ਕਾਣੀ ਵੰਡ- ਰਾਸ਼ਟਰੀ ਸਿਹਤ ਮਿਸ਼ਨ ਦੇ 13,500 ਮੁਲਾਜਮਾਂ ,ਚੋਂ 100 ਕੁ ਮੁਲਾਜਮਾਂ ਦੀ ਵਧਾਈ ਤਨਖਾਹ
ਤਨਖਾਹਾਂ ਵਿੱਚ 40 ਪ੍ਰਤੀਸ਼ਤ ਦਾ ਵਾਧਾ ਸਾਰੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਦਿੱਤਾ ਜਾਵੇ -ਸੂਬਾ ਪ੍ਰਧਾਨ ਅਮਰਜੀਤ ਸਿੰਘ
ਲੋਕੇਸ਼ ਕੌਸ਼ਲ ਪਟਿਆਲਾ 24 ਅਪ੍ਰੈਲ 2020
ਬੀਤੇ ਦਿਨੀਂ ਪੰਜਾਬ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਆਈ ਡੀ ਐਸ ਪੀ ਪ੍ਰੋਗਰਾਮ ਦੇ ਕੁੱਝ ਕਰਮਚਾਰੀਆਂ ਨੂੰ ਕਰੋਨਾ ਦੀ ਜੰਗ ਵਿੱਚ ਕੰਮ ਕਰਨ ਲਈ ਹੋਂਸਲਾ ਅਫ਼ਜ਼ਾਈ ਵਜੋਂ ਤਨਖਾਹਾਂ ਵਿਚ 40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਇਹ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ , ਕਿਉਂਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਸਨ। ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੇ ਕਰਮਚਾਰੀ ਦਿਨ ਰਾਤ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕਰੋਨਾ ਦੀ ਜੰਗ ਵਿੱਚ ਫਰੰਟ ਤੇ ਆਈਸੋਲੇਸ਼ਨ ਵਾਰਡ, ਫਲੂ ਵਾਰਡ, ਰੈਪਿਡ ਰਿਸਪਾਂਸ ਟੀਮਾਂ ਵਿੱਚ ਅੱਗੇ ਹੋ ਕੇ ਕੰਮ ਕਰ ਰਹੇ ਹਨ । ਉਨ੍ਹਾਂ ਨੂੰ ਦਿੱਤਾ “ਬਾਬਾ ਜੀ ਦਾ ਠੁੱਲੂ” ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਐਨ.ਐਚ.ਐਮ ਪੰਜਾਬ ਵੱਲੋਂ ਪੱਤਰ ਕੱਢ ਕੇ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਭਾਵੇਂ ਉਹ ਮੈਡੀਕਲ, ਪੈਰਾਮੈਡੀਕਲ ਜਾਂ ਕਲੈਰੀਕਲ ਸਟਾਫ ਹੋਵੇ ਸਭ ਨੂੰ ਆਪਣੀ ਹਾਜ਼ਰੀ ਯਕੀਨੀ ਬਨਾਉਣ ਲਈ ਕਿਹਾ ਗਿਆ ਸੀ ਅਤੇ ਇਹ ਸਾਰੇ ਠੇਕੇ ਤੇ ਭਰਤੀ ਮੁਲਾਜ਼ਮ ਦਿਨ ਰਾਤ 24 ਘੰਟੇ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ। ਪੰਜਾਬ ਸਰਕਾਰ ਵੱਲੋਂ ਜ਼ੋ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਆਈ.ਡੀ.ਐਸ.ਪੀ ਤਹਿਤ 100 ਦੇ ਕਰੀਬ ਮੁਲਾਜਮ ਕੰਮ ਕਰ ਰਹੇ ਹਨ । ਉਨ੍ਹਾਂ ਦੀ ਤਨਖਾਹ ਵਧਾਉਣ ਦਾ ਯੂਨੀਅਨ ਵੱਲੋਂ ਸਵਾਗਤ ਕੀਤਾ ਜਾਂਦਾ ਹੈ , ਪਰ ਨਾਲ ਹੀ ਬਾਕੀ ਦੇ ਜ਼ੋ 13,400 ਮੁਲਾਜਮਾਂ ਨੂੰ ਇਸ ਲਾਭ ਤੋਂ ਅੱਖੋਂ ਪਰੋਖੇ ਕੀਤਾ ਗਿਆ ਹੈ ਉਨ੍ਹਾਂ ਵਿੱਚ ਇਸ ਗੱਲ ਦਾ ਭਾਰੀ ਰੋਸ ਹੈ।ਰਾਸ਼ਟਰੀ ਸਿਹਤ ਮਿਸ਼ਨ ਦੇ ਲਗਭਗ 13,500 ਮੁਲਾਜਮਾਂ ਵਿੱਚੋਂ ਕਰੀਬ 100 ਕੁ ਮੁਲਾਜਮਾਂ ਦੀ ਤਨਖਾਹ ਵਧਾ ਕੇ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਦੀ ਤਨਖਾਹ ਵਧਾਈ ਸਿਰਲੇਖ ਹੇਠ ਖ਼ਬਰਾਂ ਲਗਵਾ ਕੇ ਫੋਕੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸਲੀ ਫੋਜ ਜ਼ੋ ਫਰੰਟ ਤੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕੰਮ ਕਰ ਰਹੀ ਹੈ ਜਿਸ ਵਿੱਚ ਡਾਕਟਰ, ਸਟਾਫ ਨਰਸ, ਏ.ਐਨ.ਐਮ, ਕਮਿਊਨਿਟੀ ਸਿਹਤ ਅਫਸਰ, ਐੱਲ.ਟੀ, ਫਾਰਮਾਸਿਸਟ, ਕਲੈਰੀਕਲ ਸਟਾਫ, ਆਸ਼ਾ ਆਦਿ ਹਨ ਨਾਲ ਪੰਜਾਬ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਜੁਕ ਸਮੇਂ ਵਿੱਚ ਸਾਡੇ ਮੁਲਾਜਮ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਨ । ਪਰ ਪੰਜਾਬ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਮੁਲਾਜਮ ਵਿਰੋਧੀ ਨੀਤੀਆਂ ਅਪਣਾ ਰਹੀ ਹੈ। ਜੇਕਰ ਪੰਜਾਬ ਸਰਕਾਰ ਨੇ ਬਾਕੀ ਕਰਮਚਾਰੀਆਂ ਦੀ ਤਨਖਾਹ ਵਿਚ ਤੁਰੰਤ 40 ਪ੍ਰਤੀਸ਼ਤ ਦਾ ਵਾਧਾ ਨਾਂ ਕੀਤਾ ਤਾਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਾਰੇ ਕਰਮਚਾਰੀ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ। ਇਹ ਕਾਣੀ ਵੰਡ ਪੰਜਾਬ ਸਰਕਾਰ ਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੀ ਭਾਰੀ ਪੈ ਸਕਦੀ ਹੈ।