ਪੰਚਾਇਤੀ ਜਮੀਨ ਦੀ ਬੋਲੀ ਰੱਦ ਕਰਨ ਤੋਂ ਭੜਕਿਆ ਸਰਪੰਚ
ਪ੍ਰਸ਼ਾਸਨ ਤੇ ਪੰਚਾਇਤ ਵਿਭਾਗ ਨੂੰ ਪਈਆਂ ਭਾਜੜਾਂ
ਹਰਿੰਦਰ ਨਿੱਕਾ ਬਰਨਾਲਾ 24 ਅਪ੍ਰੈਲ 2020
ਸ਼ਹਿਣਾ ਬਲਾਕ ਦੇ ਪਿੰਡ ਭਗਤਪੁਰਾ ਮੌੜ ਦਾ ਸਰਪੰਚ ਅੰਗਰੇਜ ਸਿੰਘ ਆਪਣੇ 4 ਸਾਥੀ ਪੰਚਾਇਤ ਮੈਂਬਰਾਂ ਸਣੇ ਪੰਚਾਇਤੀ ਜਮੀਨ ਦੀ ਬੋਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੱਦ ਕੀਤੇ ਜਾਣ ਤੋਂ ਖਫਾ ਹੋ ਕੇ ਰੋਸ ਪ੍ਰਗਟ ਕਰਨ ਲਈ ਪਾਣੀ ਦੀ ਟੈਂਕੀ ਤੇ ਜਾ ਚੜਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੌੜ ਨਾਭਾ ਅਤੇ ਭਗਤਪੁਰਾ ਮੌੜ ਦੋ ਪਿੰਡੀ ਦੀ ਪੰਚਾਇਤੀ ਜਮੀਨ ਨੂੰ ਲੈ ਕੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਇਸ ਜਮੀਨ ਸਬੰਧੀ ਵਿਭਾਗੀ ਤੌਰ ਤੇ ਫੈਸਲਾ, ਮੌੜ ਨਾਭਾ ਦੀ ਪੰਚਾਇਤ ਤੇ ਹੱਕ ਚ ਹੋਇਆ ਸੀ। ਜਦੋਂ ਕਿ ਭਗਤਪੁਰਾ ਮੌੜ ਦੀ ਪੰਚਾਇਤ ਇਸ ਵਿਭਾਗੀ ਫੈਸਲੇ ਤੇ ਹਾਈਕੋਰਟ ਤੋਂ ਸਟੇ ਆਰਡਰ ਲੈ ਆਈ ਸੀ। ਬੀਡੀਪੀਉ ਦੀ ਹਾਜ਼ਰੀ ਚ, ਅੱਜ ਕਥਿਤ ਝਗੜੇ ਵਾਲੀ ਪੰਚਾਇਤੀ ਜਮੀਨ ਦੀ ਬੋਲੀ ਰੱਖੀ ਗਈ ਸੀ। ਪਰੰਤੂ ਕੁਝ ਕਾਰਣਾਂ ਕਰਕੇ ਵਿਭਾਗ ਨੇ ਬੋਲੀ ਰੱਦ ਕਰ ਦਿੱਤੀ। ਵਿਭਾਗ ਦੇ ਅਧਿਕਾਰੀਆਂ ਦੇ ਬੋਲੀ ਰੱਦ ਕਰਨ ਦੇ ਫੈਸਲੇ ਤੋਂ ਭੜਕਿਆ ਸਰਪੰਚ ਆਪਣੇ ਦੋ ਹੋਰ ਸਾਥੀਆਂ ਸਣੇ ਰੋਸ ਦੇ ਤੌਰ ਤੇ ਪਾਣੀ ਦੀ ਟੈਂਕੀ ਤੇ ਜਾ ਚੜ੍ਹਿਆ। ਸੂਚਨਾ ਮਿਲਦੇ ਹੀ ਪੰਚਾਇਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਥਾਣਾ ਸ਼ਹਿਣਾ ਦੇ ਐਸਐਚਉ ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਐਸਐਚਉ ਤਰਸੇਮ ਸਿੰਘ ਨੇ ਕਿਹਾ ਕਿ ਹਾਲੇ ਉਹ ਮੌਕੇ ਤੇ ਪਹੁੰਚੇ ਹੀ ਹਨ। ਸਰਪੰਚ ਨਾਲ ਗੱਲਬਾਤ ਕਰਕੇ ਉਸਦੀ ਸਮੱਸਿਆ ਨੂੰ ਆਲਾ ਅਧਿਕਾਰੀਆਂ ਤੇ ਸਬੰਧਿਤ ਵਿਭਾਗ ਦੇ ਧਿਆਨ ਚ, ਲਿਆ ਕੇ ਉਸ ਨੂੰ ਟੈਂਕੀ ਤੋਂ ਉਤਾਰਨ ਦਾ ਯਤਨ ਕੀਤਾ ਜਾਵੇਗਾ।