ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ ਭਰ ’ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ
- ਚਾਇਨਾ ਡੋਰ ਸਟੋਰ, ਵੇਚਣ ਅਤੇ ਖਰੀਦਣ ’ਤੇ ਮੁਕੰਮਲ ਪਾਬੰਦੀ
- ਗੁਟਕਾ, ਪਾਨ ਮਸਾਲਾ ਅਤੇ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਰਾਹੀਂ ਬਾਰ ਹੋਟਲਾਂ/ਰੈਸਟੋਰੈਂਟਾਂ ’ਚ ਵੇਚਣ/ਸਰਵ ਕਰਨ ’ਤੇ ਪਾਬੰਦੀ
- ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਨਤਕ ਥਾਵਾਂ ’ਤੇ ਹਥਿਆਰ ਚੁੱਕਣ ਤੇ ਪਾਬੰਦੀ
- ਜ਼ਿਲ੍ਹੇ ਭਰ ਦੇ ਹੋਟਲ/ਮੈਰਿਜ ਪੈਲੇਸ/ਰੈਸਟੋਰੈਂਟ ਦੇ ਮਾਲਕਾਂ ਵੱਲੋਂ ਪ੍ਰਵਾਨਗੀ ਲੈਣੀ ਹੋਵੇਗੀ ਲਾਜ਼ਮੀ
- ਅਣ-ਅਧਿਕਾਰਤ ਤੌਰ ’ਤੇ ਵੇਚੇ/ਖ੍ਰੀਦੇ ਜਾ ਰਹੇ ਸੀਮਨ ਦੀ ਵਰਤੋਂ ਉਪਰ ਪਾਬੰਦੀ
ਰਵੀ ਸੈਣ,ਬਰਨਾਲਾ, 14 ਦਸੰਬਰ 2021
ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ. ਨੇ ਫੌਜਦਾਰੀ ਜਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਇਨਾ ਡੋਰ ਅਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ/ਖਰੀਦਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ ਧਾਗੇ ਵਾਲੀ ਡੋਰ ’ਤੇ ਲਾਗੂ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹੱਟ ਕੇ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਈਨਾ ਡੋਰ ਅਤੇ ਮਾਂਜਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਬਹੁਤ ਮਜ਼ਬੂਤ, ਨਾ-ਗਲਣਯੋਗ ਅਤੇ ਨਾ-ਟੁੱਟਣਯੋਗ ਹਨ। ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਕੱਟ ਦਿੰਦੀ ਹੈ। ਸਾਈਕਲ, ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਂਦੇ ਹਨ ਅਤੇ ਉੱਡਦੇ ਪੰਛੀਆਂ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਰੁੱਖਾਂ ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਵਾਰਨ ਵੀ ਦੂਸ਼ਿਤ ਹੁੰਦਾ ਹੈ।
ਇਸੇ ਤਰ੍ਹਾਂ ਹੀ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਬਰਨਾਲਾ ਦੀ ਹੱਦ ਅੰਦਰ ਗੁਟਕਾ, ਪਾਨ ਮਸਾਲਾ ਅਤੇ ਖਾਣ-ਪੀਣ ਵਾਲੀਆਂ ਹੋਰ ਚੀਜਾਂ, ਜਿਨ੍ਹਾਂ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਜਾਂ ਨਸ਼ੀਲੇ ਪਦਾਰਥਾਂ ਤੋਂ ਬਣੇ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਜਾਂ ਕਿਸੇ ਹੋਰ ਢੰਗ ਨਾਲ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਆਦਿ ਵਿੱਚ ਪਾ ਕੇ ਕਿਸੇ ਵੀ ਬਾਰ/ਹੁੱਕਾ ਬਾਰ, ਹੋਟਲ/ਰੈਸਟੋਰੈਂਟ ਆਦਿ ਵਿੱਚ ਆਉਣ ਵਾਲਿਆਂ ਨੂੰ ਵੇਚਣ/ਸਰਵ ਕਰਨ ਅਤੇ ਹੁੱਕਾ ਬਾਰ ਚਲਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਅਗਲੇ ਹੁਕਮਾਂ ਰਾਹੀਂ ਜ਼ਿਲ੍ਹਾ ਬਰਨਾਲਾ ਦੀਆਂ ਸੀਮਾਵਾਂ ਅੰਦਰ ਅਮਨ ਕਾਨੂੰਨ ਕਾਇਮ ਰੱਖਣ ਲਈ ਜਲੂਸ ਕੱਢਣ, ਨਾਅਰੇ ਲਗਾਉਣ, ਭੜਕਾਊ ਪ੍ਰਚਾਰ ਕਰਨ, ਪ੍ਰੀਖਿਆ ਕੇਂਦਰ/ਵਿਦਿਅਕ ਸੰਸਥਾਵਾਂ ਵਿੱਚ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰੀਖਿਆਵਾਂ ਸਮੇਂ ਕਿਸੇ ਵੀ ਵਿਅਕਤੀ/ਵਿਅਕਤੀਆਂ ਵੱਲੋਂ ਨਕਲ ਕਰਵਾਉਣ ਦੇ ਮੰਤਵ ਲਈ ਖੜ੍ਹੇ ਹੋਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਅਤੇ ਗੰਡਾਸੇ, ਤੇਜ਼ਧਾਰ ਟਕੂਏ, ਕੁਲਹਾੜੀਆਂ, ਵਿਸਫ਼ੋਕਟ ਸਮੱਗਰੀ ਅਤੇ ਹੋਰ ਘਾਤਕ ਹਥਿਆਰ/ਅਸਲਾ ਜਨਤਕ ਥਾਵਾਂ (ਜਿਵੇਂ ਕਿ ਧਾਰਮਿਕ ਸਥਾਨ, ਮੈਰਿਜ ਪੈਲੇਸ/ਜਨਮ ਦਿਨ ਦੀਆਂ ਪਾਰਟੀਆਂ ਆਦਿ ਅਤੇ ਹੋਰ ਜਨਤਕ ਥਾਵਾਂ) ’ਤੇ ਚੁੱਕ ਕੇ ਚੱਲਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਜ਼ਿਲ੍ਹਾ ਬਰਨਾਲਾ ਅੰਦਰ ਕਈ ਹੋਟਲ, ਮੈਰਿਜ ਪੈਲੇਸ ਅਤੇ ਰੈਸਟੋਰੈਂਟ ਚੱਲ ਰਹੇ ਹਨ ਜਾਂ ਨਵੇਂ ਬਣਾਏ ਜਾ ਰਹੇ ਹਨ, ਜਿਨ੍ਹਾਂ ’ਚ ਕਈ ਤਰ੍ਹਾਂ ਦੀਆਂ ਤਕਨੀਕੀ ਪੱਖਾਂ ਤੋਂ ਕਮੀਆਂ ਰਹਿ ਜਾਂਦੀਆਂ ਹਨ, ਜੋ ਉਥੇ ਜਾਣ ਵਾਲੀ ਜਨਤਾ ਲਈ ਖਤਰੇ ਦਾ ਕਾਰਣ ਬਣ ਜਾਂਦੀਆਂ ਹਨ। ਜਿਸ ਨਾਲ ਜਾਨ ਤੇ ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਮੈਰਿਜ ਪੈਲੇਸ, ਰੈਸਟੋਰੈਂਟਾਂ ਅਤੇ ਹੋਟਲਾਂ ਦੀ ਤਾਮੀਰ ਕਈ ਪ੍ਰਕਾਰ ਦੇ ਮੁਢਲੇ ਪੱਖਾਂ ਜਿਵੇਂ ਇਮਾਰਤਾਂ ਦੀ ਬਣਤਰ, ਬਿਜਲੀ ਫਿਟਿੰਗ, ਸਾਈਟ ਲਈ ਢੁਕਵੀਂ ਜਗ੍ਹਾ, ਪਾਰਕਿੰਗ ਨਾਲ ਲਗਦੀਆਂ ਸੜ੍ਹਕਾਂ ਤੋਂ ਜਾਇਜ ਦੂਰੀ, ਸੁਰੱਖਿਆ ਆਦਿ ਦੀ ਪੁਸ਼ਟੀ ਲਈ ਜ਼ਰੂਰੀ ਬਣ ਜਾਂਦਾ ਹੈ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਦਿੱਤਾ ਗਿਆ ਹੈ ਜ਼ਿਲ੍ਹਾ ਬਰਨਾਲਾ ’ਚ ਜੋ ਵੀ ਹੋਟਲ, ਮੈਰਿਜ ਪੈਲੇਸ ਅਤੇ ਰੈਸਟੋਰੈਂਟ ਬਨਾਉਣ ਦੇ ਚਾਹਵਾਨ ਹਨ ਜਾਂ ਜੋ ਮੈਰਿਜ ਪੈਲੇਸ, ਹੋਟਲ ਅਤੇ ਰੈਸਟੋਰੈਂਟ ਪਹਿਲਾਂ ਹੀ ਚੱਲ ਰਹੇ ਹਨ ਉਨ੍ਹਾਂ ਦੇ ਮਾਲਕ ਪੁੱਡਾ/ਟਾਊਨ ਪਲਾਨਰ ਦੇ ਦਫ਼ਤਰ ਵਿੱਚੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ। ਇਸ ਪ੍ਰਵਾਨਗੀ ਦੀ ਕਾਪੀ ਆਪੋ-ਆਪਣੇ ਹੋਟਲ, ਮੈਰਿਜ ਪੈਲੇਸ ਅਤੇ ਰੈਸਟੋਰੈਂਟ ਵਿੱਚ ਢੁਕਵੀਂ ਜਗ੍ਹਾ ’ਤੇ ਲਗਾਈ ਜਾਵੇ ਤਾਂ ਜੋ ਕੋਈ ਵੀ ਮੈਜਿਸਟ੍ਰੇਟ ਜਾਂ ਪੁਲਿਸ ਅਧਿਕਾਰੀ, ਜੋ ਕਿ ਐਸ.ਐਚ.ਓ ਜਾਂ ਉਸ ਤੋਂ ਉਚ ਪਦ ਦਾ ਹੋਵੇ ਕਿਸੇ ਸਮੇਂ ਵੀ ਇਨ੍ਹਾਂ ਦਾ ਨਿਰੀਖਣ ਕਰ ਸਕੇ।
ਇਸੇ ਤਰ੍ਹਾਂ ਹੀ ਜਾਰੀ ਇੱਕ ਹੋਰ ਹੁਕਮ ਵਿੱਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਿਹਾ ਗਿਆ ਹੈ ਕਿ ਅਣ-ਅਧਿਕਾਰਤ ਤੌਰ ’ਤੇ ਵੇਚੇ/ਖ੍ਰੀਦੇ ਜਾ ਰਹੇ ਸੀਮਨ ਦੀ ਵਰਤੋਂ ਕਰਨਾ ਰਾਜ ਦੀ ਬਰੀਡਿੰਗ ਪਾਲਿਸੀ ਅਨੁਸਾਰ ਉਚਿਤ ਨਹੀਂ ਹੈ ਕਿਉਂਕਿ ਅਜਿਹਾ ਕਰਨ ਨਾਲ ਰਾਜ ਦੇ ਪਸ਼ੂ ਧੰਨ ਦੀ ਪ੍ਰੋਡਕਟੀਵਿਟੀ ਤੇ ਵੀ ਮਾੜਾ ਅਸਰ ਪੈ ਸਕਦਾ ਹੈ ਅਤੇ ਇਸ ਅਸਰ ਦਾ ਤੁਰੰਤ ਪਤਾ ਨਹੀਂ ਲੱਗ ਸਕਦਾ, ਬਲਕਿ ਆਉਣ ਵਾਲੇ ਸਮੇਂ ਤੋਂ ਪਸ਼ੂਆਂ ਦੀ ਨਸਲ ਸੁਧਾਰ ਲਈ ਕੀਤੇ ਜਾਣ ਵਾਲੇ ਸਮੁੱਚੇ ਉਪਰਾਲੇ ਬੇਕਾਰ ਹੋ ਜਾਣਗੇ, ਕਿਉਂਕਿ ਵਿਭਾਗ ਦੁਆਰਾ ਭਾਰਤ ਸਰਕਾਰ ਦੇ ਮਾਪਦੰਡਾਂ ਅਤੇ ਰਾਜ ਵਿੱਚ ਬਰੀਡਿੰਗ ਪਾਲਿਸੀ ਅਨੁਸਾਰ ਹੀ ਆਪਣੇ ਲਾਈਵਸਟਾਕ ਫਾਰਮਜ ਤੇ ਉਤਮ ਨਸਲ ਦੇ ਬੁੱਲਜ ਤੋਂ ਤਿਆਰ ਕੀਤਾ ਗਿਆ ਸੀਮਨ ਮਨਸੂਈ ਗਰਭਦਾਨ ਲਈ ਵਰਤਿਆ ਜਾਂਦਾ ਹੈ ਅਤੇ ਇਸੇ ਅਨੁਸਾਰ ਹੀ ਸੀਮਨ ਇੰਪੋਰਟ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਣ-ਅਧਿਕਾਰਤ ਸੀਮਨ ਵੇਚਣਾ ਇੱਕ ਅਤਿ ਗੰਭੀਰ ਮਾਮਲਾ ਹੈ, ਜਿਸ ਦਾ ਫੌਰੀ ਹੱਲ ਕਰਨਾ ਬਹੁਤ ਲਾਜ਼ਮੀ ਹੈ। ਉਪਰੋਕਤ ਤੱਥਾਂ ਨੂੰ ਮੁੱਖ ਰਖਦੇ ਹੋਏ ਜ਼ਿਲ੍ਹਾ ਬਰਨਾਲਾ ਅੰਦਰ ਅਣ-ਅਧਿਕਾਰਤ ਤੌਰ ’ਤੇ ਸੀਮਨ ਦਾ ਭੰਡਾਰਣ ਕਰਨ/ਟਰਾਂਸਪੋਰੇਸ਼ਨ ਕਰਨ, ਵਰਤਣ ਜਾਂ ਵੇਚਣ ਤੇ ਪੂਰਨ ਰੋਕ ਲਗਾਈ ਜਾਂਦੀ ਹੈ ਪ੍ਰੰਤੂ ਇਹ ਆਦੇਸ਼ ਪਸ਼ੂ ਵਿਕਾਸ ਅਤੇ ਪੰਚਾਇਤਾਂ, ਪੰਜਾਬ ਦੀਆਂ ਸਮੂਹ ਵੈਟਰਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ਪਸ਼ੂ ਡਿਸਪੈਂਸਰੀਆ ਅਤੇ ਪੋਲੀਕਲੀਨਿਕ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਅਧੀਨ ਚੱਲ ਰਹੇ ਪਸ਼ੂ ਰੂਰਲ ਵੈਟਰਨਰੀ ਹਸਪਤਾਲਾਂ ਨੂੰ ਜੋ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਸਪਲਾਈ ਕੀਤੇ ਸੀਮਨ ਨੂੰ ਵਰਤ ਰਹੇ ਹਨ, ਪਸ਼ੂ ਪਾਲਣ ਵਿਭਾਗ, ਪੰਜਾਬ ਮਿਲਕਫੈਡ ਅਤੇ ਕਾਲਜ ਆਫ਼ ਵੈਟਰਨਰੀ ਸਾਇੰਸ, ਗਡਵਾਸੂ, ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ, ਕੋਈ ਹੋਰ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ, ਜੋ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਜਾ ਰਹੇ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ, ਪੰਜਾਬ ਦੇ ਮੈਂਬਰ, ਜਿਨ੍ਹਾਂ ਨੇ ਕੇਵਲ ਆਪਣੇ ਪਸ਼ੂਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ ’ਤੇ ਲਾਗੂ ਨਹੀਂ ਹੋਣਗੇ।
ਉਪਰੋਕਤ ਸਾਰੇ ਹੁਕਮ ਜ਼ਿਲ੍ਹੇ ਭਰ ਵਿੱਚ 24 ਜਨਵਰੀ, 2022 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।