586 ਪਿੰਡਾਂ ਦੇ ਰਸਤਿਆਂ ‘ਤੇ ਖੁਦ ਡਟੇ ਪੇਂਡੂ ਲੋਕ-ਐਸ.ਐਸ.ਪੀ

Advertisement
Spread information

ਕੋਰੋਨਾ ਵਾਇਰਸ- ਬਚਾਉ ਲਈ ਅਹਿਤਿਆਤੀ ਕਦਮ

ਹਰਪ੍ਰੀਤ ਕੌਰ ਸੰਗਰੂਰ 21 ਅਪ੍ਰੈਲ 2020
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਥੇ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।  ਉਥੇ ਜ਼ਿਲ੍ਹੇ ਦੇ ਕਰੀਬ 586 ਪਿੰਡਾਂ ਦੇ ਵਸਨੀਕ ਆਪਣੇ ਪਿੰਡਾਂ ਵਿੱਚ ਦਾਖਲ ਹੁੰਦੇ ਰਾਹਾਂ ‘ਤੇ ਅਹਿਤਿਆਤ ਵਜੋਂ ਆਰਜ਼ੀ ਨਾਕਾਬੰਦੀ ਕਰਕੇ ਖੁਦ ਹੀ ਮੋਰਚੇ ਤੇ ਡਟ ਗਏ ਹਨ।
ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਪੁਲਿਸ ਟੀਮਾਂ ਦੀ ਗਸ਼ਤ ਲਗਾਤਾਰ ਜਾਰੀ ਹੈ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਪਾਏ  ਜਾਣ ‘ਤੇ ਤੁਰੰਤ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ। ਐਸ.ਐਸ.ਪੀ  ਨੇ ਦੱਸਿਆ ਕਿ ਜ਼ਿਲ੍ਹੇ ਦੇ ਕਰੀਬ 586 ਪਿੰਡਾਂ ਵਿਚ ਪੁਲਿਸ ਦੇ ਸਹਿਯੋਗ ਨਾਲ ਨੌਜਵਾਨਾਂ ਵਲੋਂ ਪਿੰਡਾਂ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਰਾ ਦੇ ਰਹੇ ਪਿੰਡ ਵਾਸੀਆਂ ਵੱਲੋਂ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਇਥੋਂ ਤੱਕ ਕਿ ਕਿਸੇ ਦਾ ਰਿਸ਼ਤੇਦਾਰ ਵੀ ਬਿਨ੍ਹਾਂ ਕਿਸੇ ਅਤਿ ਜ਼ਰੂਰੀ ਕੰਮ ਤੋਂ ਆ ਜਾ ਨਾ ਸਕੇ,  ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਐਸ.ਐਸ.ਪੀ  ਨੇ ਦਸਿਆ ਕਿ ਪਿੰਡ ਤੋਂ ਬਾਹਰਲੇ ਵਿਅਕਤੀ ਤੋਂ ਪਿੰਡ ਵਾਸੀ ਪੂਰੀ ਪੁੱਛ ਪੜਤਾਲ ਕਰ ਰਹੇ ਹਨ ਜੇ ਉਸ ਵਿਅਕਤੀ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ, ਉਸ ਦਾ ਨਾਮ, ਪਤਾ ਤੇ ਸਮਾਂ ਨੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਪਿੰਡਾਂ ਨੂੰ ਸੀਲ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਨਾਲ ਪਿੰਡਾਂ ਦੀ ਸੁਰੱਖਿਆ ਵੀ ਹੋ ਰਹੀ ਹੈ ਤੇ ਪਿੰਡ ਅੰਦਰ ਕੋਈ ਅਣਜਾਣ ਵਿਅਕਤੀ ਵੀ ਨਹੀਂ ਆ ਰਿਹਾ ਹੈ। ਐਸ.ਐਸ.ਪੀ ਨੇ ਦੱਸਿਆ ਕਿ ਉਹ ਖੁਦ ਵੀ ਅੰਤਰ ਜ਼ਿਲ੍ਹਾ ਨਾਕਿਆਂ ਸਮੇਤ ਜ਼ਿਲ੍ਹੇ ਵਿੱਚ ਵੱਖ ਵੱਖ ਥਾਈਂ ਲਗਾਤਾਰ ਚੈਕਿੰਗ ਕਰ ਰਹੇ ਹਨ ਅਤੇ ਸਮੂਹ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਚੌਕਸੀ ਨਾਲ ਕਰਫਿਊ ਤੇ ਲਾਕ ਡਾਊਨ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਕਾਰਜਸ਼ੀਲ ਹਨ। ਡਾ. ਸੰਦੀਪ ਗਰਗ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਲਈ ਘਰਾਂ ਵਿਚ ਰਹਿ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਲਗਾਤਾਰ ਪਿੰਡਾਂ ਵਿਚ ਜਾ ਰਹੀਆਂ ਹਨ ਤੇ ਇਹ ਯਕੀਨੀ ਬਣਾ ਰਹੀਆਂ ਹਨ ਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਜਾਵੇ।

Advertisement
Advertisement
Advertisement
Advertisement
Advertisement
error: Content is protected !!