ਜਿਉਂ ਜਿਉਂ ਜਮਾਤੀ ਸੰਘਰਸ਼ ਤੇਜ਼ ਹੁੰਦੇ ਜਾਣਗੇ, ਉਦਾਸੀ ਦੇ ਗੀਤਾਂ ਦੀਆਂ ਹੇਕਾਂ ਵੀ ਤੇਜ਼ ਹੁੰਦੀਆਂ ਜਾਣਗੀਆਂ,,
ਪਹਿਲੀ ਜੁਲਾਈ 1970 ਦੀ ਗੱਲ ਹੈ। ਸਰਕਾਰੀ ਹਾਈ ਸਕੂਲ ਚੰਨਣਵਾਲ ਜ਼ਿਲ੍ਹਾ ਸੰਗਰੂਰ ਵਿੱਚ ਸਾਇੰਸ ਅਧਿਆਪਕ ਵਜੋਂ ਨਿਯੁਕਤੀ ਦਾ ਮੇਰਾ ਪਹਿਲਾ ਦਿਨ ਸੀ। ਇੱਕ ਐਨਕਾਂ ਵਾਲਾ ਵਿਅਕਤੀ ਮੈਨੂੰ ਸਟਾਫ਼ ਰੂਮ ਵਿੱਚੋਂ ਉਠਾ ਕੇ ਸਾਇੰਸ ਰੂਮ ਵੱਲ ਲੈ ਤੁਰਿਆ। ਉਥੇ ਪਹੁੰਚ ਕੇ ਉਸਨੇ ਆਪਣੇ ਨੇਫ਼ੇ ਵਿੱਚੋਂ ਕੁਝ ਹੱਥ ਲਿਖਤ ਇਸ਼ਤਿਹਾਰ ਕੱਢੇ ਤੇ ਮੈਨੂੰ ਫੜਾ ਕੇ ਕਹਿਣ ਲੱਗਿਆ, ”ਮੇਘ ਰਾਜ ਇਹ ਤੁਸੀਂ ਆਪਣੇ ਪਿੰਡ ਵਿੱਚ ਕੁਝ ਮਹੱਤਵਪੂਰਨ ਥਾਂਵਾਂ ‘ਤੇ ਲਾ ਦੇਣੇ।” ਮੈਂ ਇਸ਼ਤਿਹਾਰ ਖੋਲ੍ਹੇ ਅਤੇ ਪੜ੍ਹਿਆ ਕਿ ਇਸ ਵਿੱਚ ਇੱਕ ਬੇਜ਼ਮੀਨੇ ਕਿਸਾਨ ਵੱਲੋਂ ਪਿੰਡ ਦੇ ਇੱਕ ਸੂਦਖੋਰ ਜ਼ਿਮੀਂਦਾਰ ਦੇ ਕਤਲ ਦੀ ਕੀਤੀ ਗਈ ਪ੍ਰਸ਼ੰਸ਼ਾ ਸੀ। ਮੈਂ ਇਸ਼ਤਿਹਾਰ ਉਸਨੂੰ ਵਾਪਸ ਫੜਾਉਂਦਿਆਂ ਕਿਹਾ ਕਿ ”ਨਾ ਤੂੰ ਮੈਨੂੰ ਜਾਣਦਾ ਹੈ ਤੇ ਨਾ ਹੀ ਮੈਂ ਤੈਨੂੰ।” ਉਹ ਕਹਿਣ ਲੱਗਿਆ, ”ਮੈਂ ਰਾਏਸਰ ਦਾ ਸੰਤ ਰਾਮ ਹਾਂ ਤੇ ਤੂੰ ਸਹਿਜੜਿਆਂ ਦਾ ਮੇਘ ਰਾਜ। ਐਸ. ਡੀ. ਕਾਲਜ ਬਰਨਾਲਾ ਵਿੱਚ ਬੀ. ਐਸ ਸੀ. ਕਰਨ ਸਮੇਂ ਤੋਂ ਮੈਂ ਤੈਨੂੰ ਜਾਣਦਾ ਹਾਂ। ਇਹ ਵੀ ਜਾਣਦਾ ਹਾਂ ਕਿ ਤੂੰ ਵਿਦਿਆਰਥੀ ਯੂਨੀਅਨ ਵਿੱਚ ਸਰਗਰਮ ਸੀ।”
ਇਸ ਤਰ੍ਹਾਂ ਉਦਾਸੀ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਹੋਈ। ਇਸਤੋਂ ਬਾਅਦ ਤਾਂ ਦੋ ਦਹਾਕੇ ਮੁਲਾਕਾਤਾਂ ਦਾ ਇਹ ਸਿਲਸਿਲਾ ਲਗਾਤਾਰ ਚਲਦਾ ਰਿਹਾ। ਉਦਾਸੀ, ਸਰਕਾਰੀ ਹਾਈ ਸਕੂਲ ਚੰਨਣਵਾਲ ਦਾ ਹੀ ਇੱਕ ਪ੍ਰਾਇਮਰੀ ਅਧਿਆਪਕ ਸੀ। ਮੇਰੇ ਜਾਣ ਤੋਂ ਇੱਕ ਮਹੀਨਾ ਪਹਿਲਾ ਹੀ ਉਸਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਬੀਹਲੀ ਦੀ ਹੋਈ ਸੀ। ਸਕੂਲ ਦੇ ਮੁੱਖ ਅਧਿਆਪਕ ਸ੍ਰੀ ਸੋਹਣ ਲਾਲ ਪੁਰੀ ਜੀ ਨੇ ਸਕੂਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਵੀ ਵਰ੍ਹੇਗੰਢ ਬਹੁਤ ਧੂਮ ਧਾਮ ਨਾਲ ਮਨਾਈ ਸੀ। ਇਸ ਪ੍ਰੋਗਰਾਮ ਦੇ ਜਸ਼ਨ ਤਿੰਨ ਦਿਨ ਤੇ ਤਿੰਨ ਰਾਤਾਂ ਲਗਾਤਾਰ ਜਾਰੀ ਰਹੇ। ਸਟੇਜ ਦੇ ਬਹੁਤੇ ਪ੍ਰੋਗਰਾਮ ਉਦਾਸੀ ਵੱਲੋਂ ਤਿਆਰ ਕੀਤੇ ਗਏ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ। ਇਸ ਲਈ ਉਦਾਸੀ ਦੇ ਗੀਤਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸ਼ੰਸ਼ਾ ਦੇ ਗੀਤ ਤੇ ਸਿੱਖ ਧਰਮ ਦੀ ਪ੍ਰਸ਼ੰਸਾ ਵਿੱਚ ਗਾਏ ਗੀਤ ਉਸ ਪੋ੍ਰਗਰਾਮ ਲਈ ਤਿਆਰ ਕੀਤੇ ਗਏ ਸਨ। ਉਂਝ ਵੀ ਕੋਈ ਵਿਅਕਤੀ ਜਨਮ ਸਮੇਂ ਤੋਂ ਹੀ ਵਿਚਾਰ ਲੈ ਕੇ ਪੈਦਾ ਨਹੀਂ ਹੁੰਦਾ। ਸਗੋਂ ਵਿਚਾਰਾਂ ਵਿੱਚ ਵਿਕਾਸ ਤਾਂ ਕਿਸੇ ਵਿਅਕਤੀ ਦੀ ਮੌਤ ਤੱਕ ਜਾਰੀ ਰਹਿੰਦਾ ਹੈ। ਕੋਈ ਚਿੱਤਰਕਾਰ ਭਾਵੇਂ ਉਦਾਸੀ ਦੇ ਨੀਲੀ ਪੱਗ ਬੰਨ੍ਹ ਦੇਵੇ ਜਾਂ ਲਾਲ ਇਸ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ। ਸਗੋਂ ਕਿਸੇ ਵਿਅਕਤੀ ਦੀ ਜ਼ਿੰਦਗੀ ਦਾ ਅਮਲ ਹੀ ਨਿਰਣਾ ਕਰਦਾ ਹੈ ਕਿ ਉਹ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿਸ ਜਮਾਤ ਦਾ ਪੱਖ ਪੂਰਦਾ ਰਿਹਾ ਹੈ। ਉਦਾਸੀ ਵਿੱਚ ਵੀ ਦੂਸਰੇ ਵਿਅਕਤੀਆਂ ਦੀ ਤਰ੍ਹਾਂ ਗੁਣ ਔਗੁਣ ਹੋ ਸਕਦੇ ਹਨ ਪਰ ਇੱਕ ਗੱਲ ਜੋ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਸਦੀ ਸਮੁੱਚੀ ਜ਼ਿੰਦਗੀ ‘ਕੰਮੀਆਂ ਦੇ ਵਿਹੜੇ’ ਨੂੰ ਸਮਰਪਤ ਰਹੀ ਹੈ।
ਕਰਤਾਰ ਨਾਂ ਦਾ ਕਿਸੇ ਗੁਪਤ ਪਾਰਟੀ ਦਾ ਕਾਮਰੇਡ ਮੇਰੇ ਕੋਲ ਅਕਸਰ ਹੀ ਆਉਂਦਾ ਜਾਂਦਾ ਰਹਿੰਦਾ ਸੀ। ਉਸਨੂੰ ਸਾਈਕਲ ਤੇ ਬਿਠਾ ਕੇ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਸਾਂ। ਰਸਤੇ ਵਿੱਚ ਹੀ ਮੈਂ ਉਸਨੂੰ ਪੁੱਛ ਬੈਠਾ ਕਿ ”ਕਾਮਰੇਡ ਜੀ, ਉਦਾਸੀ ਦਾ ਕੀ ਹਾਲ ਹੈ?” ਉਹ ਕਹਿਣ ਲੱਗਿਆ ਕਿ, ”ਕੁਝ ਹੀ ਦਿਨਾਂ ਵਿੱਚ ਉਹ ਕੁੱਟ ਖਾਈ ਖੜ੍ਹਾ ਹੈ।” ਜਦੋਂ ਮੈਂ ਉਸਨੂੰ ਹੋਰ ਕੁਰੇਦਣ ਦਾ ਯਤਨ ਕੀਤਾ ਤਾਂ ਉਹ ਕਹਿਣ ਲੱਗਿਆ, ”ਕਾਮਰੇਡਾਂ ਤੋਂ ਜ਼ਿਆਦਾ ਪੁੱਛਗਿੱਛ ਕਰਨੀ ਠੀਕ ਨਹੀਂ ਹੁੰਦੀ।” ਮੈਂ ਚੁੱਪ ਕਰ ਗਿਆ। ਇਸ ਘਟਨਾ ਤੋਂ ਹਫ਼ਤੇ ਕੁ ਪਿੱਛੋਂ ਮੇਰੀ ਭੈਣ ਦਾ ਵਿਆਹ ਸੀ। ਉਦਾਸੀ ਵੀ ਆਇਆ। ਉਸਨੇ ਉਸ ਵਿਆਹ ਵਿੱਚ ਸਿੱਖਿਆ ਵੀ ਗਾਈ। ਉਸ ਸਮੇਂ ਦੇ ਵਿਆਹਾਂ ਵਿੱਚ ਮੁੰਡੇ ਵਾਲੇ ਇੱਕ ਕੈਲੰਡਰ ਛਪਾ ਕੇ ਲਾੜੇ ਦੀ ਪ੍ਰਸ਼ੰਸ਼ਾ ਵਿੱਚ ਸਿਹਰਾ ਪੜ੍ਹਦੇ ਸਨ ਤੇ ਕੁੁੜੀ ਵਾਲੇ ਕੁੜੀ ਨੂੰ ਕੁਝ ਸਿਆਣੀਆਂ ਗੱਲਾਂ ਸਿਖਿਆ ਦੇ ਰੂਪ ਵਿੱਚ ਗਾਇਆ ਕਰਦੇ ਸਨ। ਇਸ ਤਰ੍ਹਾਂ ਉਦਾਸੀ ਦੀ ਸੁੰਦਰ ਆਵਾਜ਼ ਵਿੱਚ ਗਾਈ ਸਿਖਿਆ ਨੇ ਵਾਹਵਾ ਪ੍ਰਸ਼ੰਸ਼ਾ ਖੱਟੀ।
ਫੇਰਿਆਂ ਦੀ ਰਸਮ ਤੋਂ ਬਾਅਦ ਉਦਾਸੀ ਨੇ ਰਾਤੀਂ ਮੇਰੇ ਚਾਚਿਆਂ, ਪਿਤਾ ਅਤੇ ਤਾਇਆ ਜੀ ਨਾਲ ਹੀ ਨਕਸਲਬਾੜੀ ਪਾਰਟੀ ਬਾਰੇ ਲੰਬੀ ਗੱਲਬਾਤ ਸ਼ੁਰੂ ਕਰ ਲਈ। ਅਗਲੇ ਦਿਨ ਸਵੇਰੇ ਹੀ ਮੇਰੇ ਚਾਚਾ ਜੀ ਡਾ. ਜਗਨ ਨਾਥ ਮਿੱਤਲ ਮੈਨੂੰ ਕਹਿਣ ਲੱਗੇ ਕਿ, ”ਤੂੰ ਕਿਸੇ ਪਾਰਟੀ ਲਈ ਕੰਮ ਕਰਦਾ ਹੈਂ, ਉਹ ਬੇਸ਼ੱਕ ਕਰੀ ਜਾਹ। ਪਰ ਅੰਡਰ ਗਰਾਉਂਡ ਪਾਰਟੀਆਂ ਦੇ ਕੰਮਾਂ ਨੂੰ ਜਨਤਕ ਕਰਨ ਸਮੇਂ ਬਹੁਤ ਚੌਕਸੀ ਦੀ ਲੋੜ ਹੁੰਦੀ ਹੈ। ਤੇਰੇ ਦੋਸਤ ਉਦਾਸੀ ਨੇ ਇਸ ਪੱਖੋਂ ਅਣਗਹਿਲੀ ਕੀਤੀ ਹੈ। ਉਸਨੇ ਮੀਟਿੰਗ ਵਿੱਚ ਬੈਠੇ ਤੇਰੇ ਤਾਏ ਥਾਣੇਦਾਰ ਦੇਸ ਰਾਜ ਦੀ ਵੀ ਪ੍ਰਵਾਹ ਨਹੀਂ ਕੀਤੀ ਤੇ ਸਭ ਕੁਝ ਦੱਸ ਦਿੱਤਾ ਹੈ।”
ਅਗਲੇ ਦਿਨ ਬਰਾਤ ਨੂੰ ਵਿਦਾ ਕਰਨ ਦੇ ਕੰਮ ਤੋਂ ਮੈਂ ਵਿਹਲਾ ਹੋਇਆ ਹੀ ਸਾਂ ਕਿ ਮੇਰੇ ਕੋਲ ਰਾਤੀਂ ਬਾਰਾਂ ਕੁ ਵਜੇ ਮੇਰਾ ਵਿਦਿਆਰਥੀ ਚੰਨਣਵਾਲ ਤੋਂ ਮਹਿੰਦਰ ਆ ਗਿਆ। ਕਹਿਣ ਲੱਗਿਆ ਰਾਤੀਂ ਪੁਲੀਸ ਨੇ ਉਦਾਸੀ ਨੂੰ ਚੁੱਕ ਲਿਆ ਹੈ। ਉਸਨੇ ਦੱਸਿਆ ਕਿ ਪਿੰਡ ਰਾਏਸਰ ਵਿੱਚ ਉਦਾਸੀ ਦੇ ਘਰ ਦੇ ਨੇੜੇ ਹੀ ਪਿੰਡ ਠੀਕਰੀਵਾਲ ਦੇ ਇੱਕ ਸੂਦਖੋਰ ਦਾ ਕਤਲ ਹੋ ਗਿਆ ਹੈ। ਮਹਿੰਦਰ ਤੇ ਮੈਂ ਉਸੇ ਸਮੇਂ ਸਾਈਕਲ ਲੈ ਕੇ ਤੁਰ ਪਏ ਤਾਂ ਜੋ ਆਲ਼ੇ-ਦੁਆਲ਼ੇ ਦੇ ਹਮਦਰਦ ਪੰਚਾਂ, ਸਰਪੰਚਾਂ ਨੂੰ ਇਤਲਾਹ ਦਿੱਤੀ ਜਾ ਸਕੇ ਤਾਂ ਜੋ ਉਦਾਸੀ ਨੂੰ ਪੁਲੀਸ ਮੁਕਾਬਲੇ ਤੋਂ ਬਚਾਇਆ ਜਾ ਸਕੇ। ਭਾਵੇਂ ਪੁਲੀਸ ਨੂੰ ਇਹ ਗੱਲ ਸਪੱਸ਼ਟ ਸੀ ਕਿ ਕਤਲ ਉਦਾਸੀ ਨੇ ਨਹੀਂ ਕੀਤਾ। ਫਿਰ ਵੀ ਉਦਾਸੀ ਘੋਰ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਇਆ। ਪੁਲੀਸ ਨੇ ਸਾਡੇ ਵਿਦਿਆਰਥੀਆਂ ਮਹਿੰਦਰ ਤੇ ਦਰਸ਼ਨ ਨੂੰ ਫੜ੍ਹਨ ਲਈ ਚੰਨਣਵਾਲ ਦੇ ਕਈ ਮਹਿੰਦਰ ਤੇ ਦਰਸ਼ਨ ਹੀ ਫੜ੍ਹ ਲਏ।
ਉਦਾਸੀ ਦੇ ਸਕੂਲ ਬੀਹਲੀ ਨੂੰ ਉਸਦੇ ਪਿੰਡ ਰਾਏਸਰ ਤੋਂ ਉਨ੍ਹਾਂ ਸਮਿਆਂ ਵਿੱਚ ਜੋ ਰਸਤਾ ਜਾਂਦਾ ਸੀ ਉਹ ਚੰਨਣਵਾਲ ਹੋ ਕੇ ਹੀ ਜਾਂਦਾ ਸੀ। ਉਂਝ ਵੀ ਉਨ੍ਹਾਂ ਸਮਿਆਂ ਵਿੱਚ ਪ੍ਰਾਇਮਰੀ ਸਕੂਲ ਹਾਈ ਸਕੂਲ ਤੋਂ ਘੰਟਾ ਕੁ ਪਹਿਲਾ ਬੰਦ ਹੋ ਜਾਂਦੇ ਸਨ। ਇਸ ਲਈ ਉਦਾਸੀ ਨਾਲ ਮੁਲਾਕਾਤ ਰੋਜ਼ ਦਾ ਸਿਲਸਿਲਾ ਬਣੀ ਹੋਈ ਸੀ। ਉਦਾਸੀ ਦਾ ਆਪਣੇ ਵਿਦਿਆਰਥੀਆਂ ਨਾਲ ਮੋਹ ਵੀ ਪੁੱਤਾਂ ਧੀਆਂ ਵਾਲਾ ਸੀ। ਇਸ ਲਈ ਉਦਾਸੀ ਦੇ ਆਉਣ ਤੇ ਉਸਦੇ ਵਿਦਿਆਰਥੀ ਦੂਣ ਸਿਵਾਏ ਹੋ ਜਾਂਦੇ। ਇਨ੍ਹਾਂ ਹੀ ਸਮਿਆਂ ਵਿੱਚ ਮੈਂ ਆਪਣੇ ਪਿੰਡ ਵਿੱਚ ਹਰ ਸਾਲ ਨਾਟਕਾਂ ਦਾ ਪ੍ਰੋਗਰਾਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕਰਦਾ ਹੀ ਰਹਿੰਦਾ ਸਾਂ। ਇਹ ਪ੍ਰੋਗਰਾਮ ਗੁਰਸ਼ਰਨ ਭਾਅ ਜੀ, ਜਾਂ ਮਹਿੰਦਰ ਪਾਲ ਭੱਠਲ ਦੀਆਂ ਨਾਟਕ ਟੀਮਾਂ ਵੱਲੋਂ ਪੇਸ਼ ਕੀਤੇ ਜਾਂਦੇ ਸਨ। ਉਦਾਸੀ ਵੀ ਇਨ੍ਹਾਂ ਸਟੇਜਾਂ ਤੇ ਆਪਣੇ ਗੀਤਾਂ ਦੀ ਪੇਸ਼ਕਾਰੀ ਕਰਨੀ ਨਾ ਭੁੱਲਦਾ।
ਬੇਰੁਜ਼ਗਾਰ ਅਧਿਆਪਕ ਯੂਨੀਅਨ ਇਨ੍ਹਾਂ ਸਮਿਆਂ ਵਿੱਚ ਕਾਫ਼ੀ ਸਰਗਰਮ ਸੀ। ਇਸਦੇ ਸਟੇਟ ਪੱਧਰ ਦੇ ਪ੍ਰੋਗਰਾਮ ਭਾਵੇਂ ਚੰਡੀਗੜ੍ਹ ਹੁੰਦੇ ਜਾਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ, ਅਸੀਂ ਉਦਾਸੀ ਦੀ ਅਜਿਹੇ ਪ੍ਰੋਗਰਾਮਾਂ ਤੇ ਹਾਜ਼ਰੀ ਯਕੀਨੀ ਬਣਾਉਂਦੇ। ਮੈਨੂੰ ਅੱਜ ਵੀ ਯਾਦ ਹੈ ਕਿ ਪੰਜ ਬੇਰੁਜ਼ਗਾਰ ਅਧਿਆਪਕਾਂ ਦੇ ਚਹੇੜੂ (ਜ਼ਿਲ੍ਹਾ ਜਲੰਧਰ) ਨੇੜੇ ਸ਼ਹੀਦ ਹੋਣ ਵਾਲੇ ਦਿਨ ਉਦਾਸੀ ਨੇ ਦੇਸ਼ ਭਗਤ ਹਾਲ ਜਲੰਧਰ ਵਿੱਚ ਗੀਤ ਗਾਇਆ ਸੀ ”ਸਾਡੀ ਵੀਹੀ ਵਿੱਚ ਚੂੜੀਆਂ ਦਾ ਹੋਕਾ ਦੇਈ ਨਾ
ਵੀਰਾ ਵਣਜਾਰਿਆ।
ਭਾਰਤ ਸਰਕਾਰ ਨੇ ਅੰਦੋਲਨਾਂ ਤੋਂ ਡਰ ਕੇ 1975 ਵਿੱਚ ਐਮਰਜੈਂਸੀ ਲਾ ਦਿੱਤੀ। ਸਰਗਰਮ ਸਾਥੀਆਂ ਦੀਆਂ ਸਰਗਰਮੀਆਂ ਦੀ ਦਿਸ਼ਾ ਬਦਲ ਦਿੱਤੀ ਗਈ। ਮੈਨੂੰ ਵੀ ਹਦਾਇਤ ਹੋਈ ਕਿ ਮੈਂ ਪਿੰਡ ਪੱਧਰ ਤੇ ਲੋਕਾਂ ਨਾਲ ਤਾਲਮੇਲ ਜ਼ਿਆਦਾ ਬਣਾਉਣ ਲਈ ਬਾਲਗਾਂ ਨੂੰ ਸਾਖਰ ਬਣਾਉਣ ਦਾ ਇੱਕ ਸਕੂਲ ਸ਼ੁਰੂ ਕਰਾਂ। ਮੈਂ ਪਿੰਡ ਦੇ ਹੀ ਪੰਜਾਹ ਕੁ ਬਾਲਗਾਂ ਨੂੰ ਇਕੱਠੇ ਕਰ ਲਿਆ ਤੇ ਪਿੰਡ ਦੀ ਧਰਮਸ਼ਾਲਾ ਵਿੱਚ ਰਾਤੀਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮੇਰਾ ਕੰਮ ਤਾਂ ਉਨ੍ਹਾਂ ਦੀ ਸੋਚ ਵਧੀਆ ਬਣਾਉਣ ਦਾ ਸੀ। ਇੱਕ ਰਾਤੀਂ ਮੈਂ ਉਦਾਸੀ ਨੂੰ ਵੀ ਬੁਲਾ ਲਿਆ। ਉਸਨੇ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਗੀਤ ਸੁਣਾਏ ਤੇ ਲਿਖਣ ਲਈ ਪ੍ਰੇਰਿਆ।
ਚੰਨਣਵਾਲ ਤੋਂ ਬਰਨਾਲੇ ਨੂੰ ਜਾਂਦੇ ਸਮੇਂ ਅਕਸਰ ਹੀ ਮੈਂ ਉਦਾਸੀ ਦੇ ਘਰ ਚਲਿਆ ਜਾਂਦਾ। ਗੱਲਾਂ ਬਾਤਾਂ ਤੋਂ ਥੱਕ ਕੇ ਅਸੀਂ ਉਸਦੇ ਵੱਡੇ ਪੁੱਤਰ ਬੱਲੀ ਦੇ ਗੀਤਾਂ ਨੂੰ ਸੁਣਦੇ। ਉਸ ਸਮੇਂ ਉਸਦੀ ਆਵਾਜ਼ ਵਿੱਚੋਂ ਉਦਾਸੀ ਦੇ ਮੁਕਾਬਲੇ ਦੀ ਆਵਾਜ਼ ਦੀ ਝਲਕ ਪੈਂਦੀ ਸੀ, ਪਰ ਜੁਆਨੀ ਸਮੇਂ ਲੱਗੀ ਨਸ਼ੇ ਦੀ ਲੱਤ ਨੇ ਬੱਲੀ ਨੂੰ ਖਾ ਲਿਆ।
ਉਦਾਸੀ ਦਾ ਸਾਈਕਲ ਨਾਲ ਪਿਆਰ ਕੁਝ ਜ਼ਿਆਦਾ ਹੀ ਸੀ। 20-30 ਮੀਲ ਦਾ ਪੈਂਡਾ ਉਸਨੂੰ ਕੋਈ ਥਕਾਵਟ ਨਹੀਂ ਸੀ ਦਿੰਦਾ। ਬੰਦੇ ਵਿੱਚ ਕਿਸੇ ਕੰਮ ਲਈ ਪੈਦਾ ਹੋਈ ਦਿਲਚਸਪੀ ਮੂਹਰੇ ਥਕਾਵਟ ਕਿਸੇ ਕਿਸਮ ਦਾ ਕੋਈ ਅੜਿੱਕਾ ਨਹੀਂ ਬਣਦੀ। ਲੋਕਾਂ ਲਈ ਗੀਤ ਲਿਖਣੇ ਤੇ ਸਟੇਜਾਂ ਤੇ ਪੇਸ਼ ਕਰਨੇ ਉਦਾਸੀ ਦੇ ਦਿਲਚਸਪੀ ਦੇ ਵਿਸ਼ੇ ਸਨ।
2003-2004 ਵਿੱਚ ਮੈਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ। ਇੱਕ ਸਾਥੀ ਮੈਨੂੰ ਕਹਿਣ ਲੱਗਿਆ। ਮੈਂ ਤੁਹਾਨੂੰ ਅਜਿਹੇ ਤੀਰਥ ਸਥਾਨ ਦੇ ਦਰਸ਼ਨ ਕਰਵਾਉਣੇ ਹਨ, ਜਿੱਥੇ ਤੁਹਾਨੂੰ ਪਹਿਲਾ ਕੋਈ ਨਹੀਂ ਲੈ ਕੇ ਗਿਆ ਹੋਵੇਗਾ। ਉਸਨੇ ਮੈਨੂੰ ਕਾਰ ਵਿੱਚ ਬਿਠਾ ਲਿਆ ਤੇ ਉਸ ਰਸਤੇ ਤੇ ਲੈ ਗਿਆ। ਜਿੱਥੋਂ ਦੀ ਟਰੱਕ ਉਪਰ ਖੜ੍ਹ ਕੇ ਉਦਾਸੀ ਹੇਕਾਂ ਲਾਉਂਦਾ ਜਾ ਰਿਹਾ ਸੀ। ਕਾਰਾਂ ਵਿੱਚ ਲੋਕਾਂ ਦਾ ਕਾਫ਼ਲਾ ਉਸਦੇ ਪਿੱਛੇ ਜਾ ਰਿਹਾ ਸੀ। ਉਸਦੀ ਇਸ ਗੱਲ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਸਾਡੇ ਇਲਾਕੇ ਦੇ ਕੰਮੀਆਂ ਦੇ ਵਿਹੜੇ ਵਿੱਚ ਪੈਦਾ ਹੋਏ ਪ੍ਰਾਇਮਰੀ ਅਧਿਆਪਕ ਨੇ ਕਿਵੇਂ ਉੱਚੀਆਂ ਥਾਂਵਾਂ ਤੇ ਪੈੜਾਂ ਪਾਈਆਂ ਹਨ।
ਮੈਨੂੰ ਅੱਜ ਵੀ ਯਾਦ ਹੈ ਜਦੋਂ ਉਦਾਸੀ ਨੇ ਕੁਝ ਸਮੇਂ ਲਈ ਮੇਰੇ ਨਾਲ ਮੂੰਹ ਮੋਟਾ ਕਰ ਲਿਆ ਸੀ। ਘਟਨਾ ਇਸ ਤਰ੍ਹਾਂ ਸੀ ਕਿ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕਰ ਦਿੱਤਾ ਸੀ। ਸਾਡੇ ਵਿੱਚੋਂ ਕੁੱਝ ਪੱਕੇ ਅਧਿਆਪਕਾਂ ਨੂੰ ਜੇਲ੍ਹ ਵਿੱਚ ਬੇਰੁਜ਼ਗਾਰ ਅਧਿਆਪਕਾਂ ਦਾ ਮਨੋਬਲ ਕਾਇਮ ਰੱਖਣ ਲਈ ਗ੍ਰਿਫ਼ਤਾਰ ਹੋਣ ਦਾ ਹੁਕਮ ਦੇ ਦਿੱਤਾ ਗਿਆ। ਮੈਂ ਵੀ ਗ੍ਰਿਫ਼ਤਾਰੀ ਦੇ ਦਿੱਤੀ। ਗਰਭਵਤੀ ਹੋਣ ਕਾਰਨ ਮੇਰੀ ਪਤਨੀ ਵੀ ਘਰ ਨੂੰ ਜਿੰਦਾ ਲਾ ਕੇ ਪੇਕੇ ਜਾ ਵੜੀ। ਤਿੰਨ ਮਹੀਨਿਆਂ ਪਿੱਛੋਂ ਮੈਨੂੰ ਰਿਹਾਅ ਕੀਤਾ ਗਿਆ। ਜੇਲ੍ਹੋਂ ਬਾਹਰ ਆਉਣ ਤੋਂ ਚਾਰ ਦਿਨ ਬਾਅਦ ਮੇਰੇ ਘਰ ਸਪੁੱਤਰ ਨੇ ਜਨਮ ਲਿਆ। ਘਰ ਬੰਦ ਸੀ ਤਨਖਾਹ ਮਿਲੀ ਨਹੀਂ ਸੀ, ਉਦਾਸੀ ਵਧਾਈਆਂ ਦੇਣ ਲਈ ਆ ਗਿਆ। ਮੈਂ ਉਸਨੂੰ ਮਜ਼ਬੂਰੀ ਦੱਸ ਦਿੱਤੀ। ਪਰ ਉਸਨੇ ਇਸ ਗੱਲ ਤੇ ਯਕੀਨ ਨਾ ਕੀਤਾ ਕਿ ਮੈਂ ਕਦੇ ਪੈਸੇ ਪੱਖੋਂ ਤੰਗ ਵੀ ਹੋ ਸਕਦਾ ਹਾਂ। ਉਸਨੇ ਮੇਰੀਆਂ ਵੇਖੀਆਂ ਪਹਿਲੀਆਂ ਹਾਲਤਾਂ ਤੋਂ ਮੇਰੇ ਬਾਰੇ ਪੈਸੇ ਪੱਖੋਂ ਖੁਸ਼ਹਾਲ ਹੋਣ ਦਾ ਭਰਮ ਪਾਲਿਆ ਹੋਇਆ ਸੀ।
ਸਾਹਿਤ ਸਭਾ ਵਿੱਚ ਵੀ ਕਈ ਵਾਰੀ ਉਦਾਸੀ ਨਾਲ ਮੁਲਾਕਾਤ ਹੋ ਜਾਂਦੀ ਸੀ। ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਵੈਦਗਿਰੀ ਦਾ ਕੰਮ ਕਰਦੇ ਸਨ। ਇੱਕ ਦਿਨ ਉਹ ਉਦਾਸੀ ਨੂੰ ਕਹਿਣ ਲੱਗੇ ”ਉਦਾਸੀ ਅਗਲੇ ਜਨਮ ਵਿੱਚ ਤੂੰ ਕੱਟਾ ਬਣੇਂਗਾ।” ਉਦਾਸੀ ਨੇ ਪੁੱਛਿਆ ਕਿਵੇਂ? ਤਾਂ ਉਹ ਕਹਿਣ ਲੱਗੇ, ”ਹੁਣ ਤੂੰ ਸਾਰਾ ਦਿਨ ਸਟੇਜਾਂ ਤੇ ਅੜਿੰਗਦਾ ਰਹਿੰਦਾ ਹੈ ਤੇ ਫਿਰ ਕੱਟਾ ਬਣ ਕੇ ਅੜਿੰਗਦਾ ਰਿਹਾ ਕਰੇਂਗਾ।” ਉਦਾਸੀ ਮੋੜਵਾਂ ਕਹਿਣ ਲੱਗਿਆ, ”ਰਾਹੀ ਜੀ ਤੁਸੀਂ ਤਾਂ ਫਿਰ ਬੱਕਰੀ ਬਣੋਗੇ।” ਰਾਹੀ ਪੁੱਛਣ ਲੱਗਿਆ ਕਿਵੇਂ? ਤਾਂ ਉਦਾਸੀ ਕਹਿਣ ਲੱਗਿਆ, ”ਸਾਰਾ ਦਿਨ ਹੁਣ ਤੁਸੀਂ ਹੱਥ ਨਾਲ ਗੋਲੀਆਂ ਵੱਟਦੇ ਰਹਿੰਦੇ ਹੋ, ਫਿਰ ਪਿੱਠ ਰਾਹੀਂ ਵੱਟਿਆ ਕਰੋਗੇ।” ਇਸ ਤਰ੍ਹਾਂ ਹਲਕਾ ਫੁਲਕਾ ਮਜ਼ਾਕ ਕਰਨਾ ਤੇ ਕਰਵਾਉਣਾ ਵੀ ਉਦਾਸੀ ਦੀ ਅਪੱਣਤ ਦਾ ਇੱਕ ਢੰਗ ਹੁੰਦਾ ਸੀ।
ਉਦਾਸੀ ਦੇ ਤੁਰ ਜਾਣ ਤੋਂ ਬਾਅਦ ਇੱਕ ਗੱਲ ਜਿਹੜੀ ਥੋੜ੍ਹੀ ਬਹੁਤ ਧਰਵਾਸ ਦਿੰਦੀ ਹੈ। ਉਹ ਇਹ ਹੈ ਕਿ ਉਸਦੀ ਧੀ ”ਇਕਬਾਲ ਕੌਰ ਉਦਾਸੀ” ਨੇ ਉਸ ਦੁਆਰਾ ਪਾਈ ਪਗਡੰਡੀ ਤੇ ਤੁਰਨਾ ਜਾਰੀ ਰੱਖਿਆ ਹੋਇਆ ਹੈ।
ਮੇਰੇ ਪਿਤਾ ਜੀ ਕਮਿਉਨਿਸਟ ਪਾਰਟੀ ਮਾਰਕਸਵਾਦੀ ਦੇ ਮੈਂਬਰ ਸਨ। ਮੇਰੇ ਕੋਲ ਆਉਣ ਸਮੇਂ ਉਦਾਸੀ ਨਾਲ ਵੀ ਉਨ੍ਹਾਂ ਦਾ ਬਹਿਸ ਵਟਾਂਦਰਾ ਹੁੰਦਾ ਹੀ ਰਹਿੰਦਾ ਸੀ। ਕਿਸੇ ਗੱਲ ਤੋਂ ਮੈਨੂੰ ਵਰਜਣ ਲਈ ਉਹ ਉਦਾਸੀ ਦੁਆਰਾ ਕਹੀਆਂ ਗੱਲਾਂ ਨੂੰ ਆਧਾਰ ਬਣਾਇਆ ਕਰਦੇ ਸਨ।
ਅੰਡਰਗਰਾਊਂਡ ਪਾਰਟੀ ਦੀਆਂ ਕਈ ਮੀਟਿੰਗਾਂ ਵਿੱਚ ਉਦਾਸੀ ਵੀ ਹਾਜ਼ਰ ਹੁੰਦਾ ਸੀ। ਮੈਨੂੰ ਯਾਦ ਹੈ ਸਾਡੇ ਪਿੰਡ ਸਹਿਜੜੇ ਵਿੱਚ ਹੋਈ ਇੱਕ ਮੀਟਿੰਗ ਵਿੱਚ ਉਦਾਸੀ ਵੀ ਹਾਜ਼ਰ ਸੀ। ਕਿਉਂਕਿ ਉਦਾਸੀ ਦੇ ਪਿੰਡ ਰਾਏਸਰ ਦੀ ਜੂਹ ਸਾਡੇ ਪਿੰਡ ਸਹਿਜੜੇ ਨਾਲ ਲੱਗਦੀ ਸੀ। ਇਸ ਲਈ ਸਾਡਾ ਇੱਕ ਦੂਜੇ ਕੋਲ ਆਉਣਾ ਜਾਣਾ ਆਮ ਸੀ। ਉਸ ਮੀਟਿੰਗ ਵਿੱਚ ਬੈਠੇ ਇੱਕ ਕਿਸਾਨ ਨੂੰ ਸਵੇਰੇ ਜਦੋਂ ਅਸੀਂ ਪੁੱਛਿਆ ਕਿ ਕਾਮਰੇਡ ਨੇ ਰਾਤ ਭਰ ਕੀ ਕਿਹਾ ਹੈ ਤਾਂ ਉਹ ਕਹਿਣ ਲੱਗਿਆ ਕਿ ਮੇਰੇ ਤਾਂ ਇੱਕ ਗੱਲ ਯਾਦ ਹੈ ਕਿ ”ਮਾਓ ਕਹਿੰਦਾ ਹੈ ਗੋਲੀ ਮਾਰ ਦਿਓ।”
ਜਗਦੀਸ਼ ਮਾਂਦਾ ਪਿੰਡ ਰਾਏਸਰ ਦਾ ਸਰਪੰਚ ਸੀ। ਉਹ ਸੀ. ਪੀ. ਐਮ. ਦਾ ਕੁਲ ਵਕਤੀ ਵੀ ਰਿਹਾ ਹੈ। ਉਦਾਸੀ ਤੇ ਮਾਂਦੇ ਦੇ ਵਿਚਾਰਕ ਮੱਤਭੇਦ ਕਈ ਵਾਰੀ ਦੋਹਾਂ ਦੀਆਂ ਗੱਲਾਂ ਵਿੱਚੋਂ ਵੀ ਝਲਕਦੇ ਰਹਿੰਦੇ ਸਨ। ਰਾਏਸਰ ਦੇ ਪਿੰਡ ਦਾ ਇੱਕ ਨੌਜੁਆਨ ਮੇਹਰ ਵੀ ਸੀ, ਜੋ ਪੁਲੀਸ ਨੇ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਸੀ। ਉਹ ਐਸ. ਡੀ. ਕਾਲਜ ਬਰਨਾਲਾ ਵਿੱਚ ਸਾਡੇ ਨਾਲ ਯੂਨੀਅਨ ਵਿੱਚ ਸਰਗਰਮ ਸੀ। ਅਕਸਰ ਉਸਦੇ ਸੁਨੇਹੇ ਉਸਦੇ ਘਰ ਪੁਚਾਉਣੇ ਤੇ ਘਰ ਦੀ ਸੁਖ ਸਾਂਦ ਮੇਹਰ ਨੂੰ ਭੇਜਣੀ ਵੀ ਉਦਾਸੀ ਦੀ ਡਿਊਟੀ ਸੀ।
ਉਦਾਸੀ ਦੇ ਲਿਖੇ ਗੀਤਾਂ ਦੀਆਂ ਕਿਤਾਬਾਂ ਦੀ ਮੰਗ ਅੱਜ ਵੀ ਬਹੁਤ ਜ਼ਿਆਦਾ ਹੈ। ਇਹ ਇਸ ਗੱਲ ਦੀ ਪ੍ਰਤੀਕ ਹੈ, ਲੋਕਾਂ ਵਿੱਚ ਗੀਤਾਂ ਦੇ ਰੂਪ ਵਿੱਚ ਉਦਾਸੀ ਅੱਜ ਵੀ ਬਿਰਾਜਮਾਨ ਹੈ। ਮੈਂ ਸਮਝਦਾ ਹਾਂ ਕਿ ਜਿਉਂ ਜਿਉਂ ਜਮਾਤੀ ਸੰਘਰਸ਼ ਤੇਜ਼ ਹੁੰਦੇ ਜਾਣਗੇ। ਇਸਦੇ ਨਾਲ ਹੀ ਉਦਾਸੀ ਦੇ ਗੀਤਾਂ ਦੀਆਂ ਹੇਕਾਂ ਵੀ ਤੇਜ਼ ਹੁੰਦੀਆਂ ਜਾਣਗੀਆਂ। ਪੰਜਾਬ ਦੀ ਧਰਤੀ ‘ਤੇ ਰਹਿੰਦੀ ਲੋਕਾਈ ਤੱਕ ਇਨ੍ਹਾਂ ਹੇਕਾਂ ਦੀ ਗੂੰਜ ਆਉਂਦੀ ਰਹੇਗੀ।
– ਮੇਘ ਰਾਜ ਮਿੱਤਰ