ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 440 ਵਾਂ ਦਿਨ
- ਧਰਨੇ ਸਥਲ ‘ਤੇ ਸੁਖਮਨੀ ਸਾਹਿਬ ਦੇ ਭੋਗ ਪਾਏ; ਜਿੱਤ ਦਾ ਸ਼ੁਕਰਾਨਾ ਲਈ ਉਮੜਿਆ ਜਨ-ਸੈਲਾਬ।
- ਪੱਤਰਕਾਰ ਭਾਈਚਾਰੇ ਦਾ ਸਨਮਾਨ ਕੀਤਾ; ਧਰਨੇ ਦੀ ਸਫਲਤਾ ਲਈ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਨੇ ਵਿਸ਼ੇਸ਼ ਸਹਿਯੋਗ ਦਿੱਤਾ।
- ਯੂਰੀਆ ਖਾਦ ਦੀ ਘਾਟ ਕਾਰਨ ਦਰ ਦਰ ਭਟਕ ਰਹੇ ਹਨ ਕਿਸਾਨ; ਸਰਕਾਰ ਤੁਰੰਤ ਸਪਲਾਈ ਦਰੁਸਤ ਕਰੇ।
- ਮਾਨਸਾ ‘ਚ ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ਵਿਰੁੱਧ ਨਿਖੇਧੀ ਮਤਾ ਪਾ ਕੇ ਬਰਖਾਸਤ ਕਰਨ ਦੀ ਮੰਗ ਕੀਤੀ।
- 441ਵੇਂ ਦਿਨ ਬਾਅਦ ਭਲਕੇ 15 ਤਰੀਕ ਨੂੰ ਖਤਮ ਕੀਤਾ ਜਾਵੇਗਾ ਧਰਨਾ; ਧੰਨਵਾਦੀ ਜੋਸ਼ੀਲਾ ਫਤਹਿ ਮਾਰਚ ਹੋਵੇਗਾ ਆਖਰੀ ਪ੍ਰੋਗਰਾਮ।
ਸੋਨੀ ਪਨੇਸਰ,ਬਰਨਾਲਾ: 14 ਦਸੰਬਰ, 2021
ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ 15 ਦਸੰਬਰ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। ਅੱਜ 440 ਵੇਂ ਦਿਨ ਵੀ ਧਰਨਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।ਅੱਜ ਕਿਸਾਨ ਅੰਦੋਲਨ ਦੀ ਜਿੱਤ ਦਾ ਸ਼ੁਕਰਾਨਾ ਕਰਨ ਲਈ ਧਰਨਾ ਸਥਲ ‘ਤੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਕਿਸਾਨ ਅੰਦੋਲਨ ਦੀ ਇਸ ਅਜ਼ੀਮ ਜਿੱਤ ਲਈ ਗੁਰੂ ਸਾਹਿਬਾਨ ਦਾ ਸ਼ੁਕਰਗੁਜ਼ਾਰ ਹੋਣ ਲਈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਖੁਸ਼ੀਆਂ ਲਈ ਅਰਜੋਈ ਕਰਨ ਲਈ ਧਰਨੇ ਵਾਲੀ ਥਾਂ ‘ਤੇ ਵੱਡਾ ਜਨ-ਸੈਲਾਬ ਉਮੜਿਆ। ਸੰਗਤ ਨੇ ਇਕਾਗਰਚਿੱਤ ਹੋ ਕੇ ਕੀਰਤਨ ਦਾ ਆਨੰਦ ਮਾਣਿਆ ਅਤੇ ਭਵਿੱਖ ਵਿੱਚ ਵੀ ਅਜਿਹਾ ਅੰਦੋਲਨ ਲੜਨ ਲਈ ਬਲ ਬਖਸ਼ਣ ਲਈ ਅਰਦਾਸ ਕੀਤੀ।
ਅੱਜ ਸੰਯੁਕਤ ਕਿਸਾਨ ਮੋਰਚਾ ਬਰਨਾਲਾ ਦੀ ਸੰਚਾਲਨ ਕਮੇਟੀ ਨੇ ਬਰਨਾਲਾ ਦੇ ਪਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ਦਾ ਸਨਮਾਨ ਕੀਤਾ। ਸੰਚਾਲਨ ਕਮੇਟੀ ਦੇ ਮੈਂਬਰਾਂ ਨੇ ਪੱਤਰਕਾਰਾਂ ਦੇ ਕਿਸਾਨੀ ਰੰਗ ਦੇ ਸਿਰੋਪਾਓ ਪਾ ਕੇ ਅਤੇ ਇੱਕ ਟੋਕਨ ਤੋਹਫ਼ਾ ਦੇ ਕੇ ਸਨਮਾਨ ਕੀਤਾ। ਇਸ ਮੌਕੇ ਬੋਲਦਿਆਂ ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਕਿਹਾ ਕਿ ਬਰਨਾਲਾ ਦੇ ਪਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੇ ਸਾਡੇ ਅੰਦੋਲਨ ਨੂੰ ਬਹੁਤ ਪ੍ਰਮੁੱਖਤਾ ਨਾਲ ਕਵਰ ਕੀਤਾ। ਸਾਡੇ ਅੰਦੋਲਨ ਦੀ ਜਿੱਤ ਵਿੱਚ ਮੀਡੀਆ ਦਾ ਬਹੁਤ ਅਹਿਮ ਯੋਗਦਾਨ ਹੈ। ਅੱਜ ਦੇ ਗੋਦੀ ਮੀਡੀਆ ਦੇ ਦੌਰ ਵਿੱਚ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਬਹੁਤ ਨਿਰਪੱਖਤਾ ਤੇ ਪ੍ਰਮੁੱਖਤਾ ਨਾਲ ਕਵਰ ਕੀਤਾ ਗਿਆ। ਇਨ੍ਹਾਂ ਪਤਰਕਾਰਾਂ ਦੇ ਸਹਿਯੋਗ ਕਾਰਨ ਹੀ ਸਾਡੇ ਅੰਦੋਲਨ ਦੀ ਗੂੰਜ ਦੁਨੀਆ ਭਰ ਵਿੱਚ ਸੁਣਾਈ ਦਿੱਤੀ।’ਅਸੀਂ ਪੱਤਰਕਾਰ ਭਾਈਚਾਰੇ ਨੂੰ ਇਹ ਸਨਮਾਨ ਦੇ ਕੇ ਸੱਚੀ ਤੇ ਨਿਰਪੱਖ ਪੱਤਰਕਾਰੀ ਦਾ ਸਨਮਾਨ ਕਰ ਰਹੇ ਹਾਂ । ਅਤੇ ਸਾਰੇ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਅੱਜ ਬੁਲਾਰਿਆਂ ਨੇ ਯੂਰੀਆ ਖਾਦ ਦੀ ਕਿੱਲਤ ਦਾ ਮੁੱਦਾ ਫਿਰ ਉਠਾਇਆ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਯੂਰੀਆ ਖਾਦ ਲਈ ਦਰ ਦਰ ਭਟਕਣਾ ਪੈ ਰਿਹਾ ਹੈ। ਪਿੰਡਾਂ ਦੀਆਂ ਕੋ- ਆਪਰੇਟਿਵ ਸੁਸਾਇਟੀਆਂ ‘ਚ ਯੂਰੀਆ ਖਾਦ ਬਿਲਕੁਲ ਨਹੀਂ ਪਹੁੰਚ ਰਹੀ। ਅਸੀਂ ਸਰਕਾਰ ਤੋਂ ਖਾਦ ਦੀ ਸਪਲਾਈ ਤੁਰੰਤ ਦਰੁਸਤ ਕਰਨ ਦੀ ਮੰਗ ਕਰਦੇ ਹਾਂ।
ਅੱਜ ਧਰਨੇ ‘ਚ ਮਾਨਸਾ ‘ਚ ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ਵਿਰੁੱਧ ਨਿਖੇਧੀ ਮਤਾ ਪਾ ਉਸ ਨੂੰ ਕੇ ਬਰਖਾਸਤ ਕਰਨ ਦੀ ਮੰਗ ਕੀਤੀ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਗੁਰਮੇਲ ਸ਼ਰਮਾ, ਮੇਲਾ ਸਿੰਘ ਕੱਟੂ, ਕੁਲਵੰਤ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਅਮਰਜੀਤ ਕੌਰ, ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ।
ਭਲਕੇ 15 ਦਸੰਬਰ ਬੁੱਧਵਾਰ ਨੂੰ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। ਇੱਕ ਅਕਤੂਬਰ 2020 ਨੂੰ ਸ਼ੁਰੂ ਹੋਏ ਇਸ ਧਰਨੇ ਨੂੰ ਕੱਲ੍ਹ 441 ਦਿਨ ਪੂਰੇ ਹੋ ਜਾਣਗੇ। ਇਸ ਮੌਕੇ ਲਈ ਵੱਡਾ ਇਕੱਠ ਕਰਨ ਅਤੇ ਵਿਸ਼ੇਸ਼ ਪਕਵਾਨਾਂ ਦਾ ਇੰਤਜਾਮ ਕੀਤਾ ਗਿਆ ਹੈ। ਢੋਲੀਆਂ ਦਾ ਵੀ ਇੰਤਜ਼ਾਮ ਹੈ। ਧਰਨੇ ਦਾ ਆਖਰੀ ਪ੍ਰੋਗਰਾਮ ਬਰਨਾਲਾ ਸ਼ਹਿਰ ਵਿੱਚੋ ਦੀ ਧੰਨਵਾਦੀ ਜੋਸ਼ੀਲਾ ਫਤਹਿ ਮਾਰਚ ਕੀਤਾ ਜਾਵੇਗਾ। ਇਹ ਮਾਰਚ ਡੀਸੀ ਕੰਪਲੈਕਸ ਵਿੱਚ ਜਾਕੇ ਸਮਾਪਤ ਹੋਵੇਗਾ।ਸੰਚਾਲਕਾਂ ਨੇ ਸਭ ਨੂੰ ਇਸ ਮਾਰਚ ਨੂੰ ਯਾਦਗਾਰੀ ਬਣਾਉਣ ਲਈ ਸਭ ਨੂੰ ਹੁੰਮ ਹੁੰਮਾ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ।