Jail ਸੁਪਰਡੈਂਟ ਤੇ ਗੰਭੀਰ ਦੋਸ਼- 3 ਲੱਖ ਦੀ ਰਿਸ਼ਵਤ ਦੇਣ ਨੂੰ ਕਿਹਾ NO, ਤਾਂ ਕਰਵਾਇਆ
ਜੇਲ੍ਹ ਸੁਪਰਡੈਂਟ ਨੇ ਨਕਾਰੇ ਦੋਸ਼, ਪਰਚਾ ਮੇਰੀ ਨਹੀਂ, ਕੁਕਰਮ ਪੀੜਤ ਦੀ ਸ਼ਕਾਇਤ ਤੇ ਹੋਇਐ,,
ਹਰਿੰਦਰ ਨਿੱਕਾ , ਬਰਨਾਲਾ 15 ਦਸੰਬਰ 2021
ਜਿਲ੍ਹਾ ਜੇਲ੍ਹ ‘ਚ ਬੰਦ ਅੰਡਰ ਟ੍ਰਾਇਲ 2 ਹਵਾਲਾਤੀਆਂ ਦੇ ਪਰਿਵਾਰਾਂ ਨੇ ਅੱਜ ਅਦਾਲਤ ਦੇ ਬਾਹਰ ਮੀਡੀਆ ਦੇ ਰੂ-ਬ-ਰੂ ਹੋ ਕੇ ਜੇਲ੍ਹ ਸੁਪਰਡੈਂਟ ਦੇ ਖਿਲਾਫ ਕਥਿਤ ਤੌਰ ਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ , ਝੂਠਾ ਕੇਸ ਦਰਜ਼ ਕਰਵਾਉਣ ਅਤੇ ਜੇਲ੍ਹ ਬੰਦੀਆਂ ਦੀ ਬੇਰਹਿਮੀ ਨਾਲ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨਾਂ ਜੇਲ੍ਹ ਮੰਤਰੀ ਅਤੇ ਪੰਜਾਬ ਸਰਕਾਰ ਤੋਂ ਜੇਲ੍ਹ ਸੁਪਰਡੈਂਟ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
ਉੱਧਰ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਉਸ ਪਰ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਪਰਚਾ ਮੇਰੀ ਨਹੀਂ, ਕੁਕਰਮ ਪੀੜਤ ਜੇਲ੍ਹ ਬੰਦੀ ਦੀ ਸ਼ਕਾਇਤ ਤੇ ਹੋਇਆ ਹੈ। ਰਿਸ਼ਵਤ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਕੋਲ ਪੀੜਤ ਨੇ 20 ਨਵੰਬਰ ਨੂੰ ਸ਼ਕਾਇਤ ਦਿੱਤੀ, ਜਿਹੜੀ ਬਿਨਾਂ ਦੇਰੀ ਪੁਲਿਸ ਕੋਲ ਕਾਰਵਾਈ ਲਈ ਭੇਜ ਦਿੱਤੀ ਗਈ ਸੀ। ਜੇਕਰ ਪਰਚਾ ਦੇਰ ਨਾਲ ਦਰਜ਼ ਹੋਇਆ, ਇਹ ਦੇਰੀ ਪੁਲਿਸ ਦੇ ਪੱਧਰ ਤੇ ਹੋਈ ਹੈ। ਉਨਾਂ ਕਿਹਾ ਕਿ ਦੋਵੇਂ ਜੇਲ੍ਹ ਬੰਦੀ ਅਤੇ ਉਨਾਂ ਦੇ ਪਰਿਵਾਰ ਝੂਠੇ ਦੋਸ਼ ਲਾ ਕੇ, ਉਨਾਂ ਨੂੰ ਬਦਨਾਮ ਕਰ ਰਹੇ ਹਨ।
ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਧਨੌਲਾ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਦੇ ਇੱਕ ਪੁਰਾਣੇ ਕੇਸ ਵਿੱਚ ਜੇਲ੍ਹ ਬੰਦ ਹੈ, ਇਹ ਕੇਸ ਹਾਲੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਉਨ੍ਹਾਂ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਨੇ ਫੋਨ ਕਰਕੇ, ਕਿਹਾ ਸੀ ਕਿ ਜੇਲ੍ਹ ਸੁਪਰਡੈਂਟ ਉਸ ਤੋਂ 3 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ, ਪੈਸੇ ਨਾ ਦੇਣ ਬਦਲੇ, ਉਹ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ਼ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਅਮਨਦੀਪ ਕੌਰ ਨੇ ਹੰਝੂ ਭਿੱਜੀਆਂ ਅੱਖਾਂ ਨਾ ਕਿਹਾ ਕਿ ਜਦੋਂ ਅਸੀ ਤਿੰਨ ਲੱਖ ਰੁਪਏ ਨਾ ਹੋਣ ਦੀ ਗੱਲ ਕਹੀ ਤਾਂ ਜੇਲ੍ਹ ਸੁਪਰਡੈਂਟ ਨੇ ਗੁਰਪ੍ਰੀਤ ਸਿੰਘ ਅਤੇ ਜਰਨੈਲ ਸਿੰਘ ਭੋਲਾ ਦੇ ਖਿਲਾਫ ਇੱਕ ਹੋਰ ਜੇਲ੍ਹ ਬੰਦੀ ਨਾਲ ਕੁਕਰਮ ਕਰਨ ਦਾ ਝੂਠਾ ਕੇਸ ਦਰਜ਼ 12 ਦਸੰਬਰ ਨੂੰ ਦਰਜ਼ ਕਰਵਾ ਦਿੱਤਾ।
ਅੰਕਲ ਮੇਰੇ ਪਾਪਾ ਨੂੰ ਜੇਲ੍ਹ ਵਾਲਿਆਂ ਦੀ ਕੁੱਟ ਤੋਂ ਬਚਾ ਦਿਉ ,,, ਅਦਾਲਤੀ ਬਖਸ਼ੀਖਾਨੇ ਦੇ ਬਾਹਰ ਆਪਣੇ ਪਿਤਾ ਗੁਰਪ੍ਰੀਤ ਸਿੰਘ ਨੂੰ ਮਿਲਣ ਲਈ ਪੁਲਿਸ ਵਾਲਿਆਂ ਦੇ ਤਰਲੇ ਕੱਢ ਰਹੀ ਛੋਟੀ ਬੱਚੀ ਗੁਰਸ਼ਰਨਦੀਪ ਕੌਰ ਨੇ ਹੁਬਕੀ ਹੁਬਕੀ ਰੋਂਦਿਆਂ ਮੀਡੀਆ ਕਰਮੀਆਂ ਨੂੰ ਕਿਹਾ ਅੰਕਲ ਪਲੀਜ਼ ਤੁਸੀ ਮੇਰੇ ਪਾਪਾ ਨੂੰ ਜੇਲ੍ਹ ਵਾਲਿਆਂ ਦੀ ਕੁੱਟ ਤੋਂ ਬਚਾ ਲਉ। ਉਹ ਕੁੱਟ ਕੁੱਟ ਕੇ ਮੇਰੇ ਪਾਪਾ ਨੂੰ ਮਾਰ ਦੇਣਗੇ। ਉਸ ਨੇ ਕਿਹਾ ਕਿ ਅਸੀਂ ਗਰੀਬ ਹਾਂ, ਜੇਲ੍ਹ ਸੁਪਰਡੈਂਟ ਵੱਲੋਂ ਮੰਗੀ 3 ਲੱਖ ਰੁਪਏ ਦੀ ਰਿਸ਼ਵਤ ਨਹੀਂ ਦੇ ਸਕੇ। ਇਸ ਤੋਂ ਗੁੱਸੇ ਵਿੱਚ ਆ ਕੇ ਉਨਾਂ ਮੇਰੇ ਪਾਪਾ ਦੇ ਖਿਲਾਫ ਇੱਕ ਹੋਰ ਝੂਠਾ ਕੇਸ ਦਰਜ਼ ਕਰਵਾ ਦਿੱਤਾ। ਗੁਰਸ਼ਰਨਦੀਪ ਕੌਰ ਨੇ ਕਿਹਾ ਕਿ ਮੇਰੇ ਪਾਪੇ ਬਿਲਕੁਲ ਬੇਕਸੂਰ ਹਨ, ਉਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ।
ਉੱਧਰ ਨਿਰਮਲ ਕੌਰ ਨੇ ਵੀ ਜੇਲ੍ਹ ਸੁਪਰਡੈਂਟ ਖਿਲਾਫ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਭਰਾ ਜਰਨੈਲ ਸਿੰਘ ਭੋਲਾ ਨੂੰ ਜੇਲ੍ਹ ਸੁਪਰਡੈਂਟ ਵੱਲੋਂ ਕੁਕਰਮ ਦੇ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਨਿਰਮਲ ਕੌਰ ਨੇ ਕਿਹਾ ਕਿ ਜਰਨੈਲ ਸਿੰਘ ਵੱਲੋਂ ਕਰੀਬ 2 ਸਾਲ ਪਹਿਲਾਂ ਉਕਤ ਜੇਲ੍ਹ ਸੁਪਰਡੈਂਟ ਖਿਲਾਫ ਜੇਲ੍ਹ ਅੰਦਰ ਕੁੱਟਮਾਰ ਦਾ ਖੁਲਾਸਾ ਕੀਤਾ ਸੀ, ਉਦੋਂ ਮੈਡੀਕਲ ਰਿਪੋਰਟ ਦੇ ਅਧਾਰ ਤੇ ਜੇਲ੍ਹ ਸੁਪਰਡੈਂਟ ਖਿਲਾਫ ਕੇਸ ਵੀ ਦਰਜ਼ ਕਰਵਾਇਆ ਗਿਆ ਸੀ। ਹੁਣ ਜੇਲ੍ਹ ਸੁਪਰਡੈਂਟ , ਜਰਨੈਲ ਸਿੰਘ ਨੂੰ ਉਹ ਕੇਸ ਵਾਪਿਸ ਲੈਣ ਲਈ ਦਬਾਅ ਪਾ ਰਿਹਾ ਸੀ। ਦਬਾਅ ਨਾ ਮੰਨਣ ਕਰਕੇ ਹੀ ਹੁਣ ਉਸ ਨੇ ਉਸ ਖਿਲਾਫ ਝੂਠਾ ਕੇਸ ਦਰਜ਼ ਕਰਵਾ ਦਿੱਤਾ ਹੈ। ਜਦੋਂਕਿ ਇਸ ਕੇਸ ਵਿੱਚ ਭੋਰਾ ਭਰ ਵੀ ਸਚਾਈ ਨਹੀਂ ਹੈ। ਦੋਵਾਂ ਹਵਾਲਾਤੀਆਂ ਦੇ ਪਰਿਵਾਰਾਂ ਨੇ ਮੰਗ ਕੀਤੀ ਕਿ ਜੇਲ੍ਹ ਦੀ ਪੂਰੀ ਬੈਰਕ ‘ਚ ਬੰਦੀਆਂ ਦਾ ਮੈਡੀਕਲ ਕਰਵਾਇਆ ਜਾਵੇ, ਕੁਕਰਮ ਦੀ ਘਟਨਾ ਦਾ ਪੂਰਾ ਸੱਚ ਆਪਣੇ ਆਪ ਸਾਹਮਣੇ ਆ ਜਾਵੇਗਾ। ਨਿਰਮਲ ਕੌਰ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਜੇਕਰ ਜਰਨੈਲ ਸਿੰਘ ਭੋਲਾ ਅਤੇ ਗੁਰਪ੍ਰੀਤ ਸਿੰਘ ਖਿਲਾਫ ਦਰਜ਼ ਕੁਕਰਮ ਦਾ ਝੂਠਾ ਕੇਸ ਰੱਦ ਕਰਕੇ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਜੇਲ੍ਹ ਦੇ ਬਾਹਰ ਪੈਟ੍ਰੌਲ ਪਾ ਕੇ ਆਤਮਹੱਤਿਆ ਕਰਨ ਲਈ ਮਜਬੂਰ ਹੋਣਗੀਆਂ।