ਜਿਲ੍ਹੇ ,ਚ ਝੋਨੇ ਹੇਠੋਂ ਰਕਬਾ ਘਟਾ ਕੇ ਨਰਮੇ /ਕਪਾਹ ਹੇਠ ਲਿਆਂਦਾ ਜਾਵੇਗਾ: ਡਾ. ਬਲਦੇਵ ਸਿੰਘ
ਸੋਨੀ ਪਨੇਸਰ ਬਰਨਾਲਾ, 23 ਅਪਰੈਲ 2020
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਪਿੰਡ ਮਹਿਤਾ ਵਿਚ ਕਿਸਾਨ ਨਿੱਕਾ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿੱਥੇ ਕਿਸਾਨ ਨੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ। ਕਿਸਾਨ ਨੇ ਦੱਸਿਆ ਕਿ 9 ਅਪ੍ਰੈਲ ਨੂੰ ਫਸਲ ਦੀ ਬਿਜਾਈ ਕੀਤੀ ਗਈ ਸੀ, ਫਸਲ ਦੀ ਹਾਲਤ ਬਹੁਤ ਵਧੀਆ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਕਿ ਅਸੀਂ ਕਰੋਨਾ ਵਾਇਰਸ ਤੋਂ ਇਲਾਵਾ ਇੱਕ ਹੋਰ ਵੱਡੀ ਸਮੱਸਿਆ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਨਾਲ ਘਿਰੇ ਹੋਏ ਹਾਂ, ਇਸ ਲਈ ਜ਼ਿਲੇ ਵਿਚ ਕਿਸਾਨਾਂ ਨੂੰ ਝੋਨੇ ਥੱਲੋਂ ਰਕਬਾ ਘਟਾ ਕੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਕਿਸਾਨ ਨਰਮੇ ਦੀ ਫਸਲ ਬੀਜਣ ਲਈ ਤਿਆਰ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਸਰਕਾਰ ਦੁਆਰਾ ਪ੍ਰਮਾਣਿਤ ਬੀ ਟੀ ਕਾਟਨ ਦੇ ਬੀਜ ਹੀ ਲੈਣ, ਬੀਜ ਲੈਣ ਤੋਂ ਬਾਅਦ ਪੱਕਾ ਬਿੱਲ ਜ਼ਰੂਰ ਲੈਣ ਅਤੇ ਬਿੱਲ ਨੂੰ ਸੰਭਾਲ ਕੇ ਰੱਖਣ । ਜੇਕਰ ਕਿਸੇ ਕਿਸਾਨ ਨੇ ਇਸ ਸਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਅਤੇ ਫਸਲੀ ਵਿਭਿੰਨਤਾ ਅਪਣਾਉਦਿਆਂ ਨਰਮੇ ਦੀ ਫਸਲ ਬੀਜ ਕੇ ਡਿੱਗਦੇ ਪਾਣੀ ਦੇ ਪੱਧਰ ਨੂੰ ਸੰਭਾਲਣ ਦਾ ਉਪਰਾਲਾ ਕਰੀਏ।