ਦੇਹਲੀ ਤੋਂ ਉੱਠਣ ਲਈ ਕਹਿਣ ਤੇ 2 ਸਕੇ ਭਰਾਂਵਾ ਚ, ਹੋਇਆ ਝਗੜਾ
ਪਤੀ – ਪਤਨੀ ਗੰਭੀਰ ਜਖਮੀ, ਹਸਪਤਾਲ ਭਰਤੀ
ਹਰਿੰਦਰ ਨਿੱਕਾ ਬਰਨਾਲਾ 24 ਅਪ੍ਰੈਲ 2020
ਇਹਨੂੰ ਸਹਿਣਸ਼ੀਲਤਾ ਦੀ ਘਾਟ ਸਮਝੋ, ਜਾਂ ਫਿਰ ਸਿਰ ਨੂੰ ਚੜ੍ਹਿਆ ਗੁੱਸੇ ਦਾ ਜਨੂੰਨ, ਇੱਕ ਭਰਾ ਨੇ ਗੁਆਂਢੀ ਨੂੰ ਆਪਣੇ ਘਰ ਦੀ ਦੇਹਲੀ ਤੋਂ ਉੱਠ ਜਾਣ ਲਈ ਕਿਹਾ, ਤਾਂ ਉਸਦਾ ਆਪਣਾ ਸਕਾ ਭਾਈ ਗੁਆਂਢੀ ਦੀ ਹਮਾਇਤ ਤੇ ਹੀ ਨਹੀਂ ਆਇਆ, ਉਲਟਾ ਆਪਣੇ ਹੀ ਸਕੇ ਭਾਈ ਤੇ ਭਰਜ਼ਾਈ ਨੂੰ ਇੱਟਾਂ -ਪੱਥਰ ਮਾਰ ਮਾਰ ਕੇ ਜਖਮੀ ਕਰ ਦਿੱਤਾ। ਦੋਵਾਂ ਜਖਮੀਆਂ ਨੂੰ ਤੁਰੰਤ ਹੀ ਗੰਭੀਰ ਹਾਲਤ ਚ, ਸਿਵਲ ਹਸਪਤਾਲ ਚ, ਭਰਤੀ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਪੇਸ਼ ਕੁਮਾਰ ਗਰਗ ਪੁੱਤਰ ਮੰਗਤ ਰਾਏ ਗਰਗ ਨਿਵਾਸੀ ਨਜ਼ਦੀਕ ਸਰਕਾਰੀ ਹਾਈ ਸਕੂਲ ਬਰਨਾਲਾ ਨੇ ਦੱਸਿਆ ਕਿ ਉਹਨਾਂ ਦਾ ਗੁਆਂਢੀ ਉਨ੍ਹਾਂ ਦੇ ਘਰ ਦੀ ਦੇਹਲੀ ਤੇ ਆ ਕੇ ਬੈਠ ਗਿਆ। ਜਦੋਂ ਉਹਨੂੰ ਉੱਠ ਕੇ ਚਲੇ ਜਾਣ ਲਈ ਕਿਹਾ ਤਾਂ ਮੇਰੇ ਭਰਾ ਵਿਕਾਸ ਗਰਗ ਨੇ ਕਿਹਾ ਕਿ ਤੂੰ ਕੌਣ ਹੁੰਦੈ, ਇਹਨੂੰ ਇੱਥੋਂ ਉਠਾਉਣ ਵਾਲਾ,ਇੰਨੇ ਚ, ਹੀ ਤੈਸ਼ ਚ, ਆਏ ਉਸਦੇ ਭਰਾ ਵਿਕਾਸ ਗਰਗ ਨੇ ਇੱਟ-ਪੱਥਰਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ। ਹਮਲੇ ਤੋਂ ਬਚਾਉਣ ਲਈ ਜਦੋਂ, ਉਸ ਦੀ ਪਤਨੀ ਸਵਿਤਾ ਛੁਡਾਉਣ ਲਈ ਅੱਗੇ ਆਈ ਤਾਂ ਵਿਕਾਸ ਉਸ ਦੇ ਵੀ ਪੱਥਰ ਦੀਆਂ ਟਾਇਲਾਂ ਮਾਰਨ ਲੱਗਾ। ਇਸ ਹਮਲੇ ਚ, ਉਹ ਦੋਵੇਂ ਪਤੀ-ਪਤਨੀ ਗੰਭੀਰ ਰੂਪ ਚ, ਜਖਮੀ ਹੋ ਗਏ। ਉਨ੍ਹਾਂ ਕਿਹਾ ਕਿ ਦਰਅਸਲ ਉਸ ਦਾ ਭਰਾ ਪਰਿਵਾਰ ਦੀ ਆੜਤ ਅਤੇ ਸਾ਼ਝੇ ਘਰ ਨੂੰ ਇਕੱਲਾ ਹੀ ਹੜੱਪ ਕਰਨਾ ਚਾਹੁੰਦਾ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਧਿਕਾਰੀ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਜਖਮੀ ਭੁਪੇਸ਼ ਗਰਗ ਦੇ ਬਿਆਨ ਤੇ ਉਸ ਦੇ ਨਾਮਜ਼ਦ ਦੋਸ਼ੀ ਭਰਾ ਵਿਕਾਸ ਗਰਗ ਅਤੇ ਸ਼ਹਿ ਦੇਣ ਵਾਲੇ ਗੁਆਂਢੀ ਦੇ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਖੇ ਅਧੀਨ ਜੁਰਮ 323 / 341 / 506 / 120 ਬੀ ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਬਿਆਨ ਦੇ ਅਧਾਰ ਦੇ ਕੇਸ ਦਰਜ਼ ਕੀਤਾ ਗਿਆ ਹੈ, ਸੱਟਾਂ ਐਕਸਰੇ ਲਈ ਰੱਖੀਆਂ ਗਈਆਂ ਹਨ, ਐਕਸਰੇ ਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਜੁਰਮ ਚ, ਵਾਧਾ ਵੀ ਕੀਤਾ ਜਾ ਸਕਦਾ ਹੈ।
-ਸਖਤ ਤੋਂ ਸਖਤ ਕਾਰਵਾਈ ਦੀ ਮੰਗ
ਵਪਾਰ ਮਹਾਂਸੰਘ ਦੇ ਪ੍ਰਧਾਨ ਲਲਿਤ ਮਹਾਜਨ ਨੇ ਅਤੇ ਭਾਜਪਾ ਦੇ ਸੀਨੀਅਰ ਨੇਤਾ ਪ੍ਰੇਮ ਪ੍ਰੀਤਮ ਜਿੰਦਲ ਨੇ ਕਿਹਾ ਕਿ ਭੁਪੇਸ਼ ਗਰਗ ਦੀ ਪਤਨੀ ਸਵਿਤਾ ਕਰਿਆਣਾ ਮਰਚੈਂਟ ਐਸੋਸੀਏਸ਼ਨ ਬਰਨਾਲਾ ਦੇ ਸਰਪ੍ਰਸਤ ਲਛਮਣ ਦਾਸ ਅਲਾਲ ਵਾਲਿਆਂ ਦੀ ਬੇਟੀ ਹੈ, ਦੋਸ਼ੀ ਵਿਕਾਸ ਗਰਗ ਇਕੱਲਾ ਹੀ ਉਨ੍ਹਾਂ ਦੀ ਆੜਤ ਦਾ ਕੰਮ ਅਤੇ ਘਰ ਨੂੰ ਹੜੱਪ ਕਰਨਾ ਚਾਹੁੰਦਾ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ , ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਆਹ ਸਮਾਂ ਪੂਰੀ ਮਨੁੱਖਤਾ ਤੇ ਮੁਸ਼ਕਿਲ ਦੀ ਘੜੀ ਦਾ ਦੌਰ ਹੈ, ਇਸ ਸਮੇਂ ਸਾਨੂੰ ਲੜਨ ਝਗੜਣ ਦੀ ਬਜਾਏ, ਘਰਾਂ ਚ, ਸ਼ਾਂਤੀ ਨਾਲ ਰਹਿ ਕੇ ਪੂਜਾ ਪਾਠ ਤੇ ਹੀ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਸਮੇਂ ਸਾਨੂੰ ਜਰੂਰਤਮੰਦ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ।