ਹਰਿੰਦਰ ਨਿੱਕਾ ,ਬਰਨਾਲਾ , 24 ਨਵੰਬਰ 2021
ਪੰਜਾਬੀ ਨੌਜਵਾਨ ਮੁੰਡੇ / ਕੁੜੀਆਂ ‘ਚ ਵਿਦੇਸ਼ ਜਾਣ ਦੀ ਵੱਧ ਰਹੀ ਹੋੜ ਦਾ ਫਾਇਦਾ ਉਠਾ ਕੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਵਾਲਿਆਂ ਦਾ ਸਿਲਸਿਲਾ ਵੀ ਵੱਧਦਾ ਹੀ ਜਾ ਰਿਹਾ ਹੈ। ਤਾਜ਼ਾ ਮਾਮਲਾ, ਕੈਨੇਡਾ ਭੇਜਣ ਦੇ ਨਾਂ ਤੇ 13 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਕਾਇਤ ਦੇ ਅਧਾਰ ਤੇ ਲੁਧਿਆਣਾ ਦੇ ਕਿਚਲੂ ਨਗਰ ਦੀ ਰਹਿਣ ਵਾਲੀ ਟ੍ਰੈਵਲ ਏਜੰਟ ਐਮ.ਈ. ਆਨੰਦ ਦੇ ਵਿਰੁੱਧ ਧੋਖਾਧੜੀ ਦੀ ਐਫ.ਆਈ.ਆਰ. ਦਰਜ਼ ਕਰਦਿਆਂ, ਨਾਮਜ਼ਦ ਦੋਸ਼ਣ ਦੀ ਗਿਰਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫਤਿਹਗੜ ਛੰਨਾ, ਜਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਸ ਨੇ ਸਾਲ 2018 ਵਿੱਚ ਆਪਣੇ ਪਰਿਵਾਰ ਸਮੇਤ ਕੈਨੇਡਾ ਦਾ ਵੀਜਾ ਲਗਵਾਉਣ ਲਈ ਆਪਣੇ ਲੁਧਿਆਣਾ ਸ਼ਹਿਰ ਦੇ ਹੀ ਰਹਿਣ ਵਾਲੇ ਆਪਣੀ ਮਾਸੀ ਦੇ ਲੜਕੇ ਅਮਨਦੀਪ ਸਿੰਘ ਕੈਨੇਡਾ ਰਾਹੀਂ ਐਮ.ਈ. ਆਨੰਦ ਨਾਲ ਸੰਪਰਕ ਕੀਤਾ। ਐਮ.ਈ ਆਨੰਦ ਨੇ ਦੱਸਿਆ ਕਿ ਉਸ ਦਾ ਭਰਾ ਸੌਰਭ ਸੂਦ ਉਰਫ ਰੂਦਰ ਵੀ ਕੈਨੇਡਾ ਵਿਖੇ ਸੈਟ ਹੈ। ਇੱਥੋਂ ਅਸੀਂ ਤੁਹਾਡੀ ਫਾਈਲ ਤਿਆਰ ਕਰਵਾ ਦਿਆਂਗੀ, ਕੈਨੇਡਾ ਵਾਲਾ ਸਾਰਾ ਕੰਮ ਸੌਰਭ ਸੂਦ ਕਰਵਾ ਦੇਵੇਗਾ। ਇਸ ਮੌਕੇ ਐਮ.ਈ. ਆਨੰਦ ਨੇ ਆਪਣੇ ਭਰਾ ਸੌਰਭ ਸੂਦ ਨਾਲ ਫੋਨ ਤੇ ਗੱਲ ਵੀ ਕਰਵਾਈ। ਉਸ ਨੇ ਵੀ ਭਰੋਸਾ ਦਿੱਤਾ ਕਿ ਉਹ ਕੈਨੇਡਾ ਦਾ ਵੀਜਾ ਲਗਵਾ ਕੇ ਕੰਮ ਤੇ ਵੀ ਸੈਟ ਕਰਵਾ ਦੇਣਗੇ। ਇਸ ਤਰਾਂ ਅਸੀਂ, ਐਮ.ਈ. ਆਨੰਦ ਅਤੇ ਉਸ ਦੇ ਭਰਾ ਸੌਰਭ ਸੂਦ ਦੀਆਂ ਗੱਲਾਂ ਤੇ ਵਿਸ਼ਵਾਸ਼ ਕਰ ਲਿਆ। ਐਮ.ਈ. ਆਨੰਦ ਨੇ ਪੂਰੀ ਫੈਮਲੀ ਦਾ ਕੈਨੇਡਾ ਦਾ ਵੀਜਾ ਲੁਆਉਣ ਲਈ ਵੱਖ ਵੱਖ ਸਮਿਆਂ ਤੇ ਬੈਂਕ ਖਾਤਿਆਂ ਅਤੇ ਨਕਦ ਰਾਸ਼ੀ ਜਰਿਏ ਕੁੱਲ 17 ਲੱਖ 40 ਹਜ਼ਾਰ ਰੁਪਏ ਲੈ ਲਏ। ਪਰੰਤੂ ਕੈਨੇਡਾ ਦਾ ਵੀਜਾ ਲਗਵਾਉਣ ਲਈ ਟਾਲਮਟੋਲ ਸ਼ੁਰੂ ਕਰ ਦਿੱਤੀ। ਐਮ.ਈ. ਆਨੰਦ ਨੇ ਮੈਨੂੰ 3,70,000 ਰੁਪਏ ਵਾਪਿਸ ਵੀ ਕਰ ਦਿੱਤੇ। ਪਰੰਤੂ ਹਾਲੇ ਤੱਕ ਉਸ ਨੇ ਨਾ ਮੈਨੂੰ ਤੇ ਨਾ ਹੀ ਮੇਰੇ ਪਰਿਵਾਰ ਨੂੰ ਵੀਜਾ ਲਗਵਾ ਕੇ ਵਿਦੇਸ਼ ਭੇਜਿਆ ਅਤੇ ਨਾ ਹੀ ਵਿਦੇਸ਼ ਭੇਜ਼ਣ ਲਈ, ਦਿੱਤੇ ਬਾਕੀ 13 ਲੱਖ 70 ਹਜ਼ਾਰ ਰੁਪਏ ਵਾਰ ਵਾਰ ਮੰਗਣ ਦੇ ਬਾਵਜੂਦ ਵਾਪਿਸ ਕੀਤੇ। ਇਸ ਤਰਾਂ ਉਕਤ ਦੋਸ਼ਣ ਨੇ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਕੋਲ ਐਮ.ਈ ਆਨੰਦ ਨਾਲ ਹੋਈ ਗੱਲਬਾਤ ਦੀ ਆਡੀਉ ਰਿਕਾਰਡਿੰਗ ਅਤੇ ਵੀਡੀਉ ਰਿਕਾਰਡਿੰਗ ਤੇ ਬੈਂਕ ਐਂਟਰੀਆਂ ਦੀ ਸਟੇਟਮੈਂਟ ਵੀ ਹੈ। ਜਿਹੜੀ, ਦੁਰਖਾਸਤ ਨਾਲ ਹੀ ਪੁਲਿਸ ਨੂੰ ਸੌਂਪ ਦਿੱਤੀ।
ਥਾਣਾ ਧਨੌਲਾ ਦੇ ਐਸਐਚਉ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਸ਼ਕਾਇਤ ਦੀ ਜ਼ਾਚ ਉਪਰੰਤ ਐਮੀ ਆਨੰਦ ਪੁੱਤਰੀ ਸੁਭਾਸ਼ ਚੰਦਰ ਵਾਸੀ ਨੇੜੇ ਰਾਧਾ ਸੁਆਮੀ ਡੇਰਾ, ਕਿਚਲੂ ਨਗਰ, ਹੰਭੜਾ ਰੋਡ ਲੁਧਿਆਣਾ ਦੇ ਖਿਲਾਫ ਅਧੀਨ ਜੁਰਮ 420 ਆਈਪੀਸੀ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਏ.ਐਸ.ਆਈ. ਕਰਮਜੀਤ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਨਾਮਜਦ ਦੋਸ਼ਣ ਨੂੰ ਗਿਰਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।