਕੌਰ, ਅਲੀਸ਼ਾ, ਮੰਗਲਜੀਤ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਪੇਂਡੂ ਮਜ਼ਦੂਰ ਯੂਨੀਅਨ ਦੇ ਯੂਥ ਵਿੰਗ ਦੇ ਗੁਰਪ੍ਰੀਤ ਸਿੰਘ ਚੀਦਾ, ਬਲਵਿੰਦਰ ਕੌਰ ਦਿਆਲਪੁਰ, ਕਿਸਾਨ ਆਗੂ ਤਰਸੇਮ ਸਿੰਘ ਤੇ ਵੀਰ ਕੁਮਾਰ ਅਤੇ ਦਲਿਤ ਆਗੂ ਪੰਕਜ ਕਲਿਆਣ ਆਦਿ ਨੇ ਵੀ ਸੰਬੋਧਨ ਕੀਤਾ।