40-42 ਸਾਲ ਪਹਿਲਾਂ ਖੇਤ ਮਜ਼ਦੂਰਾਂ ਦੀ ਕੱਟੀਆਂ ਕਲੋਨੀਆਂ ਦੀ ਪ੍ਰਾਪਤੀ ਲਈ ਨਜਾਇਜ਼ ਕਬਜ਼ੇ ਖਿਲਾਫ ਰੈਲੀ ਕਰਕੇ ਸੰਘਰਸ਼ ਦਾ ਕੀਤਾ ਐਲਾਨ
ਪਰਦੀਪ ਕਸਬਾ, ਸੰਗਰੂਰ , 24, ਫ਼ਰਵਰੀ 2022
ਪਿੰਡ ਦਿਆਲਗੜ੍ਹ ਵਿਖੇ ਖੇਤ ਮਜ਼ਦੂਰਾਂ ਦੀ 40-42ਸਾਲ ਪਹਿਲਾਂ ਕੱਟੀਆਂ ਕਲੌਨੀਆਂ ਜਿਸ ਦਾ ਇੰਤਕਾਲ ਵੀ ਉਨ੍ਹਾਂ ਦੇ ਨਾਂ ਤੇ ਹੋਣ ਦੇ ਬਾਵਜੂਦ ਅੱਜ ਤੱਕ ਵੀ ਕਬਜ਼ਾ ਨਹੀਂ ਮਿਲਿਆ। ਖੇਤ ਮਜ਼ਦੂਰਾਂ ਨਾਲ ਹੋਈ ਇਸ ਬੇਇਨਸਾਫ਼ੀ ਖਿਲਾਫ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦਿਆਲਗੜ੍ਹ ਵਿਖੇ ਰੈਲੀ ਕੀਤੀ ਗਈ। ਰੈਲੀ ਚ ਬੇਇਨਸਾਫ਼ੀ ਦਾ ਸ਼ਿਕਾਰ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਕਿਹਾ ਕਿ ਲਾਹਨਤਾਂ ਨੇ ਇਨ੍ਹਾਂ ਹਾਕਮ ਜਮਾਤੀ ਪਾਰਟੀਆਂ ਤੇ ਜੋ ਆਏ ਪੰਜੀ ਸਾਲੀ ਵੋਟਾਂ ਵੇਲੇ ਵਾਅਦਿਆਂ ਦੀ ਝੜੀ ਲਗਾ ਦਿੰਦੀਆਂ ਹਨ ਪਰ ਅਮਲ ਵਿੱਚ ਕੁੱਝ ਨਹੀਂ ਕਰਦੀਆਂ।
ਜਿਹੜੀਆ ਪਾਰਟੀਆਂ ਖੇਤ ਮਜ਼ਦੂਰਾਂ ਲਈ ਕੱਟੀਆਂ ਕਲੌਨੀਆਂ ਨਹੀਂ ਦਿਵਾ ਸਕੀਆਂ ਉਹ ਭਲਾ ਹੋਰ ਕੀ ਕਰਨਗੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਨੂੰ ਜਿਹੜੀਆਂ ਕਲੋਨੀਆਂ ਕੱਟ ਕੇ ਦਿੱਤੀਆਂ ਸਨ,ਉਸ ਦਾ ਇੰਤਕਾਲ ਵੀ ਸਾਡੇ ਨਾਮ ਤੇ ਹੈ ਪਰ ਉਸ ਜਗ੍ਹਾ ਤੇ ਨਜਾਇਜ਼ ਕਬਜ਼ਾ ਬਰਕਰਾਰ ਹੈ।ਇਹ ਸਾਡੇ ਨਾਲ ਸਰਾਸਰ ਧੱਕੇਸਾਹੀ ਹੈ। ਸਾਨੂੰ ਹਰੇਕ ਵੋਟ ਬਟੋਰੂ ਪਾਰਟੀ ਨੇ ਲਾਰੇ ਹੀ ਲਾਏ ਹਨ। ਪਿੰਡ ਆਗੂ ਪ੍ਰਭੂ ਸਿੰਘ, ਕਰਮਜੀਤ ਕੌਰ ਨੇ ਕਿਹਾ ਕਿ ਸਾਡੀ ਕਿਤੇ ਵੀ ਸੁਣਵਾਈ ਨਾ ਹੋਣ ਤੇ ਅਸੀਂ ਇਹ ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਤਾਂ ਆਗੂ ਝੱਟ ਸਾਡੇ ਪਿੰਡ ਵਿੱਚ ਪਹੁੰਚ ਗਏ।
ਇਸੇ ਜਥੇਬੰਦੀ ਨੇ ਸਾਡੇ ਪਿੰਡ ਵਿੱਚ ਸਾਨੂੰ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ ਤੇ ਲੈ ਕੇ ਦਿੱਤੀ ਹੋਈ ਹੈ। ਸਾਨੂੰ ਜਥੇਬੰਦੀ ਦੇ ਉੱਪਰ ਪੂਰਾ ਭਰੋਸਾ ਹੈ। ਸਮੁੱਚੇ ਲੋਕਾਂ ਨੇ ਜਥੇਬੰਦੀ ਦੀ ਅਗਵਾਈ ਹੇਠ ਕੱਟੀਆਂ ਕਲੌਨੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ।