ਡੀਸੀ ਥੋਰੀ ਨੇ ਐਸ.ਐਸ.ਪੀ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ
ਹਰਪ੍ਰੀਤ ਕੌਰ ਸੰਗਰੂਰ, 25 ਅਪ੍ਰੈਲ 2020
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਅੱਜ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਅਗਲੇ 3-4 ਦਿਨਾਂ ਅੰਦਰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਬੱਸਾਂ ਰਾਹੀਂ ਵਾਪਸ ਪਰਤਣ ਵਾਲੇ ਸਮੂਹ ਸ਼ਰਧਾਲੂਆਂ ਦੀ ਅਹਿਤਿਆਤ ਵਜੋਂ ਸੈਂਪਲਿੰਗ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਸਥਿਤੀ ਵਿੱਚ ਸੰਕਰਮਣ ਫੈਲਣ ਦੀ ਸੰਭਾਵਨਾ ਨਾ ਰਹੇ। ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਸਿਵਲ ਸਰਜਨ ਡਾ. ਰਾਜ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ, ਸਹਾਇਕ ਸਿਵਲ ਸਰਜਨ ਡਾ. ਮਹੇਸ਼ ਅਹੂਜਾ, ਜ਼ਿਲ੍ਹਾ ਐਪੀਡੋਮੋਲਿਜਸਟ ਡਾ. ਉਪਾਸਨਾ ਬਿੰਦਰਾ ਸਮੇਤ ਹੋਰ ਚੋਣਵੇਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਮੂਹਰਲੀ ਕਤਾਰ ਵਿੱਚ ਡਟੇ ਕੋਵਿਡ ਯੋਧਿਆਂ ਨੂੰ ਸੁਰੱਖਿਅਤ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਸਮੇਂ ਸਮੇਂ ‘ਤੇ ਇਨ੍ਹਾਂ ਯੋਧਿਆਂ ਦੀ ਸਿਹਤ ਸਬੰਧੀ ਜਾਂਚ ਵੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਚੰਨੋ ਵਿਖੇ ਟੋਲ ਪਲਾਜ਼ਾ ‘ਤੇ ਸਥਾਪਤ ਮੈਡੀਕਲ ਚੈਕ ਪੋਸਟ ‘ਤੇ ਨਿਯਮਾਂ ਮੁਤਾਬਕ ਸੈਂਪਲਿੰਗ ਪ੍ਰਕਿਰਿਆ ਜਾਰੀ ਰੱਖੀ ਜਾਵੇ ਤਾਂ ਜੋ ਜ਼ਿਲ੍ਹਾ ਸੰਗਰੂਰ ਦੇ ਨਾਲ ਲਗਦੇ ਜ਼ਿਲਿ੍ਹਆਂ ਵਿੱਚੋਂ ਆਉਣ ਵਾਲੇ ਲੋਕਾਂ ਵਿੱਚੋਂ ਸ਼ੱਕੀ ਮਾਮਲਿਆਂ ਦੀ ਸੈਂਪਲਿੰਗ ਹੋ ਸਕੇ ਕਿਉਂਕਿ ਕਿਸੇ ਵੀ ‘ਸੁਪਰ ਸਪਰੈਡਰ’ ਰਾਹੀਂ ਇਸ ਵਾਇਰਸ ਦੇ ਫੈਲਣ ਦਾ ਜ਼ਿਆਦਾ ਡਰ ਬਣਿਆ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਲਾਂਕਿ ਜ਼ਿਲ੍ਹੇ ਵਿੱਚ ਦੋ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਹੋਣ ਮਗਰੋਂ ਤੰਦਰੁਸਤ ਹੋ ਕੇ ਪਰਤ ਚੁੱਕੇ ਹਨ ਪਰ ਕਿਸੇ ਵੀ ਪੱਧਰ ‘ਤੇ ਅਣਗਹਿਲੀ ਨਾ ਕੀਤੀ ਜਾਵੇ ਅਤੇ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਕਰਫਿਊ ਨਿਯਮਾਂ ਦੀ ਪਾਲਣਾ ਦੀ ਵੀ ਹਦਾਇਤ ਕੀਤੀ ਅਤੇ ਐਸ.ਐਸ.ਪੀ ਨੂੰ ਆਖਿਆ ਕਿ ਕਿਤੇ ਵੀ ਉਲੰਘਣਾ ਪਾਏ ਜਾਣ ‘ਤੇ ਤੁਰੰਤ ਪੁਲਿਸ ਕੇਸ ਦਰਜ ਕੀਤੇ ਜਾਣ। ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਸਮਾਜਿਕ ਦੂਰੀ, ਮਾਸਕ ਤੇ ਸੈਨੇਟਾਈਜ਼ਰ ਆਦਿ ਦੀ ਵਰਤੋਂ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰੋਜੈਕਟਾਂ ਦੀ ਮਹੱਤਤਾ ਨੂੰ ਮੁੱਖ ਰਖਦਿਆਂ ਭੱਠਾ ਮਾਲਕਾਂ ਨੂੰ ਸਵੇਰੇ 5 ਵਜੇ ਤੋਂ ਸਵੇਰੇ 10 ਵਜੇ ਤੱਕ ਸਰਕਾਰੀ ਪ੍ਰੋਜੈਕਟਾਂ ਲਈ ਇੱਟਾਂ ਸਪਲਾਈ ਕਰਨ ਲਈ ਕਰਫਿਊ ਤੋਂ ਛੋਟ ਸਬੰਧੀ ਸ਼ਰਤਾਂ ਤਹਿਤ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਵੱਖ ਵੱਖ ਪੱਖਾਂ ਤੋਂ ਸਮੁੱਚੀ ਸਥਿਤੀ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ।