-ਲੁਟੇਰਿਆਂ ਨੇ ਪਿਆਜ ਦਾ ਭਾਅ ਪੁੱਛਕੇ ਸਬਜ਼ੀ ਵਾਲੇ ਨੂੰ ਰੋਕਿਆ
-2 ਦੋਸ਼ੀਆਂ ਦੇ ਖਿਲਾਫ, ਥਾਣਾ ਸਦਰ ਚ, ਕੇਸ ਦਰਜ਼, ਭਾਲ ਜਾਰੀ-ਐਸਐਚਉ ਬਲਜੀਤ ਸਿੰਘ
ਹਰਿੰਦਰ ਨਿੱਕਾ ਬਰਨਾਲਾ 20 ਅਪ੍ਰੈਲ 2020
ਕਰਫਿਊ ਦੇ ਦੌਰਾਨ ਚੱਪੇ-ਚੱਪੇ ਤੇ ਤਾਇਨਾਤ ਪੁਲਿਸ ਦੇ ਡਰੋਂ ਭਾਂਵੇ ਆਮ ਲੋਕ ਘਰਾਂ ਚ, ਬੰਦ ਹਨ। ਪਰੰਤੂ ਲੁਟੇਰੇ ਹਾਲੇ ਵੀ ਪੁਲਿਸ ਤੋਂ ਬੇਖੌਫ ਸਰੇਆਮ ਘੁੰਮਦੇ ਫਿਰਦੇ ਨੇ। ਇਸ ਦਾ ਸਬੂਤ ਉਂਦੋ ਸਾਹਮਣੇ ਆਇਆ ਜਦੋਂ, ਮੋਟਰ ਸਾਈਕਲ ਸਵਾਰ 2 ਲੁਟੇਰੇ ਪਿੰਡ ਪਿੰਡ ਘੁੰਮ ਕੇ ਸਬਜ਼ੀ ਵੇਚ ਰਹੇ ਸਬਜ਼ੀ ਵਾਲੇ ਨੂੰ ਡਰਾ ਕੇ ਉਸ ਤੋਂ 28 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਸਬਜ਼ੀ ਵਾਲੇ ਦੀ ਸ਼ਿਕਾਇਤ ਤੇ ਦੋ ਲੁਟੇਰਿਆਂ ਦੇ ਖਿਲਾਫ ਕੇਸ ਦਰਜ਼ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਮਜੀਤ ਸਿੰਘ ਪੁੱਤਰ ਗੁਰਸੇਵ ਸਿੰਘ ਨਿਵਾਸੀ ਸੇਖਾ ਨੇ ਦੱਸਿਆ ਕਿ ਉਹ ਕਰਫਿਊ ਪਾਸ ਲੈ ਕੇ ਪਿੰਡਾਂ ਚ, ਤੁਰ ਫਿਰ ਕੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। 19 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਉਹ ਕੁੰਭੜਵਾਲ ਵਾਲੇ ਪਾਸਿਉਂ , ਆਪਣੇ ਪਿੰਡ ਸੇਖਾ ਵੱਲ ਮੁੜ ਰਿਹਾ ਸੀ, ਤਾਂ ਰਾਹ ਵਿੱਚ ਸ਼ਹੀਦਾਂ ਦੇ ਸਥਾਨ ਨੇੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਨੂੰ ਪਿਆਜ ਦਾ ਭਾਅ ਪੁੱਛਣ ਲਈ ਰੋਕ ਲਿਆ । ਜਦੋਂ ਉਹ ਰੁਕਿਆ ਤਾਂ ਲੁਟੇਰਿਆਂ ਨੇ ਉਸ ਦੀ ਜੇਬ ਚੋਂ ਝਪਟ ਕੇ ਬਟੂਆ ਖੋਹ ਲਿਆ । ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਆਪਣੇ ਡੱਬ ਨੂੰ ਹੱਥ ਲਾ ਕੇ ਧਮਕੀ ਦਿੱਤੀ ਕਿ ਜੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਆਹ ਪਿਸਤੌਲ ਨਾਲ, ਉਸ ਨੂੰ ਪਾਰ ਬੁਲਾ ਦੇਣਗੇ। ਇਹ ਸੁਣ ਕੇ ਉਹ ਡਰ ਗਿਆ ਤੇ ਦੋਵੇਂ ਲੁਟੇਰੇ ਬਟੂਆ ਖੋਹ ਤੇ ਫਰਾਰ ਹੋ ਗਏ। ਬਟੂਏ ਚ, 28 ਹਜ਼ਾਰ ਦੀ ਨਗਦੀ, ਪੈਨ ਕਾਰਡ, ਏਟੀਐਮ ਤੇ ਹੋਰ ਜਰੂਰੀ ਕਾਗਜ ਵੀ ਸਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਥਾਣਾ ਸਦਰ ਦੇ ਐਸਐਚਉ ਬਲਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਦੋਸ਼ੀ ਹਰਵਿੰਦਰ ਸਿੰਘ ਨਿਵਾਸੀ ਸੇਖਾ ਤੇ ਉਸ ਦੇ ਦੂਸਰੇ ਅਣਪਛਾਤੇ ਸਾਥੀ ਦੇ ਖਿਲਾਫ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਥਾਣੇਦਾਰ ਜਸਵਿੰਦਰ ਕੁਮਾਰ ਨੂੰ ਸੌਂਪ ਦਿੱਤੀ। ਜਲਦ ਦੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।